ਮੋਗਾ (ਆਜ਼ਾਦ)—ਪਿੰਡ ਚੜਿੱਕ ਵਿਖੇ ਬੀਤੀ ਰਾਤ ਜੂਆ ਖੇਡ ਰਹੇ ਵਿਅਕਤੀਆਂ ਨੂੰ ਰੋਕਣ 'ਤੇ ਗੁੱਸੇ 'ਚ ਆਏ ਲੋਕਾਂ ਨੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰ ਕੇ ਇੱਟਾਂ-ਪੱਥਰ ਮਾਰੇ ਅਤੇ ਇਕ ਪੁਲਸ ਮੁਲਾਜ਼ਮ ਕੋਲੋਂ ਏ. ਕੇ. 47 ਰਾਈਫਲ ਖੋਹਣ ਦੀ ਕੋਸ਼ਿਸ਼ ਕਰਨ ਦੇ ਇਲਾਵਾ ਸਰਕਾਰੀ ਗੱਡੀ ਦਾ ਸ਼ੀਸ਼ਾ ਵੀ ਭੰਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀ. ਐੱਸ. ਪੀ. ਸਿਟੀ, ਥਾਣਾ ਚੜਿੱਕ ਦੇ ਮੁੱਖ ਅਫਸਰ ਜੈਪਾਲ ਸਿੰਘ ਅਤੇ ਹੋਰ ਪੁਲਸ ਮੁਲਾਜ਼ਮ ਮੌਕੇ 'ਤੇ ਪੁੱਜੇ। ਪੁਲਸ ਨੇ ਤਿੰਨ ਦਰਜਨ ਦੇ ਕਰੀਬ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ, ਜਦਕਿ ਦੂਜਿਆਂ ਦੀ ਤਲਾਸ਼ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਪਰਮਜੀਤ ਸਿੰਘ ਸੰÎਧੂ ਨੇ ਦੱਸਿਆ ਕਿ ਬੀਤੀ ਰਾਤ ਥਾਣਾ ਚੜਿੱਕ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ, ਹੌਲਦਾਰ ਬੂਟਾ ਸਿੰਘ, ਸਿਪਾਹੀ ਚਮਕੌਰ ਸਿੰਘ ਅਤੇ ਕੁਲਦੀਪ ਸਿੰਘ, ਅਮਨਦੀਪ ਸਿੰਘ ਇਲਾਕੇ 'ਚ ਸ਼ੱਕੀ ਵਿਅਕਤੀਆਂ ਦੀ ਤਲਾਸ਼ ਲਈ ਪਿੰਡ ਚੜਿੱਕ, ਮੰਡੀਰਾਂ ਵਾਲਾ ਨਵਾਂ ਅਤੇ ਮੰਡੀਰਾਂ ਵਾਲਾ ਪੁਰਾਣਾ ਵੱਲ ਜਾ ਰਹੇ ਸਨ, ਜਦੋਂ ਪੁਲਸ ਪਾਰਟੀ ਪੱਤੀ ਜਗੀਰ ਚੜਿੱਕ ਦੀ ਧਰਮਸ਼ਾਲਾ ਕੋਲ ਪੁੱਜੀ ਤਾਂ ਉਥੇ ਕਾਫੀ ਰੌਲਾ ਪੈ ਰਿਹਾ ਸੀ। ਪੁਲਸ ਪਾਰਟੀ ਨੇ ਰੌਲਾ ਸੁਣ ਕੇ ਜਦੋਂ ਗੱਡੀ ਰੋਕੀ ਤਾਂ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਉਥੇ ਬੈਠੇ ਵਿਅਕਤੀਆਂ ਨੂੰ ਪੁੱਛਿਆ ਕਿ ਕੀ ਗੱਲ ਹੈ।
ਇਸ ਦੌਰਾਨ ਜਸਵੰਤ ਸਿੰਘ, ਗੁਰਮੇਲ ਸਿੰਘ, ਲੱਡੂ ਵਾੜੀ ਵਾਲਾ, ਸੀਰਾ ਵਾੜੀਵਾਲਾ, ਲੰਡੂ ਅਤੇ ਕੁੱਝ ਹੋਰ ਵਿਅਕਤੀ ਪੁਲਸ ਪਾਰਟੀ ਨੂੰ ਵੇਖ ਕੇ ਧਰਮਸ਼ਾਲਾ ਤੋਂ ਬਾਹਰ ਆ ਗਏ ਅਤੇ ਉਨ੍ਹਾਂ ਕਿਹਾ ਕਿ ਅਸੀਂ ਜੂਆ ਖੇਡ ਰਹੇ ਹਾਂ, ਜਿਸ 'ਤੇ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਜੂਆ ਖੇਡਣਾ ਕਾਨੂੰਨੀ ਜੁਰਮ ਹੈ, ਜਿਸ 'ਤੇ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਇਸ ਦੌਰਾਨ ਉਹ ਪੁਲਸ ਪਾਰਟੀ ਨਾਲ ਝਗੜਾ ਕਰਨ ਲੱਗ ਪਏ ਅਤੇ ਧਰਮਸ਼ਾਲਾ 'ਚ ਬੈਠੇ ਦੂਜੇ ਵਿਅਕਤੀ ਵੀ ਬਾਹਰ ਆ ਗਏ ਅਤੇ ਪੁਲਸ ਪਾਰਟੀ 'ਤੇ ਇੱਟਾਂ-ਰੋੜੇ ਮਾਰਨ ਲੱਗ ਪਏ ਅਤੇ ਸਿਪਾਹੀ ਚਮਕੌਰ ਸਿੰਘ ਕੋਲੋਂ ਉਨ੍ਹਾਂ ਏ. ਕੇ. 47 ਰਾਈਫਲ ਖੋਹਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਨ੍ਹਾਂ ਦੇ ਸਰਕਾਰੀ ਕੰਮ 'ਚ ਵਿਘਨ ਪਾਇਆ। ਇਸ ਦੌਰਾਨ ਉਨ੍ਹਾਂ ਥਾਣਾ ਚੜਿੱਕ ਪੁਲਸ ਨੂੰ ਸੂਚਿਤ ਕੀਤਾ ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਮੈਂ ਅਤੇ ਥਾਣਾ ਮੁਖੀ ਜੈਪਾਲ ਸਿੰਘ ਪੁਲਸ ਮੁਲਾਜ਼ਮਾਂ ਸਮੇਤ ਮੌਕੇ 'ਤੇ ਪੁੱਜੇ ਪਰ ਪੁਲਸ ਪਾਰਟੀ 'ਤੇ ਹਮਲਾ ਕਰਨ ਵਾਲੇ ਹਮਲਾਵਰ ਉਥੋਂ ਭੱਜਣ 'ਚ ਸਫਲ ਹੋ ਗਏ। ਪੁਲਸ ਨੇ ਜਸਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਨੂੰ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਸਿਟੀ ਸਾਊਥ ਵੱਲੋਂ ਜਸਵੰਤ ਸਿੰਘ, ਗੁਰਮੇਲ ਸਿੰਘ, ਲੱਡੂ ਸਿੰਘ (ਵਾੜੀ ਵਾਲਾ), ਸੀਰਾ ਵਾੜੀਵਾਲਾ, ਲੱਡੂ, ਧੰਨਾ, ਗਿਆਨ ਸਿੰਘ, ਬੱਬੂ, ਰੂਪਾਨੀਰੀ, ਬੂਟਾ, ਗਗਨ, ਜੁੱਗੀ, ਮਨਿੰਦਰ ਸਿੰਘ, ਤੇਜੀ ਅਤੇ ਰਵੀ ਸਮੇਤ 10/12 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਜਗਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ 'ਚ ਕੋਈ ਪੁਲਸ ਮੁਲਾਜ਼ਮ ਜ਼ਖਮੀ ਨਹੀਂ ਹੋਇਆ।
ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਲਈ ਅੱਜ ਖੁੱਲ੍ਹੇਗਾ ਸਕੂਲ ਪੋਰਟਲ
NEXT STORY