ਅੰਮ੍ਰਿਤਸਰ, (ਸੰਜੀਵ)— ਸ਼ਹਿਰ ਦੇ ਨਿਊ ਕੋਟਮਿੱਤ ਸਿੰਘ ਸਥਿਤ ਪੀਰਾਂ ਵਾਲੇ ਬਾਜ਼ਾਰ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵਲੋਂ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਨਿਊ ਕੋਟਮਿੱਤ ਸਿੰਘ ਸਥਿਤ ਪੀਰਾਂ ਵਾਲੇ ਬਾਜ਼ਾਰ ਦੇ ਰਹਿਣ ਵਾਲੇ ਗਤਕਾ ਖਿਡਾਰੀ ਹਰਬੰਸ ਸਿੰਘ (22) ਦੀ ਅਣਪਛਾਤੇ ਵਿਅਕਤੀਆਂ ਨੇ ਦੋ ਧਾਰੀ ਤਲਵਾਰ ਨਾਲ ਬੜੀ ਬੇਰਹਿਮੀ ਨਾਲ ਵੱਢ ਕੇ ਹੱਤਿਆ ਕਰ ਦਿੱਤੀ। ਹਰਬੰਸ ਸਿੰਘ ਆਪਣੇ ਜੀਜਾ ਜਗਤਾਰ ਸਿੰਘ ਦੇ ਘਰ ਆਪਣੇ 2 ਦੋਸਤਾਂ ਨਾਲ ਰਹਿ ਰਿਹਾ ਸੀ, ਜੋ ਵਾਰਦਾਤ ਦੇ ਬਾਅਦ ਤੋਂ ਹੀ ਗਾਇਬ ਹਨ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਏ. ਡੀ. ਸੀ. ਪੀ.-1 ਹਰਜੀਤ ਸਿੰਘ ਧਾਲੀਵਾਲ, ਏ. ਸੀ. ਪੀ. ਸੁਸ਼ੀਲ ਕੁਮਾਰ ਤੇ ਚੌਕੀ ਕੋਟਮਿੱਤ ਸਿੰਘ ਦੇ ਇੰਚਾਰਜ ਏ. ਐੱਸ. ਆਈ. ਜੋਗਿੰਦਰ ਸਿੰਘ ਪਰਮਾਰ ਪੁਲਸ ਬਲ ਨਾਲ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਘਟਨਾ ਸਥਾਨ ਨੂੰ ਦੇਖ ਕੇ ਇਹ ਸਾਫ਼ ਹੋ ਰਿਹਾ ਸੀ ਕਿ ਨੌਜਵਾਨ ਦੀ ਮੌਤ ਤੋਂ ਪਹਿਲਾਂ ਬੰਦ ਕਮਰੇ 'ਚ ਹਤਿਆਰਿਆਂ ਨੇ ਮੌਤ ਦਾ ਤਾਂਡਵ ਕੀਤਾ। ਹਰਬੰਸ ਸਿੰਘ ਨੂੰ ਇੰਨੀ ਬੇਰਹਿਮੀ ਨਾਲ ਮਾਰਿਆ ਗਿਆ ਕਿ ਉਸ ਦਾ ਦਿਮਾਗ ਕੱਢ ਕੇ ਦੂਜੇ ਬਿਸਤਰੇ 'ਤੇ ਸੁੱਟਿਆ ਗਿਆ ਸੀ। ਚਿਹਰੇ 'ਤੇ ਇੰਨੇ ਵਾਰ ਸਨ ਕਿ ਉਹ ਪਛਾਣ ਦੇ ਯੋਗ ਵੀ ਨਹੀਂ ਛੱਡਿਆ ਸੀ। ਕਮਰਾ ਪੂਰੀ ਤਰ੍ਹਾਂ ਖੂਨ ਨਾਲ ਲਿੱਬੜ ਗਿਆ ਸੀ।
ਜਾਣਕਾਰੀ ਅਨੁਸਾਰ ਮ੍ਰਿਤਕ ਦਾ ਜੀਜਾ ਜਗਤਾਰ ਸਿੰਘ ਕਥਾਵਾਚਕ ਹੈ। ਉਸ ਦੇ ਪਿਤਾ ਗੁਰਦੇਵ ਸਿੰਘ ਗੁਰਦੁਆਰਾ ਸ਼ਹੀਦਾਂ ਸਾਹਿਬ 'ਚ ਡਿਊਟੀ ਕਰਦੇ ਹਨ। ਹਰਬੰਸ ਸਿੰਘ ਆਪਣੇ 2 ਦੋਸਤਾਂ ਨਾਲ ਘਰ ਵਾਲਿਆਂ ਨੂੰ ਇਹ ਕਹਿ ਕੇ ਆਪਣੇ ਜੀਜਾ ਦੇ ਘਰ ਰਹਿ ਰਿਹਾ ਸੀ ਕਿ ਉਹ ਸਪੇਅਰ ਪਾਰਟ ਦਾ ਕਾਰੋਬਾਰ ਸ਼ੁਰੂ ਕਰ ਰਿਹਾ ਹੈ। ਜਗਤਾਰ ਸਿੰਘ ਰੋਜ ਸ਼ਾਮ ਨੂੰ ਘਰੋਂ ਹੋ ਕੇ ਜਾਂਦਾ ਸੀ। ਉਹ ਪਿਛਲੀ ਰਾਤ ਵੀ ਹਰਬੰਸ ਸਿੰਘ ਨੂੰ ਮਿਲ ਕੇ ਗਿਆ ਸੀ, ਜਦੋਂ ਵੀਰਵਾਰ ਬਾਅਦ ਦੁਪਹਿਰ ਤੋਂ ਹਰਬੰਸ ਸਿੰਘ ਫੋਨ ਨਹੀਂ ਚੁੱਕ ਰਿਹਾ ਸੀ ਤਾਂ ਦੇਰ ਰਾਤ ਜਗਤਾਰ ਸਿੰਘ ਆਪਣੇ ਸਹੁਰੇ ਗੁਰਦੇਵ ਸਿੰਘ ਨੂੰ ਨਾਲ ਲੈ ਕੇ ਘਰ ਗਿਆ, ਜਿਸ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ। ਜਦੋਂ ਜਗਤਾਰ ਸਿੰਘ ਨੇ ਆਪਣੀ ਚਾਬੀ ਨਾਲ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਿਲ ਦਹਿਲਾਉਣ ਵਾਲਾ ਮੰਜ਼ਰ ਸੀ। ਹਰਬੰਸ ਸਿੰਘ ਨੂੰ ਬੁਰੀ ਤਰ੍ਹਾਂ ਬਿਸਤਰੇ 'ਤੇ ਵੱਢਿਆ ਗਿਆ ਸੀ। ਕਮਰੇ ਦੀਆਂ ਕੰਧਾਂ ਅਤੇ ਫਰਸ਼ 'ਤੇ ਖੂਨ ਦੇ ਧੱਬੇ ਪਏ ਸਨ। ਮ੍ਰਿਤਕ ਦੇ ਕੰਨਾਂ 'ਤੇ ਮੋਬਾਇਲ ਦੇ ਹੈੱਡ ਫੋਨ ਲੱਗੇ ਹੋਏ ਸਨ, ਜਿਵੇਂ ਉਸ ਨੂੰ ਹਮਲੇ ਦੌਰਾਨ ਉਠਣ ਦਾ ਵੀ ਮੌਕਾ ਨਹੀਂ ਮਿਲਿਆ। ਉਸ ਦਾ ਬਿਸਤਰੇ 'ਤੇ ਸੌਂਦੇ ਸਮੇਂ ਹੀ ਕਤਲ ਕਰ ਦਿੱਤਾ ਗਿਆ ਹੋਵੇ। ਪੁਲਸ ਹਰਬੰਸ ਸਿੰਘ ਦੇ ਉਨ੍ਹਾਂ 2 ਸਾਥੀਆਂ ਦੀ ਤਲਾਸ਼ ਕਰ ਰਹੀ ਹੈ, ਜੋ ਉਸ ਨਾਲ ਰਹਿ ਰਹੇ ਸਨ।
ਫੋਰੈਂਸਿਕ ਟੀਮ ਨੇ ਇਕੱਠੇ ਕੀਤੇ ਸੁਰਾਗ
ਹੱਤਿਆ ਦੀ ਇਸ ਵਾਰਦਾਤ ਤੋਂ ਬਾਅਦ ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚੀ, ਜਿਸ ਨੇ ਹੱਤਿਆ ਲਈ ਇਸਤੇਮਾਲ ਕੀਤਾ ਗਿਆ ਦੋ ਧਾਰੀ ਖੰਡਾ (ਤਲਵਾਰ) ਬਰਾਮਦ ਕੀਤਾ। ਮੌਕੇ ਤੋਂ ਕੁਝ ਅਜਿਹੇ ਸੁਰਾਗ ਵੀ ਇਕੱਠੇ ਕੀਤੇ, ਜਿਨ੍ਹਾਂ ਤੋਂ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇ।
ਅਣਪਛਾਤੇ ਵਿਅਕਤੀਆਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜਿਆ ਗਿਆ ਹੈ, ਛੇਤੀ ਹੀ ਹੱਤਿਆ ਦੇ ਇਸ ਮਾਮਲੇ ਨੂੰ ਸੁਲਝਾ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
—ਹਰਜੀਤ ਸਿੰਘ ਧਾਲੀਵਾਲ, ਏ. ਡੀ. ਸੀ. ਪੀ.
ਘਰ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਫਿਲਹਾਲ ਮੁਲਜ਼ਮ ਪੁਲਸ ਦੀ ਪਕੜ ਤੋਂ ਦੂਰ ਹਨ। ਪੁਲਸ ਦੇ ਹੱਥ ਕੁਝ ਅਜਿਹੇ ਸੁਰਾਗ ਲੱਗ ਚੁੱਕੇ ਹਨ, ਜਿਨ੍ਹਾਂ ਤੋਂ ਬਹੁਤ ਛੇਤੀ ਇਸ ਮਾਮਲੇ ਨੂੰ ਸੁਲਝਾ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
—ਜੋਗਿੰਦਰ ਸਿੰਘ ਪਰਮਾਰ, ਚੌਕੀ ਕੋਟਮਿੱਤ ਸਿੰਘ ਇੰਚਾਰਜ
ਭਾਈ ਢੱਡਰੀਆਂ ਵਾਲਿਆਂ ਨੂੰ ਪੰਥ ’ਚੋੋਂ ਛੇਕਣ ਲਈ ਹੋ ਰਹੀ ਹੈ ਗਰਾਊਂਡ ਤਿਆਰ!
NEXT STORY