ਲੁਧਿਆਣਾ(ਮਹੇਸ਼)-ਨਗਰ 'ਚ ਹੋਈ ਸਨਸਨੀਖੇਜ਼ ਘਟਨਾ 'ਚ 3 ਬੱਚਿਆਂ ਦੀ ਮਾਂ ਨੇ ਆਸ਼ਕ ਨਾਲ ਮਿਲ ਕੇ ਆਪਣੇ 32 ਸਾਲਾ ਪਤੀ ਦਾ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਨੂੰ ਬੋਰੀ ਵਿਚ ਪਾ ਕੇ ਆਪਣੇ ਕਮਰੇ 'ਚ ਲੁਕੋ ਕੇ ਉਸ ਨੂੰ ਟਿਕਾਣੇ ਲਾਉਣ ਦੇ ਸਹੀ ਸਮੇਂ ਦਾ ਇੰਤਜ਼ਾਰ ਕਰਨ ਲੱਗੀ ਪਰ ਇਸੇ ਦੌਰਾਨ ਮ੍ਰਿਤਕ ਦਾ ਭਰਾ ਉਸ ਨੂੰ ਮਿਲਣ ਲਈ ਘਰ ਪੁੱਜ ਗਿਆ, ਜਿਸ ਤੋਂ ਬਾਅਦ ਉਸ ਦੀ ਭਾਬੀ ਦੀ ਕਾਲੀ ਕਰਤੂਤ ਜੱਗ ਜ਼ਾਹਿਰ ਹੋ ਗਈ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਕਤਲ ਵਿਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ। ਫੜੇ ਗਏ ਦੋਸ਼ੀਆਂ ਦੀ ਪਛਾਣ 30 ਸਾਲਾ ਬਿਜਲੀ ਦੇਵੀ ਅਤੇ 32 ਸਾਲਾ ਅਖਿਲੇਸ਼ ਕੁਮਾਰ ਵਜੋਂ ਹੋਈ ਹੈ। ਇਨ੍ਹਾਂ ਖਿਲਾਫ ਮ੍ਰਿਤਕ ਸੁਰੇਸ਼ ਮੰਡਲ ਦੇ ਭਰਾ ਦਯਾਨੰਦ ਮੰਡਲ ਦੀ ਸ਼ਿਕਾਇਤ 'ਤੇ ਸਲੇਮ ਟਾਬਰੀ ਥਾਣੇ ਵਿਚ ਕਤਲ ਅਤੇ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦਾ ਪਰਚਾ ਦਰਜ ਕੀਤਾ ਗਿਆ ਹੈ। ਦੋਵੇਂ ਦੋਸ਼ੀਆਂ ਨੇ ਪੁਲਸ ਦੇ ਸਾਹਮਣੇ ਆਪਣਾ ਜੁਰਮ ਕਬੂਲ ਕਰਦੇ ਹੋਏ ਖੁਲਾਸਾ ਕੀਤਾ ਕਿ ਸੁਰੇਸ਼ ਉਨ੍ਹਾਂ ਦੋਵਾਂ ਦੇ ਨਾਜਾਇਜ਼ ਸਬੰਧਾਂ ਵਿਚ ਰੋੜਾ ਬਣਿਆ ਹੋਇਆ ਸੀ। ਘਟਨਾ ਸ਼ਨੀਵਾਰ ਸਵੇਰੇ ਸੇਖੇਵਾਲ ਇਲਾਕੇ ਦੀ ਹੈ।
ਬੋਰੀ 'ਚ ਬੰਦ ਪਤੀ ਦੀ ਲਾਸ਼ ਕੋਲ ਬੈਠੀ ਆਰਾਮ ਨਾਲ ਕੱਟ ਰਹੀ ਸੀ ਸਬਜ਼ੀ
ਸ਼ਨੀਵਾਰ ਸਵੇਰੇ 7 ਵਜੇ ਸੁਰੇਸ਼ ਦਾ ਭਰਾ ਦੇਵਾਨੰਦ ਉਸ ਨੂੰ ਮਿਲਣ ਲਈ ਉਸ ਦੇ ਘਰ ਆਇਆ ਤਾਂ ਉਸ ਦੀ ਭਾਬੀ ਬਿਜਲੀ ਦੇਵੀ ਆਰਾਮ ਨਾਲ ਬੈਠੀ ਸਬਜ਼ੀ ਕੱਟ ਰਹੀ ਸੀ। ਉਸ ਸਮੇਂ ਉਸ ਦੀ ਨਜ਼ਰ ਮੰਜੇ ਹੇਠਾਂ ਰੱਖੀ ਬੋਰੀ 'ਤੇ ਪਈ, ਜਿਸ ਦੇ ਆਲੇ-ਦੁਆਲੇ ਖੂਨ ਦੇ ਛਿੱਟੇ ਵੀ ਸਨ। ਪੁੱਛਣ 'ਤੇ ਬਿਜਲੀ ਨੇ ਉਸ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ, ਜਿਸ 'ਤੇ ਉਸ ਨੂੰ ਸ਼ੱਕ ਹੋ ਗਿਆ। ਜਦੋਂ ਉਸ ਨੇ ਬੋਰੀ ਖੋਲ੍ਹ ਕੇ ਦੇਖੀ ਤਾਂ ਉਸ ਦੇ ਹੋਸ਼ ਉੱਡ ਗਏ। ਬੋਰੀ ਵਿਚ ਖੂਨ ਨਾਲ ਲੱਥਪੱਥ ਉਸ ਦੇ ਭਰਾ ਦੀ ਲਾਸ਼ ਪਈ ਹੋਈ ਸੀ, ਜਿਸ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਗਿਆ ਸੀ। ਉਸ ਨੇ ਰੌਲਾ ਪਾ ਕੇ ਆਲੇ-ਦੁਆਲੇ ਦੇ ਲੋਕਾਂ ਨੂੰ ਇਕੱਠਾ ਕੀਤਾ। ਸੂਚਨਾ ਮਿਲਣ 'ਤੇ ਇਲਾਕਾ ਏ. ਡੀ. ਸੀ. ਪੀ-1 ਰਤਨ ਸਿੰਘ ਬਰਾੜ, ਏ. ਸੀ. ਪੀ. ਸਚਿਨ ਗੁਪਤਾ, ਏ. ਸੀ. ਪੀ. ਕ੍ਰਾਈਮ ਮਨਿੰਦਰ ਬੇਦੀ, ਥਾਣਾ ਮੁਖੀ ਇੰਸ. ਅਮਨਦੀਪ ਸਿੰਘ ਬਰਾੜ ਪੁਲਸ ਪਾਰਟੀ ਸਮੇਤ ਫੌਰਨ ਘਟਨਾ ਵਾਲੀ ਥਾਂ 'ਤੇ ਪੁੱਜੇ ਜਿਨ੍ਹਾਂ ਨੇ ਤੁਰੰਤ ਹਰਕਤ 'ਚ ਆਉਂਦੇ ਹੋਏ ਬਿਜਲੀ ਦੇਵੀ ਅਤੇ ਉਸ ਦੇ ਆਸ਼ਕ ਅਖਿਲੇਸ਼ ਨੂੰ ਕਾਬੂ ਕਰ ਲਿਆ।
ਮਾਂ ਦੇ ਸਬੰਧਾਂ ਦੀ ਭਿਣਕ ਬੇਟੀ ਨੂੰ ਵੀ ਲੱਗ ਚੁੱਕੀ ਸੀ
ਰਤਨ ਬਰਾੜ ਨੇ ਦੱਸਿਆ ਕਿ ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਜੋ ਕਹਾਣੀ ਸਾਹਮਣੇ ਆਈ ਹੈ, ਉਸ ਵਿਚ ਬਿਜਲੀ ਦੇਵੀ ਦੇ ਪਿਛਲੇ ਇਕ ਸਾਲ ਤੋਂ ਅਖਿਲੇਸ਼ ਨਾਲ ਨਾਜਾਇਜ਼ ਸਬੰਧ ਸਨ। ਅਖਿਲੇਸ਼ ਉਸ ਦੇ ਗੁਆਂਢ ਦੇ ਕਮਰੇ ਵਿਚ ਇਕੱਲਾ ਰਹਿੰਦਾ ਹੈ, ਜਦੋਂਕਿ ਉਸ ਦੇ 2 ਬੱਚੇ ਅਤੇ ਪਤਨੀ ਪਿੰਡ ਵਿਚ ਹਨ। ਉਹ ਬਿਹਾਰ ਦੇ ਜਹਾਨਾਬਾਦ ਦਾ ਰਹਿਣ ਵਾਲਾ ਹੈ। ਇਨ੍ਹਾਂ ਦੇ ਨਾਜਾਇਜ਼ ਸਬੰਧਾਂ ਦੀ ਭਿਣਕ ਸੁਰੇਸ਼ ਦੇ ਨਾਲ-ਨਾਲ ਉਸ ਦੀ ਵੱਡੀ ਬੇਟੀ ਨੂੰ ਲੱਗ ਚੁੱਕੀ ਸੀ।
ਅਮਨਦੀਪ ਬਰਾੜ ਨੇ ਦੱਸਿਆ ਕਿ ਗਰਮੀਆਂ ਵਿਚ ਜਦੋਂ ਸੁਰੇਸ਼ ਪਤਨੀ ਤੇ ਬੱਚਿਆਂ ਨੂੰ ਕਮਰੇ ਵਿਚ ਛੱਡ ਕੇ ਛੱਤ 'ਤੇ ਸੌਣ ਲਈ ਚਲਾ ਜਾਂਦਾ ਸੀ ਤਾਂ ਬਿਜਲੀ ਦੇਵੀ ਅਖਿਲੇਸ਼ ਨੂੰ ਆਪਣੇ ਕਮਰੇ ਵਿਚ ਬੁਲਾ ਲੈਂਦੀ ਸੀ। ਇਹ ਸਿਲਸਲਾ ਕਾਫੀ ਸਮੇਂ ਤੱਕ ਇਸੇ ਤਰ੍ਹਾਂ ਚਲਦਾ ਰਿਹਾ, ਜਿਸ ਕਾਰਨ ਸੁਰੇਸ਼ ਦੀ ਵੱਡੀ ਹੋ ਰਹੀ ਬੇਟੀ ਨੂੰ ਆਪਣੀ ਮਾਂ ਦੀਆਂ ਕਰਤੂਤਾਂ ਸਮਝ ਆਉਣੀਆਂ ਸ਼ੁਰੂ ਹੋ ਗਈਆਂ ਸਨ। ਹੌਲੀ-ਹੌਲੀ ਇਹ ਗੱਲ ਆਲੇ-ਦੁਆਲੇ ਵਿਚ ਫੈਲ ਗਈ ਅਤੇ ਸੁਰੇਸ਼ ਦੇ ਕੰਨਾਂ ਤੱਕ ਵੀ ਪੁੱਜ ਗਈ। ਕਈ ਵਾਰ ਸ਼ਰਾਬ ਦੇ ਨਸ਼ੇ ਵਿਚ ਉਸ ਨੇ ਬਿਜਲੀ ਨਾਲ ਕੁੱਟਮਾਰ ਵੀ ਕੀਤੀ ਕਿ ਉਹ ਅਖਿਲੇਸ਼ ਨੂੰ ਨਾ ਮਿਲੇ, ਇਸ ਲਈ ਉਸ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਉਸ 'ਤੇ ਲਾ ਦਿੱਤੀਆਂ। ਇਸ ਗੱਲ ਨੂੰ ਲੈ ਕੇ ਬਿਜਲੀ ਸਹਿਮ ਗਈ।
ਯੋਜਨਾ ਮੁਤਾਬਕ ਗੰਦੇ ਨਾਲੇ ਵਿਚ ਸੁੱਟਣੀ ਸੀ ਲਾਸ਼
ਬਰਾੜ ਨੇ ਦੱਸਿਆ ਕਿ ਬਿਜਲੀ ਨੇ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਅਖਿਲੇਸ਼ ਨਾਲ ਮਿਲ ਕੇ ਯੋਜਨਾ ਤਿਆਰ ਕੀਤੀ। ਯੋਜਨਾ ਮੁਤਾਬਕ ਹਥਿਆਰ ਦਾ ਇੰਤਜ਼ਾਮ ਅਖਿਲੇਸ਼ ਕਰੇਗਾ, ਜਦੋਂਕਿ ਉਹ ਬਹਾਨੇ ਨਾਲ ਸੁਰੇਸ਼ ਨੂੰ ਛੱਤ 'ਤੇ ਲੈ ਕੇ ਆਵੇਗੀ, ਜਿਥੇ ਦੋਵੇਂ ਮਿਲ ਕੇ ਉਸ ਨੂੰ ਰਸਤੇ ਤੋਂ ਹਟਾ ਦੇਣਗੇ। ਇਸ ਤੋਂ ਬਾਅਦ ਲਾਸ਼ ਨੂੰ ਬੋਰੀ ਵਿਚ ਪਾ ਕੇ ਗੰਦੇ ਨਾਲੇ ਵਿਚ ਸੁੱਟ ਦੇਣਗੇ। ਕੁਝ ਹੀ ਦਿਨਾਂ ਵਿਚ ਨਾਲੇ ਦੇ ਤੇਜ਼ਾਬੀ ਪਾਣੀ ਕਾਰਨ ਲਾਸ਼ ਗਲ-ਸੜ ਜਾਵੇਗੀ ਅਤੇ ਕਿਸੇ ਦੀ ਪਛਾਣ ਵਿਚ ਨਹੀਂ ਆਵੇਗੀ।
ਇਸ ਯੋਜਨਾ ਨੂੰ ਅਮਲ ਵਿਚ ਲਿਆਉਂਦੇ ਹੋਏ ਸ਼ਨੀਵਾਰ ਸਵੇਰ 3.30 ਵਜੇ ਪਿਸ਼ਾਬ ਜਾਣ ਦੇ ਬਹਾਨੇ ਬਿਜਲੀ ਸੁਰੇਸ਼ ਨੂੰ ਲੈ ਕੇ ਆਪਣੇ ਨਾਲ ਛੱਤ 'ਤੇ ਲੈ ਗਈ, ਜਿਥੇ ਪਹਿਲਾਂ ਹੀ ਘਾਤ ਲਾ ਕੇ ਬੈਠੇ ਅਖਿਲੇਸ਼ ਨੇ ਕੱਪੜਾ ਕੱਟਣ ਵਾਲੇ ਮਸ਼ੀਨੀ ਬਲੇਡ ਨਾਲ ਪਿੱਛੋਂ ਹਮਲਾ ਕਰ ਕੇ ਸੁਰੇਸ਼ ਦਾ ਗਲਾ ਕੱਟ ਦਿੱਤਾ। ਨਸਾਂ ਕੱਟੀਆਂ ਜਾਣ ਕਾਰਨ ਸੁਰੇਸ਼ ਚੀਕ ਵੀ ਨਹੀਂ ਸਕਿਆ। ਸੁਰੇਸ਼ ਦਾ ਕੰਮ ਖਤਮ ਕਰਨ ਤੋਂ ਬਾਅਦ ਇਨ੍ਹਾਂ ਨੇ ਉਸ ਦੀ ਲਾਸ਼ ਨੂੰ ਇਕ ਬੋਰੀ ਵਿਚ ਪਾ ਦਿੱਤਾ।
ਹੱਥ ਕੱਟ ਜਾਣ ਕਾਰਨ ਯੋਜਨਾ ਨੂੰ ਪੂਰੀ ਤਰ੍ਹਾਂ ਨਹੀਂ ਦੇ ਸਕੇ ਅੰਜਾਮ
ਇੰਸਪੈਕਟਰ ਨੇ ਦੱਸਿਆ ਕਿ ਇਨ੍ਹਾਂ ਦੀ ਯੋਜਨਾ ਵਿਚ ਉਸ ਸਮੇਂ ਰੁਕਾਵਟ ਪੈਦਾ ਹੋ ਗਈ, ਜਦੋਂ ਸੁਰੇਸ਼ ਨੂੰ ਮੌਤ ਦੇ ਘਾਟ ਉਤਾਰਦੇ ਸਮੇਂ ਬਲੇਡ ਦਾ ਵਾਰ ਲੱਗਣ ਕਾਰਨ ਅਖਿਲੇਸ਼ ਦਾ ਆਪਣਾ ਇਕ ਹੱਥ ਬੁਰੀ ਤਰ੍ਹਾਂ ਵੱਢਿਆ ਗਿਆ, ਜਿਸ ਤੋਂ ਬਾਅਦ ਇਹ ਲਾਸ਼ ਨੂੰ ਟਿਕਾਣੇ ਲਾਉਣ ਲਈ ਹੋਰ ਸਹੀ ਮੌਕੇ ਦੀ ਉਡੀਕ ਕਰਨ ਲੱਗੇ ਪਰ ਇਸ ਤੋਂ ਪਹਿਲਾਂ ਹੀ ਦਬੋਚੇ ਗਏ।
ਜੇਕਰ ਪੰਜਾਬ 'ਚ ਹੋਏ ਹਾਈ-ਪ੍ਰੋਫਾਈਲ ਕਤਲ ਅੱਤਵਾਦੀ ਸਾਜ਼ਿਸ਼, ਫਿਰ ਜਾਂਚ ਦਾ ਪੈਮਾਨਾ ਵੱਖਰਾ ਕਿਉਂ?
NEXT STORY