ਅੰਮ੍ਰਿਤਸਰ(ਸੰਜੀਵ,ਸੁਮਿਤ ਖੰਨਾ)- 3 ਲੱਖ ਦੀ ਫਿਰੌਤੀ ਨਾ ਮਿਲਣ ’ਤੇ ਅਗਵਾਕਰਤਾ ਮੰਨਣ ਨੇ 12 ਸਾਲ ਦੇ ਮਾਸੂਮ ਰੰਜਨ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਸੁਲਤਾਨਵਿੰਡ ਨਹਿਰ ਵਿਚ ਸੁੱਟ ਦਿੱਤਾ। ਬੇਸ਼ੱਕ ਵਾਰਦਾਤ ਦੇ ਠੀਕ 24 ਘੰਟਿਆਂ ਬਾਅਦ ਪੁਲਸ ਨੇ ਅਗਵਾਕਰਤਾ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਡੀ. ਸੀ. ਪੀ. ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ ਵਿਚ ਚੱਲ ਰਹੇ ਇਸ ਆਪ੍ਰੇਸ਼ਨ ਵਿਚ ਰੰਜਨ ਦੇ ਘਰ ਵਾਲਿਆਂ ਨੂੰ ਫਿਰੌਤੀ ਦੀ ਕਾਲ ਆਉਣ ਦੇ ਬਾਅਦ ਪੁਲਸ ਅਗਵਾਕਰਤਾ ਨੂੰ ਟਰੇਸ ਕਰ ਚੁੱਕੀ ਸੀ ਜਦ ਕਿ ਪੈਸਾ ਮੰਗਵਾਉਣ ਤੋਂ ਪਹਿਲਾਂ ਹੀ ਅਗਵਾਕਰਤਾ ਮੰਨਣ ਮਾਸੂਮ ਦਾ ਕਤਲ ਕਰ ਚੁੱਕਾ ਸੀ। ਦੇਰ ਰਾਤ ਤਕ ਗੋਤਾਖੋਰ ਅਤੇ ਪੁਲਸ ਬੱਚੇ ਦੀ ਲਾਸ਼ ਨੂੰ ਲੱਭਣ ਲਈ ਸੁਲਤਾਨਵਿੰਡ ਨਹਿਰ ਵਿਚ ਮੌਜੂਦ ਸਨ। ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਲਾਸ਼ ਦਾ ਪਤਾ ਨਹੀਂ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ‘ਆਪ’ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਨਿਲ ਦੱਤ ਫੱਲੀ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਅਲਵਿਦਾ
ਦੱਸ ਦੇਈਏ ਕਿ ਅਗਵਾਕਰਤਾ ਮੰਨਣ ਰੰਜਨ ਦੇ ਵੱਡੇ ਭਰਾ ਦੀਪਕ ਦਾ ਦੋਸਤ ਹੈ, ਜੋ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਕੱਲ ਸਵੇਰੇ 12.45 ਵਜੇ ਉਸ ਨੇ 12 ਸਾਲਾ ਰੰਜਨ ਨੂੰ ਅਗਵਾ ਕਰ ਲਿਆ ਅਤੇ ਉਸ ਦੇ ਬਾਅਦ ਉਸ ਨੇ ਰੰਜਨ ਦੇ ਪਿਤਾ ਗੋਰਖ ਨਾਥ ਕੋਲੋਂ ਉਸ ਦੀ ਜਾਨ ਦਾ ਹਵਾਲਾ ਦੇ ਕੇ ਤਿੰਨ ਲੱਖ ਦੀ ਫਿਰੌਤੀ ਮੰਗੀ। ਫਿਰੌਤੀ ਦਾ ਫੋਨ ਆਉਣ ਦੇ ਬਾਅਦ ਗੋਰਖਨਾਥ ਪੁਲਸ ਕੋਲ ਪਹੁੰਚਿਆ ਅਤੇ ਉਸ ਨੇ ਆਪਣੇ ਬੱਚੇ ਦੇ ਲਾਪਤਾ ਹੋਣ ਅਤੇ ਪੈਸੇ ਮੰਗਣ ਬਾਰੇ ਦੱਸਿਆ, ਜਿਸ ਦੇ ਬਾਅਦ ਪੁਲਸ ਤੁਰੰਤ ਇਸ ਮਾਮਲੇ ਨੂੰ ਟਰੇਸ ਕਰਨ ਵਿਚ ਜੁੱਟ ਗਈ ਅਤੇ ਅੱਜ ਦੁਪਹਿਰ ਢਾਈ ਵਜੇ ਅਗਵਾਕਰਤਾ ਮੰਨਣ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਅਗਵਾ ਦੇ ਬਾਅਦ ਜਦੋਂ ਉਸ ਦੇ ਪਿਤਾ ਨੂੰ ਫੋਨ ਕੀਤਾ ਸੀ ਤਦ ਉਹ ਰੰਜਨ ਦੀ ਹੱਤਿਆ ਕਰ ਚੁੱਕਾ ਸੀ । ਕੱਲ ਦੇਰ ਸ਼ਾਮ 7.25 ਵਜੇ ਉਸ ਨੇ ਰੰਜਨ ਦੀ ਲਾਸ਼ ਨੂੰ ਇਕ ਬੋਰੀ ਵਿਚ ਪਾ ਕੇ ਅਤੇ ਰਿਕਸ਼ੇ ’ਤੇ ਸੁਲਤਾਨਵਿੰਡ ਨਹਿਰ ਕੋਲ ਲੈ ਗਿਆ ਸੀ, ਜਿੱਥੇ ਉਸ ਨੇ ਬੋਰੀ ਨਹਿਰ ਵਿਚ ਸੁੱਟ ਦਿੱਤੀ। ਪੁਲਸ ਅਜੇ ਤੱਕ ਲਾਸ਼ ਨੂੰ ਲੱਭਣ ਵਿਚ ਲੱਗੀ ਹੋਈ ਹੈ।
‘ਆਪ’ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਨਿਲ ਦੱਤ ਫੱਲੀ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਅਲਵਿਦਾ
NEXT STORY