ਗੋਨਿਆਣਾ(ਗੋਰਾ ਲਾਲ)-ਸਥਾਨਕ ਸ਼ਹਿਰ ਦੇ ਮਹਿੰਦਰ ਚੌਕ ਤੋਂ ਕਾਲਜ ਰੋਡ ਨੂੰ ਜਾਂਦੇ ਟਰੱਕ ਦੀ ਕਾਰ ਨੂੰ ਸਾਈਡ ਲੱਗਣ ਕਾਰਨ ਗੁੱਸੇ 'ਚ ਆਏ ਕਾਰ ਚਾਲਕ ਨੇ ਟਰੱਕ ਡਰਾਈਵਰ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਨਰੰਜਣ ਸਿੰਘ (55) ਪੁੱਤਰ ਅਮਰ ਸਿੰਘ ਵਾਸੀ ਹਰਰਾਏਪੁਰ, ਜੋ ਗੋਨਿਆਣਾ ਮੰਡੀ ਵਿਖੇ ਟਰੱਕ ਯੂਨੀਅਨ ਵਿਚ ਪਾਏ ਹੋਏ ਟਰੱਕ ਨੰ ਪੀ ਬੀ 30 ਐੱਲ 9580 ਵਿਚ ਧੀਰਜ ਗਰਗ ਤੇਜ਼ਾਬ ਫੈਕਟਰੀ ਵਾਲੇ ਦੇ ਡਰਾਈਵਰ ਲੱਗਾ ਹੋਇਆ ਸੀ, ਬੀਤੇ ਦਿਨ ਟਰੱਕ 'ਚ ਕਿੱਲੀ ਨਿਹਾਲ ਸਿੰਘ ਵਾਲਾ ਤੋਂ ਝੋਨਾ ਭਰ ਕੇ ਦੀਵਾਲੀ ਦਾ ਤਿਉਹਾਰ ਹੋਣ ਕਾਰਨ ਸਵੇਰ ਦੇ ਕਰੀਬ 11 ਵਜੇ ਪਿੰਡ ਨੇਹੀਆਂ ਵਾਲਾ ਰਸਤਿਓਂ ਕਾਲਜ ਰੋਡ ਵਲੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਸਾਹਮਣਿਓਂ ਆ ਰਹੀ ਸਵਿਫਟ ਕਾਰ ਨੰ ਪੀ ਬੀ 03 ਏ ਐੱਫ 4837 ਜਿਸ ਨੂੰ ਜਸਵੀਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਬੁਲਾਡੇ ਵਾਲਾ ਚਲਾ ਰਿਹਾ ਸੀ, ਦੀ ਟਰੱਕ ਨਾਲ ਸਾਈਡ ਲੱਗ ਗਈ ਤੇ ਕਾਰ ਦਾ ਬੰਪਰ ਟੁੱਟ ਗਿਆ, ਜਿਸ ਕਾਰਨ ਕਾਰ ਚਾਲਕ ਅਤੇ ਕਾਰ 'ਚ ਸਵਾਰ ਉਸ ਦਾ ਸਾਥੀ ਗੁੱਸੇ 'ਚ ਆ ਗਏ ਤੇ ਟਰੱਕ ਚਾਲਕ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਟਰੱਕ ਚਾਲਕ ਵਲੋਂ ਆਪਣੇ ਮਾਲਕ ਦੇ ਆਉਣ ਦਾ ਇੰਤਜ਼ਾਰ ਕਰਨ ਦਾ ਕਹਿਣ ਦੇ ਬਾਵਜੂਦ ਵੀ ਕਾਰ ਚਾਲਕ ਉਸ ਦਾ ਗਲਾ ਫੜ ਕੇ ਉਸ ਦੀ ਕੁੱਟਮਾਰ ਕਰਦਾ ਰਿਹਾ ਅਤੇ ਅੰਤ ਟਰੱਕ ਡਰਾਈਵਰ ਦੇ ਡੂੰਘੀ ਸੱਟ ਵੱਜਣ ਕਾਰਨ ਉਹ ਉਥੇ ਹੀ ਡਿੱਗ ਪਿਆ।
ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਨੇਹੀਆਂ ਵਾਲਾ ਅਧੀਨ ਪੈਂਦੀ ਚੌਕੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਤੇ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਲਿਆ, ਜਦੋਂਕਿ ਕਾਰ ਚਾਲਕ ਦਾ ਦੂਸਰਾ ਸਾਥੀ ਮੌਕਾ ਦੇਖ ਕੇ ਉਥੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਟੀਮ ਵਲੋਂ ਟਰੱਕ ਡਰਾਈਵਰ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਟਰੱਕ ਡਰਾਈਵਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤੇ ਪੋਸਟਮਾਰਟਮ ਲਈ ਬਠਿੰਡਾ ਭੇਜ ਦਿੱਤਾ ਗਿਆ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਟਰੱਕ ਡਰਾਈਵਰ ਨਰੰਜਣ ਸਿੰਘ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਸਥਾਨਕ ਪੁਲਸ ਨੇ ਮ੍ਰਿਤਕ ਦੇ ਪੁੱਤਰ ਦੀਦਾਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੀਵਾਲੀ ਵਾਲੀ ਰਾਤ ਅੱਗ ਲੱਗਣ ਦੀਆਂ ਵਾਪਰੀਆਂ 7 ਘਟਨਾਵਾਂ
NEXT STORY