ਨਾਭਾ (ਸੁਸ਼ੀਲ ਜੈਨ): ਹਮੇਸ਼ਾ ਵਿਵਾਦਾਂ ਵਿਚ ਰਹੀ 'ਮੈਕਸੀਮਮ ਸਕਿਓਰਿਟੀ' ਜੇਲ੍ਹ ਵਿਚ ਅੱਤਵਾਦ ਦੌਰਾਨ ਬੀ. ਐੱਸ. ਐੱਫ. ਅਤੇ ਸੀ. ਆਰ. ਪੀ. ਐੱਫ. ਜਵਾਨ ਤਾਇਨਾਤ ਹੁੰਦੇ ਸਨ। 29 ਸਾਲ ਪਹਿਲਾਂ ਜੇਲ ਤੋੜ ਭੱਜਣ ਦੀ ਕੋਸ਼ਿਸ਼ ਕਰਦਿਆਂ 2 ਅੱਤਵਾਦੀਆਂ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਮਾਰ ਦਿੱਤਾ ਸੀ। ਅੱਤਵਾਦ ਸਮੇਂ ਸਿਰਫ਼ ਅੱਤਵਾਦੀਆਂ ਅਤੇ ਪਾਕਿਸਤਾਨੀ ਜਾਸੂਸਾਂ ਨੂੰ ਹੀ ਇਸ ਜੇਲ੍ਹ ਵਿਚ ਰੱਖਿਆ ਜਾਂਦਾ ਸੀ ਜਦੋਂ ਕਿ ਪਿਛਲੇ 16-17 ਸਾਲਾਂ ਤੋਂ ਆਮ ਹਵਾਲਾਤੀ/ਕੈਦੀ ਵੀ ਇਥੇ ਨਜ਼ਰਬੰਦ ਹਨ।
ਇਸ ਜੇਲ੍ਹ ਵਿਚ ਪਹਿਲੀ ਵਾਰੀ 21 ਸਤੰਬਰ 2006 ਨੂੰ ਖਤਰਨਾਕ ਅੱਤਵਾਦੀ ਦਯਾ ਸਿੰਘ ਲਾਹੌਰੀਆ ਤੋਂ ਮੋਬਾਇਲ, ਸਿੰਮ ਅਤੇ ਬੈਟਰੀ ਬਰਾਮਦ ਹੋਈ ਸੀ। ਉਹ ਇੱਥੇ ਦੋ ਸਾਲ ਜੇਲ੍ਹ ਵਿਚ ਰਿਹਾ। ਉਸ ਨੇ ਵਿਦੇਸ਼ਾਂ ਵਿਚ ਇੰਟਰਨੈੱਟ ਜਾਲ ਵਿਛਾਇਆ ਸੀ ਪਰ ਕਦੇ ਵੀ ਕੇਂਦਰੀ ਗ੍ਰਹਿ ਮਹਿਕਮੇ/ਖ਼ੁਫ਼ੀਆ ਏਜੰਸੀਆਂ ਨੇ ਲਾਹੌਰੀਆ, ਲਾਰੈਂਸ ਬਿਸ਼ਨੋਈ, ਹਰਮਿੰਦਰ ਸਿੰਘ ਮਿੰਟੂ (ਖ਼ਾਲਿਸਤਾਨ ਲਿਬਰੇਸ਼ਨ ਫੋਰਸ ਪ੍ਰਮੁੱਖ), ਟਾਈਗਰ ਆਦਿ ਦੀਆਂ ਸਰਗਰਮੀਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਨਾਭਾ ਜੇਲ੍ਹ ਵਿਚ ਉਸ ਸਮੇਂ ਜੰਮੂ-ਕਸ਼ਮੀਰ ਦੀ ਖ਼ਤਰਨਾਕ ਅੱਤਵਾਦੀ ਰੋਸ਼ਨੀ ਅਤੇ ਪਾਕਿਸਤਾਨੀ ਜਾਸੂਸ ਸਈਦ ਇਕਬਾਲ ਵੀ ਬੰਦ ਸਨ, ਜਿਨ੍ਹਾਂ ਨਾਲ ਪੰਜਾਬ ਦੇ ਅੱਤਵਾਦੀਆਂ ਦੇ ਸਬੰਧ ਕਾਇਮ ਹੋਏ।
ਇਹ ਵੀ ਪੜ੍ਹੋ: ਕੈਪਟਨ ਸਰਕਾਰ ਦੇ ਘਰ-ਘਰ ਨੌਕਰੀ ਦੇ ਲਾਰੇ ਨੇ ਇਕ ਹੋਰ ਨੌਜਵਾਨ ਦੀ ਲਈ ਜਾਨ
ਕੈ. ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ 3 ਨਵੰਬਰ 2006 ਨੂੰ ਪਹਿਲੀ ਵਾਰੀ ਇਸ ਜੇਲ੍ਹ ਵਿਚ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਨਿਰਲਾਭ ਕਿਸ਼ੋਰ ਨੇ 100 ਤੋਂ ਵੱਧ ਕਮਾਂਡੋਜ਼/ਜਵਾਨਾਂ ਨਾਲ ਅਚਾਨਕ ਛਾਪਾਮਾਰੀ ਕਰ ਕੇ ਅਨੇਕਾਂ ਮੋਬਾਇਲ, ਸਿੰਮ, ਬੈਟਰੀਆਂ ਅਤੇ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਸਨ। ਫਿਰ ਐੱਸ. ਐੱਸ. ਪੀ. ਦੀ ਅਗਵਾਈ ਹੇਠ 2200 ਪੁਲਸ ਜਵਾਨਾਂ ਨੇ ਲਗਾਤਾਰ ਦੋ ਦਿਨ ਛਾਪੇਮਾਰੀ ਕਰਕੇ 14 ਮੋਬਾਇਲ, 6 ਬੈਟਰੀਆਂ, 12 ਸਿੰਮ ਕਾਰਡ, ਸੁਲਫਾ, ਅਫੀਮ ਅਤੇ 58 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਸੀ। ਜੇਲ੍ਹ ਵਿਚ ਚਾਰ ਵਾਰੀ ਖੂਨੀ ਕਾਂਡ ਵਾਪਰੇ। ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਟਾਈਗਰ ਸਮੇਤ 9 ਕੈਦੀਆਂ ਅਤੇ 11 ਹਵਾਲਾਤੀਆਂ ਖ਼ਿਲਾਫ਼ ਕੋਤਵਾਲੀ ਨਾਭਾ ਵਿਚ ਮਾਮਲੇ ਦਰਜ ਹੋਏ। ਗੈਂਗਸਟਰ ਪਲਵਿੰਦਰ ਪਿੰਦਾ ਨੂੰ 29 ਮਾਰਚ 2016 ਨੂੰ ਅੰਨ੍ਹੇਵਾਹ ਗੋਲੀਆਂ ਚਲਾ ਕੇ ਹੱਥਕੜੀਆਂ ਸਮੇਤ ਗੈਂਗਸਟਰ ਦਿਨ-ਦਿਹਾੜੇ ਭਜਾ ਕੇ ਲੈ ਗਏ ਸਨ। ਉਸ ਨੇ ਰੋਮੀ ਤੇ ਹੋਰਨਾਂ ਨਾਲ ਮਿਲ ਕੇ ਸਾਜਿਸ਼ ਰਚੀ ਅਤੇ 27 ਨਵੰਬਰ 2016 ਨੂੰ ਜੇਲ੍ਹ ਬਰੇਕ ਹੋਈ। ਪਿਛਲੇ 13 ਸਾਲ 8 ਮਹੀਨਿਆਂ ਦੌਰਾਨ ਇਸ ਜੇਲ੍ਹ ਵਿਚੋਂ ਛਾਪੇਮਾਰੀ ਅਤੇ ਜਾਂਚ ਦੌਰਾਨ 480 ਤੋਂ ਵੱਧ ਮੋਬਾਇਲ, ਸਿੰਮ ਅਤੇ ਬੈਟਰੀਆਂ ਬਰਾਮਦ ਹੋਈਆਂ ਪਰ ਕਰੋੜਾਂ ਦਾ ਲੱਗਾ ਜੈਮਰ ਅਜੇ ਤਕ 4 ਜੀ ਡਾਟਾ ਅਨੁਸਾਰ ਅੱਪਡੇਟ ਨਹੀਂ ਹੋ ਸਕਿਆ, ਜਿਸ ਕਰ ਕੇ ਮੋਬਾਇਲ ਨੈੱਟਵਰਕ ਧੜੱਲੇ ਨਾਲ ਚੱਲ ਰਿਹਾ ਹੈ। ਲਗਭਗ 100 ਮਾਮਲੇ ਪੁਲਸ ਕੋਲ ਜੇਲਰਾਂ ਨੇ ਦਰਜ ਕਰਵਾਏ ਪਰ ਪੁਲਸ ਜਾਂਚ ਵਿਚ ਕਿਸੇ ਵੀ ਅਧਿਕਾਰੀ/ਕਾਮਿਆਂ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਨਾ ਹੀ ਜੇਲ੍ਹ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ। ਇਹੀ ਕਾਰਣ ਹੈ ਕਿ ਅੱਤਵਾਦੀ, ਗੈਂਗਸਟਰ ਅਤੇ ਖਤਰਨਾਕ ਅਪਰਾਧੀ ਨਾਭਾ ਸਕਿਓਰਿਟੀ ਜੇਲ੍ਹ ਨੂੰ ਸਭ ਤੋਂ ਵੱਧ 'ਸੁਰੱਖਿਅਤ ਜੇਲ੍ਹ' ਮੰਨਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਮਾਰੂ ਹੋਇਆ ਕੋਰੋਨਾ, ਸੰਗਰੂਰ 'ਚ ਹੋਈ ਦੂਜੀ ਮੌਤ
ਉਪਜਾਊ ਜ਼ਮੀਨਾਂ ਨੂੰ ਲੱਗਣ ਲੱਗੀ ਸਤਲੁਜ ਦਰਿਆ ਦੀ ਢਾਹ, ਕਿਸਾਨ ਖ਼ੌਫ਼ ’ਚ
NEXT STORY