ਨਾਭਾ (ਰਾਹੁਲ, ਜੈਨ, ਭੂਪਾ, ਪੁਰੀ): ਨਾਭਾ ਦੀ ਮੈਕਸੀਮਮ ਸਕਿਉਰਿਟੀ ਜ਼ਿਲਾ ਜੇਲ ਦੇ ਇਤਿਹਾਸ ਵਿਚ ਅੱਜ ਉਸ ਸਮੇਂ ਨਵਾਂ ਇਤਿਹਾਸ ਬਣ ਗਿਆ ਜਦੋਂ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਮਨਦੀਪ ਸਿੰਘ ਉਰਫ਼ ਧੂਰ ਪੁੱਤਰ ਚਮਕੌਰ ਸਿੰਘ ਵਾਸੀ ਜ਼ਿਲਾ ਮੋਗਾ ਦਾ ਵਿਆਹ ਪਵਨਦੀਪ ਕੌਰ ਵਾਸੀ ਸਮਰਾਲਾ ਤਹਿਸੀਲ (ਜ਼ਿਲਾ ਲੁਧਿਆਣਾ) ਨਾਲ ਜੇਲ ਕੰਪਲੈਕਸ ਵਿਚ ਹੋਇਆ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜੇਲ ਪ੍ਰਸ਼ਾਸਨ ਤੋਂ ਰਿਪੋਰਟ ਲੈ ਕੇ ਜੇਲ ਦੇ ਗੁਰਦੁਆਰਾ ਸਾਹਿਬ ਵਿਚ ਆਨੰਦ ਕਾਰਜ ਅਤੇ ਹੋਰ ਰਸਮਾਂ ਲਈ 6 ਘੰਟੇ ਵਿਚ ਵਿਆਹ ਨੇਪਰੇ ਚੜ੍ਹਾਉਣ ਦਾ ਨਿਰਦੇਸ਼ ਦਿੱਤਾ ਸੀ। ਡੀ. ਐੱਸ. ਪੀ. ਵਰਿੰਦਰਜੀਤ ਸਿੰਘ ਥਿੰਦ ਸਮੇਤ ਅਨੇਕਾਂ ਐੱਸ. ਐੱਚ. ਓਜ਼ ਅਤੇ ਪੁਲਸ ਚੌਕੀ ਇੰਚਾਰਜ ਭਾਰੀ ਪੁਲਸ ਫੋਰਸ ਸਮੇਤ ਜੇਲ ਦੇ ਬਾਹਰ ਨਿਗਰਾਨੀ ਕਰ ਰਹੇ ਸਨ।
ਗੈਂਗਸਟਰ ਮਨਦੀਪ ਸਿੰਘ ਨੂੰ ਦੋਹਰਾ ਕਤਲ ਕਾਂਡ ਵਿਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਮਨਦੀਪ ਸਿੰਘ ਨੇ ਮੋਗਾ ਜ਼ਿਲੇ ਵਿਚ ਇਕ ਸਰਪੰਚ ਅਤੇ ਉਸ ਦੇ ਗੰਨਮੈਨ ਦੀ ਹੱਤਿਆ ਕਰ ਦਿੱਤੀ ਸੀ। ਇਹ ਮਾਮਲਾ 7 ਸਾਲ ਪੁਰਾਣਾ ਹੈ। ਇਸ ਜੇਲ ਵਿਚ ਮਨਦੀਪ ਸਿੰਘ ਨੂੰ ਲੰਘੀ 17 ਜੂਨ ਨੂੰ ਲਿਆਂਦਾ ਗਿਆ ਸੀ। ਜੇਲਰ ਭੰਗੂ ਅਨੁਸਾਰ ਇਹ ਗੈਂਗਸਟਰ ਵੱਖ-ਵੱਖ ਜੇਲਾਂ ਵਿਚ 10 ਸਾਲ ਦੀ ਸਜ਼ਾ ਕੱਟ ਚੁੱਕਾ ਹੈ।
ਗੈਂਗਸਟਰ ਮਨਦੀਪ ਸਿੰਘ ਖਿਲਾਫ਼ ਪਹਿਲਾ ਮੁਕੱਦਮਾ 2007 ਵਿਚ ਸੰਗਰੂਰ ਸ਼ਹਿਰੀ ਥਾਣੇ, 2008 ਵਿਚ ਬੱਧਨੀ ਕਲਾਂ ਥਾਣਾ (ਮੋਗਾ), 2010 ਵਿਚ ਕਤਲ ਤੇ ਇਰਾਦਾ ਕਤਲ ਦਾ ਮੁਕੱਦਮਾ ਜਗਰਾਓਂ ਸਿਟੀ ਥਾਣਾ, 2011 ਵਿਚ ਧਾਰਾ 307 ਅਧੀਨ ਸਿਵਲ ਲਾਇਨਜ਼ ਥਾਣਾ ਬਠਿੰਡਾ, 2012 ਵਿਚ ਬੱਧਨੀ ਕਲਾਂ ਥਾਣੇ ਵਿਚ ਕਤਲ, 2013 ਵਿਚ ਮੋਗਾ, 2014 ਵਿਚ ਮੋਗਾ ਸਾਉੂਥ ਸਿਟੀ ਥਾਣਾ, 2015 ਵਿਚ ਬੱਧਨੀ ਥਾਣਾ, 2016 ਵਿਚ ਥਾਣਾ ਮਹਿਨਾ (ਮੋਗਾ) ਵਿਚ ਹੱਤਿਆ ਦਾ ਕੇਸ ਦਰਜ ਹੋਇਆ।
ਜੇਲ ਦੇ ਬਾਹਰ ਗੈਂਗਸਟਰ ਦੀ ਮਾਂ ਅਤੇ ਵਿਆਹ ਵਾਲੀ ਲੜਕੀ ਦੀ ਮਾਂ ਨਾਲ ਮੀਡੀਆ ਨੂੰ ਮਿਲਣ ਨਹੀਂ ਦਿੱਤਾ ਗਿਆ। ਸਵੇਰੇ 9.20 'ਤੇ ਭਾਰੀ ਪੁਲਸ ਪ੍ਰਬੰਧਾਂ ਅਧੀਨ ਗੈਂਗਸਟਰ ਨਾਲ ਲਾਵਾਂ ਲੈਣ ਆਈ ਲੜਕੀ ਸ਼ਗਨਾਂ ਦਾ ਚੂੜਾ ਪਾ ਕੇ ਪਹੁੰਚੀ ਤਾਂ ਗੈਂਗਸਟਰ ਦੀ ਮਾਂ ਰਛਪਾਲ ਕੌਰ, ਗ੍ਰੰਥੀ, ਵਿਆਹ ਵਾਲੀ ਲੜਕੀ ਦੀ ਮਾਂ ਸੁਰਿੰਦਰ ਕੌਰ, ਭਰਾ ਗੁਰਦੀਪ ਸਿੰਘ, ਮਨਦੀਪ ਸਿੰਘ ਦੇ ਦੋ ਦੋਸਤਾਂ ਸਮੇਤ 10 ਵਿਅਕਤੀ ਜੇਲ ਕੰਪਲੈਕਸ ਅੰਦਰ ਦਾਖਲ ਕਰਵਾਏ ਗਏ। ਜੇਲ ਕੰਪਲੈਕਸ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਆਸ-ਪਾਸ ਵੀ ਭਾਰੀ ਪੁਲਸ ਫੋਰਸ ਤਾਇਨਾਤ ਸੀ। ਜੇਲਰ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਵਿਆਹ ਦੀਆਂ ਰਸਮਾਂ ਲਈ ਮਾਣਯੋਗ ਹਾਈ ਕੋਰਟ ਨੇ 6 ਘੰਟੇ ਦਾ ਸਮਾਂ ਨਿਰਧਾਰਤ ਕੀਤਾ ਸੀ ਅਤੇ ਫੋਟੋਗ੍ਰਾਫੀ ਵੀ ਸਾਡਾ ਪੁਲਸ ਮੁਲਾਜ਼ਮ ਹੀ ਕਰ ਰਿਹਾ ਹੈ। ਜੇਲਰ ਅਨੁਸਾਰ ਗੈਂਗਸਟਰ ਮਨਦੀਪ ਸਿੰਘ ਨੇ ਸਾਨੂੰ ਬੇਨਤੀ ਕੀਤੀ ਸੀ ਕਿ ਆਨੰਦ ਕਾਰਜ ਦੀ ਫੋਟੋ ਪ੍ਰੈੱਸ ਨੂੰ ਰਿਲੀਜ਼ ਨਾ ਕੀਤੀ ਜਾਵੇ।
ਜੂਆ ਖੇਡਣ ਤੋਂ ਰੋਕਣ 'ਤੇ ਪੁਲਸ ਪਾਰਟੀ 'ਤੇ ਕੀਤਾ ਹਮਲਾ
NEXT STORY