ਜਲੰਧਰ,(ਲਾਭ ਸਿੰਘ ਸਿੱਧੂ)–5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਆ ਕਿ ਉਹ ਫਰਾਖ਼ਦਿਲੀ ਵਿਖਾਉਣ ਅਤੇ ਵਿਵਾਦਗ੍ਰਸਤ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਵਜੋਂ ਦੇਸ਼ ਨੂੰ ਦਰਪੇਸ਼ ਗੰਭੀਰ ਸੰਕਟ ਦੇ ਹੱਲ ਵਲ ਪਹਿਲਾ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮਿਲੇ ਜ਼ਖ਼ਮਾਂ ਦੇ ਦਾਗ ਠੀਕ ਹੋਣ ਵਿਚ ਲੰਬਾ ਸਮਾਂ ਲੱਗੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਦੀ ਜਿਣਸ ਦੀ 100 ਫੀਸਦੀ ਖਰੀਦ ਸਵਾਮੀਨਾਥਨ ਫਾਰਮੂਲੇ ਸੀ 2+50 ਦੇ ਅਨੁਸਾਰ ਐੱਮ. ਐੱਸ. ਪੀ. 'ਤੇ ਕੀਤੀ ਜਾਵੇ ਤੇ ਇਸ ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਇਆ ਜਾਵੇ।
ਬਾਦਲ ਨੇ ਕਿਹਾ ਕਿ ਕਿਸਾਨ ਸੰਕਟ ਹੀ ਇਕੱਲਾ ਅਜਿਹਾ ਮੌਕਾ ਨਹੀਂ ਹੈ, ਜਦੋਂ ਦੇਸ਼ ਦੇ ਨਿਰਮਾਣ ਵਾਸਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਪਹੁੰਚ ਅਣਡਿੱਠ ਕੀਤੀ ਗਈ ਹੋਵੇ ਜਾਂ ਛੱਡ ਦਿੱਤੀ ਗਈ ਹੋਵੇ। ਦੇਸ਼ ਅਤੇ ਇਸਦੀ ਸਰਕਾਰ ਨੂੰ ਵਿਆਪਕ ਸਲਾਹ-ਮਸ਼ਵਰੇ ਅਤੇ ਆਮ ਸਹਿਮਤੀ 'ਤੇ ਆਧਾਰਤ ਪਹੁੰਚ 'ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਧਿਆਨ ਇਸ ਗੱਲ ਵੀ ਦੁਆਇਆ ਕਿ ਕਿਵੇਂ ਟਕਰਾਅ ਦੀ ਰਾਜਨੀਤੀ ਕਾਰਨ ਸਾਡਾ ਸਮਾਜਿਕ ਸਰੂਪ ਟੁੱਟ-ਭੱਜ ਗਿਆ ਹੈ। ਸਲਾਹ-ਮਸ਼ਵਰਾ, ਸਹਿਮਤੀ ਅਤੇ ਆਮ ਸਹਿਮਤੀ ਹੀ ਕਿਸੇ ਲੋਕਤੰਤਰ ਦਾ ਆਧਾਰ ਹਨ। ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਨਾਲ ਹੀ ਆਮ ਸਹਿਮਤੀ ਹੋ ਸਕਦੀ ਹੈ ਤੇ ਆਮ ਸਹਿਮਤੀ ਨਾਲ ਹੀ ਅਜਿਹੇ ਟਕਰਾਅ ਟਾਲੇ ਜਾ ਸਕਦੇ ਹਨ, ਜੋ ਅਸੀਂ ਸਰਕਾਰ ਤੇ ਕਿਸਾਨਾਂ ਵਿਚਾਲੇ ਹੋਏ ਵੇਖੇ ਹਨ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ, ਜਿਸਦੀ ਕਾਪੀ ਅੱਜ ਸ਼ਾਮ ਜਾਰੀ ਕੀਤੀ ਗਈ, ਵਿਚ ਬਾਦਲ ਨੇ ਕਿਹਾ ਕਿ ਜਿਹੜੇ ਤਿੰਨ ਐਕਟਾਂ ਦੀ ਗੱਲ ਹੋ ਰਹੀ ਹੈ, ਉਨ੍ਹਾਂ ਨੇ ਦੇਸ਼ ਨੂੰ ਡੂੰਘੇ ਸੰਕਟ ਵਿਚ ਧੱਕਿਆ ਹੈ ਅਤੇ ਇਹ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੜਾਕੇ ਦੀ ਠੰਡ ਵਿਚ ਹੋਰ ਤਕਲੀਫਾਂ ਝੱਲਣ ਦੇਣ ਤੋਂ ਬਗੈਰ ਹੀ ਵਾਪਸ ਲਏ ਜਾਣੇ ਚਾਹੀਦੇ ਹਨ।
ਜ਼ਮੀਰ ਦੀ ਅਵਾਜ਼ ਸੁਣ ਕੇ ਪਾਰਟੀ ਛੱਡ ਕੇ ਕਿਸਾਨਾਂ ਨਾਲ ਡਟਣ ਪੰਜਾਬ ਭਾਜਪਾ ਦੇ ਆਗੂ : ਭਗਵੰਤ ਮਾਨ
NEXT STORY