ਜਗਰਾਓਂ(ਜਸਬੀਰ ਸ਼ੇਤਰਾ, ਭੱਟੀ)–ਇਥੇ ਜਗਰਾਓਂ-ਰਾਏਕੋਟ ਰੋਡ 'ਤੇ ਪੈਂਦੇ ਵੱਡੇ ਪਿੰਡ ਕਮਾਲਪੁਰਾ ਦੇ ਐਨ ਨਾਲ ਲੱਗਦੇ ਪਿੰਡ ਚੀਮਾ 'ਚ ਅੱਜ 56 ਸਾਲਾ ਅਵਤਾਰ ਸਿੰਘ ਪੁੱਤਰ ਚਮਕੌਰ ਸਿੰਘ ਦਾ ਇਕ ਹਜ਼ਾਰ ਰੁਪਏ ਦੇ ਲੈਣ-ਦੇਣ ਪਿੱਛੇ ਹੋਈ ਤਕਰਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ । ਅਵਤਾਰ ਸਿੰਘ ਕੁਝ ਸਮਾਂ ਪਹਿਲਾਂ ਇਟਲੀ ਤੋਂ ਪਰਤਿਆ ਸੀ ਤੇ ਹੁਣ ਪਿੰਡ 'ਚ ਹੀ ਰਹਿੰਦਾ ਸੀ । ਕਤਲ ਦੀ ਸੂਚਨਾ ਮਿਲਣ 'ਤੇ ਜਗਰਾਓਂ ਤੋਂ ਐੱਸ. ਪੀ. (ਡੀ) ਰੁਪਿੰਦਰ ਭਾਰਦਵਾਜ ਜਾਂਚ ਲਈ ਪਹੁੰਚੇ । ਉਨ੍ਹਾਂ ਤੋਂ ਪਹਿਲਾਂ ਥਾਣਾ ਹਠੂਰ ਤੋਂ ਇੰਚਾਰਜ ਜਸਪਾਲ ਸਿੰਘ ਸਮੇਤ ਪੁਲਸ ਪਾਰਟੀ ਪਹੁੰਚ ਗਏ ਸਨ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਤਲ ਸਬੰਧੀ ਇਕ ਔਰਤ ਸਮੇਤ 5 ਜਣਿਆਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ਤੇ ਕਤਲ ਲਈ ਵਰਤੀ ਕਿਰਪਾਨ ਵੀ ਬਰਾਮਦ ਕਰ ਲਈ ਹੈ। ਕਤਲ ਦੀ ਸਾਰੀ ਘਟਨਾ ਅਵਤਾਰ ਸਿੰਘ ਦੇ ਘਰ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਆ ਗਈ ਹੈ, ਜੋ ਕੁਝ ਹੀ ਸਮੇਂ ਅੰਦਰ ਵਾਇਰਲ ਹੋ ਗਈ । ਥਾਣਾ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਪਿਛਲੇ 13-14 ਸਾਲਾਂ ਤੋਂ ਵਿਦੇਸ਼ 'ਚ ਰਹਿੰਦਾ ਸੀ ਤੇ ਕਦੇ ਆ ਤੇ ਕਦੇ ਚਲਾ ਜਾਂਦਾ ਸੀ। ਵੀਰਵਾਰ ਸਵੇਰੇ ਕਰੀਬ 9 ਵਜੇ ਉਹ ਜਗਰਾਓਂ ਤੋਂ ਦਵਾਈ ਲੈ ਕੇ ਪਿੰਡ ਆਇਆ ਤਾਂ ਉਸ ਨੂੰ ਔਰਤ ਸੁਖਵਿੰਦਰ ਕੌਰ ਪਤਨੀ ਅਮਰ ਸਿੰਘ ਮਿਲੀ, ਜਿਸ ਨੂੰ ਦੋ ਸਾਲ ਪਹਿਲਾਂ ਇਕ ਹਜ਼ਾਰ ਰੁਪਏ ਉਧਾਰ ਦਿੱਤੇ ਸਨ । ਅਵਤਾਰ ਸਿੰਘ ਨੇ ਔਰਤ ਪਾਸੋਂ ਇਹ ਰੁਪਏ ਮੰਗੇ ਤਾਂ ਔਰਤ ਨੇ ਕਿਹਾ ਕਿ ਉਸ ਨੇ ਕੋਈ ਰੁਪਿਆ ਨਹੀਂ ਦੇਣਾ, ਜਿਸ ਤੋਂ ਦੋਹਾਂ 'ਚ ਤਕਰਾਰ ਹੋ ਗਈ। ਬਾਅਦ 'ਚ ਅਵਤਾਰ ਸਿੰਘ ਆਪਣੇ ਘਰ ਆ ਗਿਆ। ਉਧਰ ਔਰਤ ਨੇ ਇਸ ਸਬੰਧੀ ਸੂਚਨਾ ਆਪਣੇ ਘਰ ਜਾ ਕੇ ਦਿਉਰ ਕਰਮਜੀਤ ਸਿੰਘ ਉਰਫ ਕਰਮਾ, ਤਿੰਨ ਪੁੱਤਾਂ ਅੰਮ੍ਰਿਤਧਾਰੀ ਅੰਮ੍ਰਿਤਪਾਲ ਸਿੰਘ, ਜਸਵੀਰ ਸਿੰਘ ਤੇ ਲਖਵੀਰ ਸਿੰਘ ਨੂੰ ਦਿੱਤੀ । ਇਹ ਪੰਜੇ ਇਕੱਠੇ ਹੋ ਕੇ ਅਵਤਾਰ ਸਿੰਘ ਦੇ ਘਰ ਪਹੁੰਚ ਗਏ ਤੇ ਘਰ ਦਾ ਗੇਟ ਖੜ੍ਹਕਾਇਆ । ਗੇਟ ਅਵਤਾਰ ਸਿੰਘ ਨੇ ਹੀ ਖੋਲ੍ਹਿਆ। ਇਥੇ ਦੋਹਾਂ ਧਿਰਾਂ 'ਚ ਮੁੜ ਤਕਰਾਰਬਾਜ਼ੀ ਹੋਈ । ਔਰਤ ਸੁਖਵਿੰਦਰ ਕੌਰ ਨੇ ਅਵਤਾਰ ਸਿੰਘ ਨੂੰ ਗੁਰਦੁਆਰੇ ਜਾ ਕੇ ਰੁਪਏ ਲੈਣ ਬਾਰੇ ਸਹੁੰ ਖਾਣ ਨੂੰ ਕਿਹਾ, ਜਿਸ 'ਤੇ ਅਵਤਾਰ ਸਿੰਘ ਗੁਰਦੁਆਰੇ ਜਾਣ ਲਈ ਆਪਣੀ ਸਕੂਟਰੀ 'ਤੇ ਬਾਹਰ ਨਿਕਲਣ ਲੱਗਾ ਤਾਂ ਮੁਲਜ਼ਮਾਂ ਨੇ ਉਸ 'ਤੇ ਹਮਲਾ ਕਰ ਦਿੱਤਾ । ਥਾਣਾ ਮੁਖੀ ਨੇ ਦੱਸਿਆ ਕਿ ਔਰਤ ਦੇ ਲੜਕੇ ਅੰਮ੍ਰਿਤਪਾਲ ਸਿੰਘ ਨੇ ਆਪਣੀ ਸ੍ਰੀ ਸਾਹਿਬ ਨਾਲ ਅਵਤਾਰ ਸਿੰਘ ਦੀ ਗਰਦਨ ਤੇ ਸਰੀਰ ਦੇ ਹੋਰਨਾਂ ਹਿੱਸਿਆਂ 'ਤੇ ਕਈ ਵਾਰ ਕੀਤੇ, ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਅਵਤਾਰ ਸਿੰਘ ਦੀ ਪਤਨੀ ਜਸਪਾਲ ਕੌਰ ਦੇ ਬਿਆਨਾਂ 'ਤੇ ਮੁਲਜ਼ਮ ਸੁਖਵਿੰਦਰ ਕੌਰ, ਕਰਮਜੀਤ ਸਿੰਘ ਕਰਮਾ, ਅੰਮ੍ਰਿਤਪਾਲ ਸਿੰਘ, ਜਸਵੀਰ ਸਿੰਘ ਤੇ ਲਖਵੀਰ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।
ਮਾਂ-ਬਾਪ ਨੂੰ ਮਾਰਨ ਦੀ ਧਮਕੀ ਦੇ ਕੇ ਨਾਬਾਲਗ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ
NEXT STORY