ਸੰਗਤ ਮੰਡੀ(ਮਨਜੀਤ)-ਪਿੰਡ ਜੈ ਸਿੰਘ ਵਾਲਾ ਵਿਖੇ ਇਕਲੌਤੇ ਪੁੱਤਰ ਵੱਲੋਂ ਆਪਣੇ ਇਕ ਦੋਸਤ ਨਾਲ ਮਿਲ ਕੇ ਲਗਭਗ 2 ਮਹੀਨੇ ਪਹਿਲਾਂ ਦਾਲ ’ਚ ਦਵਾਈ ਪਾ ਕੇ ਬੇਹੋਸ਼ ਕਰ ਕੇ ਵਿਹਡ਼ੇ ’ਚ ਪਏ ਪਿਉ ਦਾ ਗੰਡਾਸੇ ਨਾਲ ਗਲਾ ਵੱਢ ਕੇ ਕਤਲ ਕਰਨ ਅਤੇ ਲਾਸ਼ ਨੂੰ ਪੇਟੀ ’ਚ ਪਾ ਦੇਣ ਦਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੰਗਤ ਦੇ ਮੁਖੀ ਗੁਰਬਖਸ਼ੀਸ਼ ਸਿੰਘ ਨੇ ਥਾਣੇ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਜਾਣਕਾਰੀ ਦਿੱਤੀ ਕਿ ਸੁਖਦੇਵ ਸਿੰਘ ਪਿਛਲੀ 28 ਮਈ ਤੋਂ ਆਪਣੇ ਘਰੋਂ ਗੁੰਮ ਸੀ। ਸੁਖਦੇਵ ਸਿੰਘ ਦੇ ਭਰਾ ਬਲਦੇਵ ਸਿੰਘ ਅਤੇ ਭੈਣ ਮਨਜੀਤ ਕੌਰ ਵੱਲੋਂ ਉਸ ਦੀ ਕਾਫੀ ਭਾਲ ਕੀਤੀ ਗਈ ਪਰ ਸੁਖਦੇਵ ਸਿੰਘ ਦਾ ਕੋਈ ਪਤਾ ਨਹੀਂ ਲੱਗਿਆ। ਅਾਖਰ ਸੁਖਦੇਵ ਸਿੰਘ ਦੇ ਪੁੱਤਰ ਕਰਨਦੀਪ ਸਿੰਘ ਉਰਫ ਬੰਟੀ ਵੱਲੋਂ ਇਕ ਮਹੀਨੇ ਬਾਅਦ ਥਾਣਾ ਸੰਗਤ ’ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਕਤਲ ਦਾ ਉਸ ਸਮੇਂ ਖੁਲਾਸਾ ਹੋਇਆ, ਜਦ ਮ੍ਰਿਤਕ ਦੀ ਭੈਣ ਮਨਜੀਤ ਕੌਰ ਆਪਣੇ ਪੇਕੇ ਪਿੰਡ ਆਈ। ਉਨ੍ਹਾਂ ਕਿਹਾ ਕਿ ਜਦ ਉਹ ਘਰ ਦੀ ਸਫਾਈ ਕਰਨ ਲੱਗੀ ਤਾਂ ਪੇਟੀ ’ਚੋਂ ਬਦਬੂ ਆ ਰਹੀ ਸੀ। ਉਸ ਨੂੰ ਸ਼ੱਕ ਹੋਇਆ ਤਾਂ ਮਨਜੀਤ ਕੌਰ ਨੇ ਆਪਣੇ ਭਤੀਜੇ ਵਿਰੁੱਧ ਥਾਣਾ ਸੰਗਤ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ’ਤੇ ਕਾਰਵਾਈ ਕਰਦਿਆਂ ਪੁਲਸ ਵੱਲੋਂ ਮ੍ਰਿਤਕ ਸੁਖਦੇਵ ਸਿੰਘ ਦੇ ਪੁੱਤਰ ਅਤੇ ਉਸ ਦੇ ਇਕ ਦੋਸਤ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਜੁਰਮ ਕਬੂਲ ਕਰ ਲਿਆ।

ਪ੍ਰੈੱਸ ਕਾਨਫਰੰਸ ’ਚ ਦੱਸਿਅਾ ਗਿਅਾ ਹੈ ਕਿ ਮ੍ਰਿਤਕ ਸੁਖਦੇਵ ਸਿੰਘ ਅਾਪਣੇ ਲੜਕੇ ਕਰਨਦੀਪ ਸਿੰਘ ਨੂੰ ਰਾਤ ਦੇਰ ਨਾਲ ਘਰ ਅਾਉਣ ਲਈ ਝਿੜਕਦਾ ਰਹਿੰਦਾ ਸੀ ਅਤੇ ਕਈ ਵਾਰ ਉਸ ਦੀ ਕੁੱਟ-ਮਾਰ ਵੀ ਕਰਦਾ ਸੀ। ਇਸ ਗੱਲ ਤੋਂ ਖਫਾ ਹੋ ਕੇ ਬੇਟੇ ਨੇ ਅਾਪਣੇ ਦੋਸਤ ਨਾਲ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਵੱਲੋਂ ਮਨਜੀਤ ਕੌਰ ਦੇ ਬਿਆਨਾਂ ’ਤੇ ਆਪਣੇ ਭਤੀਜੇ ਕਰਨਦੀਪ ਸਿੰਘ ਉਰਫ ਬੰਟੀ ਵਾਸੀ ਜੈ ਸਿੰਘ ਵਾਲਾ ਅਤੇ ਉਸ ਦੇ ਦੋਸਤ ਗੁਰਨਾਮ ਸਿੰਘ ਵਾਸੀ ਬਠਿੰਡਾ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ।
ਬਦਬੂ ਆਉਣ ’ਤੇ ਲਾਸ਼ ਬੋਰੀ ’ਚ ਪਾ ਕੇ ਸਰਹਿੰਦ ਨਹਿਰ ’ਚ ਸੁੱਟੀ
ਮੁਲਜ਼ਮਾਂ ਵੱਲੋਂ ਸੁਖਦੇਵ ਸਿੰਘ ਦਾ ਕਤਲ ਕਰ ਕੇ ਲਾਸ਼ ਨੂੰ ਪੇਟੀ ’ਚ ਰੱਖ ਦਿੱਤਾ ਗਿਅਾ ਸੀ। 2 ਦਿਨਾ ਬਾਅਦ ਲਾਸ਼ ’ਚੋਂ ਬਦਬੂ ਅਾਉਣ ਲੱਗ ਗਈ, ਜਿਸ ਕਾਰਨ ਉਕਤ ਦੋਵਾਂ ਵੱਲੋਂ ਲਾਸ਼ ਨੂੰ ਠਿਕਾਣੇ ਲਾਉਣ ਲਈਂ ਬੋਰੀ ’ਚ ਪਾ ਕੇ ਮੋਟਰਸਾਈਕਲ ’ਤੇ ਲੱਦ ਕੇ ਬੀਡ਼ ਬਹਿਮਣ ਨੇੜੇ ਸਰਹਿੰਦ ਨਹਿਰ ’ਚ ਸੁੱਟ ਦਿੱਤਾ ਗਿਅਾ।
ਘਰ ’ਚ ਰਹਿੰਦੇ ਸਨ ਦੋਵੇਂ ਪਿਓ-ਪੁੱਤ
ਸੁਖਦੇਵ ਸਿੰਘ ਦਾ ਕਈ ਸਾਲ ਪਹਿਲਾਂ ਆਪਣੀ ਪਤਨੀ ਨਾਲ ਤਲਾਕ ਹੋ ਜਾਣ ’ਤੇ ਉਹ ਆਪਣੇ ਇਕਲੌਤੇ ਪੁੱਤਰ ਨਾਲ ਇਕੱਲਾ ਹੀ ਘਰ ’ਚ ਰਹਿੰਦਾ ਸੀ। ਸੁਖਦੇਵ ਸਿੰਘ ਵੱਲੋਂ ਆਪਣੇ ਪੁੱਤਰ ਨੂੰ ਮਜ਼ਦੂਰੀ ਕਰ ਕੇ 12 ਕਲਾਸਾਂ ਤੱਕ ਪਡ਼੍ਹਾਈ ਕਰਵਾਉਣ ਤੋਂ ਬਾਅਦ ਹੁਣ ਬੀ. ਏ. ਪਹਿਲੇ ਸਾਲ ’ਚ ਘੁੱਦਾ ਯੂਨੀਵਰਸਿਟੀ ਕਾਲਜ ’ਚ ਦਾਖਲਾ ਦਿਵਾਇਆ ਸੀ। ਸੁਖਦੇਵ ਸਿੰਘ ਵੱਲੋਂ ਆਪਣੇ ਲਡ਼ਕੇ ਨੂੰ ਬਹੁਤ ਅੌਖਾ ਹੋ ਕੇ ਪਡ਼੍ਹਾਇਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹੁਣ ਘਰ ਨੂੰ ਜਿੰਦਰਾ ਲੱਗ ਗਿਆ ਹੈ।
ਸ਼ਟਰ ਤੋੜ ਕੇ ਚੋਰਾਂ ਵੱਲੋਂ 70 ਹਜ਼ਾਰ ਦੀ ਚੋਰੀ
NEXT STORY