ਜਲੰਧਰ, (ਅਮਿਤ)—ਡੀ. ਏ. ਸੀ. ਅੰਦਰ ਪੁਰਾਣੀ ਸਹੂਲਤ ਸੈਂਟਰ ਬਿਲਡਿੰਗ ਦੇ ਸਾਹਮਣੇ ਸਥਿਤ ਸਬ-ਰਜਿਸਟਰਾਰ ਦਾ ਨਜ਼ਾਰਾ ਪਿਛਲੇ ਕੁਝ ਦਿਨਾਂ ਵਿਚ ਬਦਲਿਆ-ਬਦਲਿਆ ਨਜ਼ਰ ਆ ਰਿਹਾ ਹੈ। ਡੀ. ਸੀ. ਦਫ਼ਤਰ ਕਰਮਚਾਰੀਆਂ ਦੀ 9 ਦਿਨ ਤੱਕ ਚੱਲੀ ਲੰਮੀ ਹੜਤਾਲ ਦੇ ਬਾਅਦ ਸੰਭਾਵਿਤ ਭੀੜ ਭਾੜ ਦੀ ਜਗ੍ਹਾ ਨਾਰਮਲ ਰੁਟੀਨ ਵਿਚ ਹੀ ਬਿਨੇਕਾਰ ਨਜ਼ਰ ਆ ਰਹੇ ਹਨ ਜੇਕਰ ਕਿਸੇ ਸਮੇਂ ਭੀੜ ਦਿਖਦੀ ਹੈ ਤਾਂ ਉਹ ਸਿਰਫ ਅਧਿਕਾਰੀਆਂ ਤੋਂ ਐੱਨ. ਓ. ਸੀ. ਨਾਲ ਸਬੰਧਿਤ ਜਾਣਕਾਰੀ ਲੈਣ ਵਾਲਿਆਂ ਦੀ ਹੁੰਦੀ ਹੈ
ਦਰਅਸਲ ਪਿਛਲੇ 2 ਦਿਨਾਂ ਤੋਂ ਸਬ ਰਜਿਸਟਰਾਰ ਦਫ਼ਤਰ ਵਿਚ ਬਿਨਾਂ ਐੱਨ. ਓ. ਸੀ. ਦੇ ਕੋਈ ਵੀ ਰਜਿਸਟਰੀ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਆਮ ਜਨਤਾ ਵਿਚ ਹਾਹਾਕਾਰ ਮਚੀ ਹੋਈ ਹੈ। ਜੇਕਰ ਕੋਈ ਵਿਅਕਤੀ ਸਬ ਰਜਿਸਟਾਰ ਦੇ ਕੋਲ ਗੁਹਾਰ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਇਹੋ ਕਿਹਾ ਜਾਂਦਾ ਹੈ ਕਿ ਉਹ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਨਾਲ ਬੇਬਸ ਹਨ ਕਿਉਂਕਿ ਸਰਕਾਰ ਦਾ ਹੁਕਮ ਬਿਲਕੁਲ ਸਪੱਸ਼ਟ ਹੈ ਕਿ ਕਿਸੇ ਵੀ ਗੈਰ-ਕਾਨੂੰਨੀ ਕਾਲੋਨੀ ਦੇ ਅੰਦਰ ਰਜਿਸਟਰੀ ਨਹੀਂ ਕੀਤੀ ਜਾ ਸਕਦੀ। ਵੀਰਵਾਰ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ, ਜਿਸ ਕਾਰਨ ਕੁਝ ਲੋਕਾਂ ਵਲੋਂ ਪੈਸਿਆਂ ਦਾ ਲਾਲਚ ਦੇ ਕੇ ਕਿਸੇ ਵੱਡੀ ਅਧਿਕਾਰੀ ਜਾਂ ਰਾਜਨੇਤਾ ਦੀ ਸਿਫਾਰਸ਼ ਕਰਵਾ ਕੇ ਕਈ ਵੀ ਜੁਗਾੜ ਲਾਏ, ਤਕਨੀਕ ਦਾ ਇਸਤੇਮਾਲ ਕਰਨ ਦੇ ਨਾਲ-ਨਾਲ ਦਬਾਅ ਵਾਲੀ ਰਣਨੀਤੀ ਬਣਾ ਕੇ ਵੀ ਰਜਿਸਟਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਬ-ਰਜਿਸਟਰਾਰ ਆਪਣੀ ਗੱਲ 'ਤੇ ਅਟਲ ਰਹੇ ਪਰ ਹਰ ਕਿਸੇ ਨੂੰ ਮਜਬੂਰੀ ਦੱਸ ਕੇ ਵਾਪਸ ਭੇਜ ਦਿੱਤਾ।
ਅਪੁਆਇੰਟਮੈਂਟ ਲੈ ਕੇ ਰਜਿਸਟਰੀ ਲਿਖ ਕੇ ਕੀਤੀ ਪੇਸ਼ ਪਰ ਹੱਥ ਆਈ ਸਿਰਫ ਨਿਰਾਸ਼ਾ
ਵੀਰਵਾਰ ਨੂੰ ਬਹੁਤ ਵੱਡੀ ਗਿਣਤੀ ਵਿਚ ਅਜਿਹੇ ਲੋਕ ਸਬ-ਰਜਿਸਟਰਾਰ ਦੇ ਕੋਲ ਆਪਣੀਆਂ ਬੇਨਤੀਆਂ ਕਰਦੇ ਹੋਏ ਵੇਖੇ ਗਏ। ਜਿਨ੍ਹਾਂ ਕੋਲ ਐੱਨ. ਓ. ਸੀ. ਨਹੀਂ ਸੀ ਪਰ ਉਨ੍ਹਾਂ ਨੇ ਬਾਕਾਇਦਾ ਤੌਰ 'ਤੇ ਅਪੁਆਇੰਟਮੈਂਟ ਲਈ ਹੋਈ ਸੀ ਅਤੇ ਹਰ ਦਸਤਾਵੇਜ਼ ਪੂਰੇ ਕਰ ਕੇ ਰਜਿਸਟਰੀ ਲਿਖਵਾ ਉਨ੍ਹਾਂ ਸਾਹਮਣੇ ਪੇਸ਼ ਵੀ ਕਰ ਦਿੱਤੀ ਸੀ ਪਰ ਸਬ-ਰਜਿਸਟਰਾਰ ਨੇ ਅਜਿਹੇ ਸਾਰੇ ਬਿਨੈਕਾਰਾਂ ਨੂੰ ਬਿਨਾਂ ਐੱਨ.ਓ. ਸੀ. ਰਜਿਸਟਰੀ ਕਰਨ ਤੋਂ ਸਾਫ ਤੌਰ 'ਤੇ ਮਨ੍ਹਾ ਕਰ ਦਿੱਤਾ।
1995 ਤੋਂ ਪੁਰਾਣੀ ਰਜਿਸਟਰੀ ਪੇਸ਼ ਕਰਨ 'ਤੇ ਵੀ ਨਹੀਂ ਹੋਈ ਰਜਿਸਟਰੇਸ਼ਨ
ਇਸ ਦੌਰਾਨ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਦਿਖਾਈ ਦਿੱਤੇ ਕਿ ਉਨ੍ਹਾਂ ਵਲੋਂ 1995 ਤੋਂ ਪੁਰਾਣੀ ਰਜਿਸਟਰੀ ਵੀ ਆਪਣੀਆਂ ਅਰਜ਼ੀਆਂ ਦੇ ਨਾਲ ਲਗਾਈ ਗਈ ਪਰ ਸਬ-ਰਜਿਸਟਰਾਰ ਨੇ ਇਹ ਕਹਿ ਕੇ ਰਜਿਸਟਰੇਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਕਤ ਜਗ੍ਹਾ ਕਿਸੇ ਗੈਰ-ਕਾਨੂੰਨੀ ਕਾਲੋਨੀ ਵਿਚ ਆਉਂਦੀ ਹੈ ਜਾਂ ਨਹੀਂ। ਇਸ ਲਈ ਉਹ ਬਿਨਾਂ ਐੱਨ. ਓ. ਸੀ. ਦੇ ਰਜਿਸਟਰੀ ਨਹੀਂ ਕਰ ਸਕਦੇ।
ਸਬੰਧਤ ਅਥਾਰਟੀ ਤੋਂ ਲਿਖਵਾ ਕੇ ਲਿਆਉਣ ਲਈ ਕਿਹਾ
ਜਿਨ੍ਹਾਂ ਲੋਕਾਂ ਦਾ ਕਹਿਣਾ ਸੀ ਜਿਨ੍ਹਾਂ ਦੀ ਕਾਲੋਨੀ ਪੁਰਾਣੀ ਹੈ, ਉਸਦੇ ਲਈ ਐੱਨ. ਓ. ਸੀ. ਦੀ ਜ਼ਰੂਰਤ ਨਹੀਂ ਹੈ। ਅਜਿਹੇ ਲੋਕਾਂ ਨੂੰ ਸਬ-ਰਜਿਸਟਰਾਰ ਨੇ ਇਹ ਕਿਹਾ ਕਿ ਤੁਸੀਂ ਲੋਕ ਆਪਣੀ ਸਬੰਧਤ ਅਥਾਰਟੀ (ਨਿਗਮ ਜਾਂ ਪੁੱਡਾ) ਤੋਂ ਲਿਖਵਾ ਕੇ ਆਉਣ ਕਿ ਉਨ੍ਹਾਂ ਦੀ ਕਾਲੋਨੀ ਵਿਚ ਐੱਨ. ਓ. ਸੀ. ਦੀ ਜ਼ਰੂਰਤ ਨਹੀਂ। ਉਹ ਫੌਰਨ ਰਜਿਸਟਰੀ ਕਰ ਦੇਣਗੇ।
ਨਕਸ਼ਾ ਪਾਸ ਹੋਣ ਦੇ ਬਾਵਜੂਦ ਨਹੀਂ ਕੀਤੀ ਜਾ ਰਹੀ ਰਜਿਸਟਰੀ, ਲੋਕਾਂ ਅੰਦਰ ਭਾਰੀ ਰੋਸ
ਕੁਝ ਬਿਨੈਕਾਰ ਅਜਿਹੇ ਵੀ ਹਨ, ਜਿਨ੍ਹਾਂ ਨੇ ਆਪਣੀ ਜਾਇਦਾਦ ਨਾਲ ਸਬੰਧਤ ਅਥਾਰਟੀਆਂ ਤੋਂ ਬਕਾਇਦਾ ਤੌਰ 'ਤੇ ਨਕਸ਼ਾ ਵੀ ਪਾਸ ਕਰ ਦਿੱਤਾ ਹੈ ਪਰ ਅਜਿਹੇ ਲੋਕਾਂ ਤੋਂ ਵੀ ਐੱਨ. ਓ. ਸੀ. ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਦੇ ਅੰਦਰ ਭਾਰੀ ਰੋਸ ਹੈ।
ਸਿਰਫ ਜਲੰਧਰ 'ਚ ਸਖ਼ਤੀ ਵਰਤਣ ਦੇ ਲੱਗੇ ਦੋਸ਼, ਸੂਬੇ 'ਚ ਹਰ ਜਗ੍ਹਾ ਹੋ ਰਿਹਾ ਹੈ ਨਾਰਮਲ ਕੰਮ
ਕੁਝ ਲੋਕਾਂ ਨੇ ਇਸ ਗੱਲ ਦੇ ਦੋਸ਼ ਵੀ ਲਗਾਏ ਹਨ ਕਿ ਸਿਰਫ ਜਲੰਧਰ ਵਿਚ ਹੀ ਕਿਉਂ ਸਖ਼ਤੀ ਵਰਤੀ ਜਾ ਰਹੀ ਹੈ। ਜੇਕਰ ਸਰਕਾਰ ਨੇ ਕੋਈ ਹੁਕਮ ਜਾਰੀ ਕੀਤਾ ਹੈ ਤਾਂ ਇਹ ਪੂਰੇ ਸੂਬੇ ਵਿਚ ਇਕ ਸਮਾਨ ਲਾਗੂ ਹੋਣਾ ਚਾਹੀਦਾ ਹੈ, ਨਾ ਕਿ ਕਿਸੇ ਅਧਿਕਾਰੀ ਵਲੋਂ ਆਪਣੀ ਸਹੂਲਤ ਦੇ ਅਨੁਸਾਰ ਨਿਯਮਾਂ ਵਿਚ ਫੇਰਬਦਲ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਦੇ ਅੰਦਰ ਪੂਰੇ ਸੂਬੇ ਵਿਚ ਨਾਰਮਲ ਕੰਮਕਾਜ ਹੋ ਰਿਹਾ ਹੈ।
ਸਿਰਫ ਦੋ ਦਿਨਾਂ 'ਚ 40 ਫੀਸਦੀ ਤੱਕ ਆਈ ਰਜਿਸਟਰੀਆਂ 'ਚ ਗਿਰਾਵਟ
ਸਿਰਫ 2 ਦਿਨ ਦੇ ਅੰਦਰ ਹੀ ਰਜਿਸਟਰੀਆਂ ਅੰਦਰ ਭਾਰੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਮੌਜੂਦਾ ਸਮੇਂ ਵਿਚ 40 ਫੀਸਦੀ ਤੱਕ ਦੀ ਗਿਰਾਵਟ ਸਾਹਮਣੇ ਆਈ ਹੈ ਜਿਥੇ ਆਮ ਦਿਨਾਂ ਵਿਚ ਸਬ-ਰਜਿਸਟਰਾਰ ਦਫਤਰ ਦੇ ਅੰਦਰ 95 ਅਤੇ ਸਬ-ਰਜਿਸਟਰਾਰ-2 ਦਫਤਰ 'ਚ 75 ਅਪੁਆਇੰਟਮੈਂਟ ਲਈ ਜਾਂਦੀ ਸੀ। ਉਥੇ ਹੁਣ ਇਹ ਗਿਣਤੀ ਕਾਫੀ ਘੱਟ ਹੋ ਚੁੱਕੀ ਹੈ। ਵੀਰਵਾਰ ਨੂੰ ਸਬ-ਰਜਿਸਟਰਾਰ ਦਫਤਰ ਵਿਚ ਸਿਰਫ 53 ਅਤੇ ਸਬ-ਰਜਿਸਟਰਾਰ-2 ਵਿਚ 45 ਦਸਤਾਵੇਜ਼ ਹੀ ਰਜਿਸਟਰ ਕੀਤੇ ਗਏ।
ਐੱਫ. ਸੀ. ਆਰ. ਨੂੰ ਲਿਖਿਆ ਹੈ ਪੱਤਰ
ਖਸਰਾ ਨੰਬਰ ਦਿਵਾਉਣ ਨੂੰ ਲੈ ਕੇ ਕੀਤੀ ਗਈ ਮੰਗ : ਸਬ-ਰਜਿਸਟਰਾਰ
ਸਬ-ਰਜਿਸਟਰਾਰ ਗੁਰਦੇਵ ਸਿੰਘ ਧੰਮ ਨੇ ਕਿਹਾ ਕਿ ਉਹ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਫਿਲਹਾਲ ਉਹ ਮਜਬੂਰ ਹਨ। ਉਨ੍ਹਾਂ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਐੱਫ. ਸੀ. ਆਰ. ਨੂੰ ਦਿਖਾਉਣ ਵਾਲੇ ਹਨ ਤਾਂ ਜੋ ਸਬੰਧਤ ਅਥਾਰਟੀਆਂ ਤੋਂ ਖਸਰਾ ਨੰਬਰ ਮੁਹੱਈਆ ਕਰਵਾ ਕੇ ਇਸ ਪ੍ਰੇਸ਼ਾਨੀ ਨੂੰ ਖਤਮ ਕੀਤਾ ਜਾ ਸਕੇ। ਜਿਥੇ ਸੂਬੇ ਵਿਚ ਇਕ ਸਮਾਨ ਨਿਯਮ ਲਾਗੂ ਕਰਨ ਦੀ ਗੱਲ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਦੇ ਪੱਧਰ 'ਤੇ ਇਸ ਗੱਲ ਦਾ ਫੈਸਲਾ ਲਿਆ ਗਿਆ ਹੈ ਕਿ ਪੂਰੇ ਸੂਬੇ ਵਿਚ ਇਕ ਸਮਾਨ ਲਾਗੂ ਕਰਦੇ ਹੋਏ ਬਿਨਾਂ ਐੱਨ. ਓ. ਸੀ. ਦੇ ਕੋਈ ਵੀ ਰਜਿਸਟਰੀ ਨਹੀਂ ਕੀਤੀ ਜਾਵੇਗੀ।
ਵਿਦਿਆਰਥੀ ਸਕਾਲਰਸ਼ਿਪ ਲਈ ਇੰਝ ਕਰ ਸਕਦੇ ਹਨ ਅਪਲਾਈ
NEXT STORY