ਸਮਾਣਾ (ਦਰਦ,ਸ਼ਸ਼ੀਪਾਲ)—ਨੇੜਲੇ ਪਿੰਡ ਘਿਓਰਾ ਵਿਖੇ ਅਣਖ ਖਾਤਰ ਕੁੜੀ ਦਾ ਕਤਲ ਕਰਕੇ ਦੇਰ ਰਾਤ ਅੰਤਿਮ ਸਸਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਪਿੰਡ ਦੇ ਹੀ ਇਕ ਮੁੰਡੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਦਾ ਕੁੜੀ ਦੇ ਪਰਿਵਾਰ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ। ਥਾਣਾ ਸਦਰ ਪੁਲਸ ਨੇ ਪ੍ਰੇਮੀ ਦੀ ਸ਼ਿਕਾਇਤ 'ਤੇ ਕੁੜੀ ਦੇ ਪਿਓ ਤੇ ਭਰਾ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ ਘਿਓਰਾ ਵਾਸੀ ਗੁਰਜੰਟ ਸਿੰਘ ਅਤੇ ਇਸੇ ਪਿੰਡ ਦੀ ਰਹਿਣ ਵਾਲੀ ਕੁੜੀ ਜੋਤੀ ਕੌਰ ਨਾਲ ਕਾਫੀ ਲੰਮੇ ਸਮੇਂ ਤੋਂ ਦੋਸਤੀ ਸੀ।ਕਰੀਬ ਦੋ ਮਹੀਨੇ ਪਹਿਲਾਂ ਗੁਰਜੰਟ ਤੇ ਜੋਤੀ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕਰਦਿਆਂ ਖਰੜ ਦੇ ਇਕ ਗੁਰਦੁਆਰਾ ਸਾਹਿਬ 'ਚ ਪਰਿਵਾਰ ਦੀ ਮਰਜ਼ੀ ਬਿਨਾਂ ਵਿਆਹ ਕਰਵਾ ਲਿਆ। ਕਰੀਬ 20 ਦਿਨ ਤਕ ਗੁਰਜੰਟ ਅਤੇ ਜੋਤੀ ਘਰੋਂ ਬਾਹਰ ਇਕੱਠੇ ਰਹਿੰਦੇ ਰਹੇ ਜਿਸ ਦਾ ਪਰਿਵਾਰ ਨੂੰ ਪਤਾ ਲੱਗਣ 'ਤੇ ਦੋਹਾਂ ਨੂੰ ਵਾਪਸ ਘਰ ਬੁਲਾਇਆ ਗਿਆ। ਬੀਤੇ ਮਹੀਨੇ ਦੋਵਾਂ ਪਰਿਵਾਰਾਂ ਦੇ ਮੋਹਤਬਰਾਂ ਦੀ ਹਾਜ਼ਰੀ 'ਚ ਗੁਰਜੰਟ ਅਤੇ ਜੋਤੀ ਦਾ ਤਲਾਕ ਵੀ ਕਰਵਾ ਦਿੱਤਾ ਗਿਆ।
ਸ਼ਿਕਾਇਤ ਕਰਤਾ ਗੁਰਜੰਟ ਸਿੰਘ ਅਨੁਸਾਰ 14 ਜੁਲਾਈ ਦੀ ਰਾਤ ਉਹ ਜੋਤੀ ਦੇ ਘਰ ਦੇ ਬਾਹਰ ਗਿਆ ਸੀ। ਘਰ ਅੰਦਰੋਂ ਜੋਤੀ ਦੀਆਂ ਚੀਕਾਂ ਸੁਣ ਕੇ ਉਸ ਨੇ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ। ਗੁਰਜੰਟ ਅਨੁਸਾਰ ਉਸ ਨੇ ਦਰਵਾਜ਼ੇ ਦੀਆਂ ਵਿਰਲਾਂ ਤੋਂ ਦੇਖਿਆ ਕਿ ਜੋਤੀ ਦੇ ਪਿਤਾ ਮਨਜੀਤ ਸਿੰਘ ਅਤੇ ਰਾਜਿੰਦਰ ਸਿੰਘ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਗਲ਼ਾ ਘੁੱਟ ਕੇ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਜੋਤੀ ਦੀ ਲਾਸ਼ ਦੇਰ-ਰਾਤ ਪਿੰਡ ਦੀਆਂ ਮੜ੍ਹੀਆਂ 'ਚ ਜਾ ਕੇ ਲੱਕੜਾਂ 'ਤੇ ਤੇਲ ਪਾ ਕੇ ਸਾੜ ਦਿੱਤੀ ਗਈ। ਗੁਰਜੰਟ ਸਿੰਘ ਨੇ ਇਸ ਬਾਰੇ ਸੋਮਵਾਰ ਨੂੰ ਪੁਲਸ ਨੂੰ ਸੂਚਨਾ ਦਿੱਤੀ ਜਿਸ ਦੇ ਆਧਾਰ 'ਤੇ ਪੁਲਸ ਨੇ ਮੜ੍ਹੀਆਂ 'ਚੋਂ ਜੋਤੀ ਦੇ ਫੁੱਲ ਅਤੇ ਰਾਖ ਇਕੱਠੀ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।ਥਾਣਾ ਸਦਰ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਰਜੰਟ ਸਿੰਘ ਦੀ ਸ਼ਿਕਾਇਤ 'ਤੇ ਲੜਕੀ ਦੇ ਪਿਤਾ ਮਨਜੀਤ ਸਿੰਘ ਅਤੇ ਭਰਾ ਰਾਜਿੰਦਰ ਸਿੰਘ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਕੁਸੂਮ ਅਗਰਵਾਲ ਖੁਦਕੁਸ਼ੀ ਕਾਂਡ : ਵਿਦਿਆਰਣ ਗ੍ਰਿਫਤਾਰ
NEXT STORY