ਧਰਮਕੋਟ (ਅਕਾਲੀਆਂਵਾਲਾ) : ਨਸ਼ਾ ਕਰਕੇ ਚਰਚਾ ਵਿਚ ਰਹਿਣ ਵਾਲੇ ਪਿੰਡ ਦੌਲੇਵਾਲਾ ਮਾਇਰ ’ਚ ਜਿੱਥੇ ਸਮੇਂ-ਸਮੇਂ ’ਤੇ ਸਰਕਾਰਾਂ ਅਤੇ ਪੁਲਸ ਪ੍ਰਸ਼ਾਸਨ ਪੂਰੀ ਆਪਣੀ ਸ਼ਕਤੀ ਨਸ਼ਿਆਂ ਦੇ ਖਾਤਮੇ ਲਈ ਝੋਕਦੀਆਂ ਰਹੀਆਂ ਹਨ। ਇਥੋਂ ਤਕ ਕਿ ਇਸ ਪਿੰਡ ਦੇ ਬਹੁਤਾਤ ਨੌਜਵਾਨ, ਮਰਦ, ਔਰਤਾਂ ’ਤੇ ਨਸ਼ੇ ਦੇ ਮਾਮਲੇ ਨੂੰ ਲੈ ਕੇ ਮੁਕੱਦਮੇ ਦਰਜ ਹਨ। ਬਹੁਤ ਲੋਕ ਨਸ਼ੇ ਦੀ ਤਸਕਰੀ ਨੂੰ ਲੈ ਕੇ ਜੇਲਾਂ ਵਿਚ ਬੰਦ ਹਨ। ਸਰਕਾਰ ਚਾਹੁੰਦੀ ਹੈ ਕਿ ਇਸ ਪਿੰਡ ਦੇ ਨੌਜਵਾਨ ਮੁੱਖ ਧਾਰਾ ’ਚ ਆਉਣ, ਪੁਲਸ ਪ੍ਰਸ਼ਾਸਨ ਵੱਲੋਂ ਪਿੰਡ ਦੇ ਚੱਪੇ-ਚੱਪੇ ਦੀ ਤਲਾਸ਼ੀ ਵੀ ਕਈ ਵਾਰ ਲਈ ਗਈ ਹੈ ਪਰ ਜੇਕਰ ਸਰਕਾਰਾਂ ਇੰਨ੍ਹੀਆਂ ਹੀ ਗੰਭੀਰ ਹਨ ਤਾਂ ਇਸ ਪਿੰਡ ਦੇ ਸਰਕਾਰੀ ਸਕੂਲ ’ਤੇ ਵੀ ਆਪਣੀ ਨਜ਼ਰ ਸਵੱਲੀ ਕਰਨ। ਜੇਕਰ ਇਥੋਂ ਦੇ ਬੱਚੇ ਪੜ੍ਹ ਲਿਖ ਜਾਣ ਤਾਂ ਸ਼ਾਇਦ ਨਸ਼ੇ ਦੀ ਅਲਾਮਤ ਤੋਂ ਦੂਰ ਰਹਿ ਸਕਣ ਪਿੰਡ ਵਾਸੀ ਦੱਸਦੇ ਹਨ ਕਿ ਇਸ ਸਕੂਲ ਦੇ ਬੱਚੇ ਅਧਿਆਪਕਾਂ ਦੀ ਘਾਟ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿਚ ਹੁਸ਼ਿਆਰ ਹਨ ਜੇਕਰ ਅਧਿਆਪਕਾਂ ਦੀ ਗਿਣਤੀ ਪੂਰੀ ਹੋ ਜਾਵੇ ਤਾਂ ਸ਼ਾਇਦ ਨਵੀਂ ਪਨੀਰੀ ਇਸ ਪਿੰਡ ’ਤੇ ਲੱਗੇ ਨਸ਼ਿਆਂ ਦੇ ਬਦਨੁਮਾ ਦਾਗ਼ ਨੂੰ ਧੋ ਸਕੇ।
14 ਅਸਾਮੀਆਂ ਸਿਰਫ 6 ਅਧਿਆਪਕ ਚਲਾ ਰਹੇ ਨੇ ਕੰਮ
ਪ੍ਰਾਪਤ ਵੇਰਵਿਆਂ ਅਨੁਸਾਰ ਅੰਮ੍ਰਿਤਸਰ ਰੋਡ ’ਤੇ ਸਥਿਤ ਪਿੰਡ ਦੌਲੇਵਾਲ ਮਾਇਰ (ਮੋਗਾ) ਦੇ ਹਾਈ ਸਕੂਲ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਪੂਰਾ ਕਰਨ ਲਈ ਅਧਿਆਪਕਾਂ ਦੇ ਇੰਤਜ਼ਾਰ ਵਿਚ ਹੈ। ਇਸ ਸਬੰਧੀ ਨਿੱਜੀ ਪੱਧਰ ’ਤੇ ਇਸ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਫਗੂ ਅਤੇ ਇਥੋਂ ਦੇ ਸ਼ਹੀਦ ਭਗਤ ਸਿੰਘ ਵੈੱਲਫੇਅਰ ਐਂਡ ਸਪੋਰਟਸ ਕਲੱਬ ਦੇ ਚੇਅਰਮੈਨ ਗੁਰਦੇਵ ਸਿੰਘ ਮਨੇਸ਼ ਨੇ ਸਾਂਝੇ ਤੌਰ ’ਤੇ ਗੱਲ ਕਰਦਿਆਂ ਸਬੂਤਾਂ ਸਹਿਤ ਵੇਰਵੇ ਪੇਸ਼ ਕਰਦਿਆਂ ਦੱਸਿਆ ਕਿ ਇਸ ਸਕੂਲ ਵਿਚ ਜਿੱਥੇ ਕੇ 220 ਦੇ ਕਰੀਬ ਵਿਦਿਆਰਥੀ ਪੜ੍ਹ ਰਹੇ ਹਨ, ਕੁੱਲ 14 ਮਨਜ਼ੂਰਸ਼ੁਦਾ ਅਸਾਮੀਆਂ ਹਨ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਨ੍ਹਾਂ ਵਿਰੁੱਧ ਸਿਰਫ 6 ਮੁਲਾਜ਼ਮ ਹੀ ਕੰਮ ਕਰ ਰਹੇ ਹਨ, ਜੋ ਇਸ ਪਿੰਡ ਦੇ ਬੱਚਿਆਂ ਦੇ ਭਵਿੱਖ ਨਾਲ ਸਿੱਧਾ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਤੱਕ ਦੇ ਅਧਿਆਪਕ ਦੀ ਸੀਟ ਖਾਲੀ ਪਈ ਹੈ, ਜਦੋਂਕਿ ਅਗਲੇ ਮਹੀਨੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਦੇ ਨਾਲ-ਨਾਲ ਜ਼ਿਲ੍ਹਾ ਪੱਧਰ ’ਤੇ ਮਾਤ ਭਾਸ਼ਾ ਸਬੰਧੀ ਸੈਮੀਨਾਰ ਕਰਵਾਉਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿ ਸਾਡੇ ਪਿੰਡ ਵਿਚ ਕੋਈ ਵੀ ਖੇਡ ਸਟੇਡੀਅਮ ਨਹੀਂ ਹੈ, ਜਿੱਥੇ ਕਿ ਬੱਚੇ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਖੇਡ ਵਗੈਰਾ ਖੇਡ ਸਕਣ, ਪਰ ਇੱਥੇ ਤਾਂ ਖੇਡਾਂ ਵਿਚ ਮੁੱਢਲੀ ਪਨੀਰੀ ਤਿਆਰ ਕਰਨ ਲਈ ਹਾਈ ਸਕੂਲ ਵਿਚ ਡੀ. ਪੀ. ਈ. ਤੱਕ ਦੀ ਅਸਾਮੀ ਹੀ ਖਾਲੀ ਚਲੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਰਲ ਕੇ ਕਈ ਵਾਰ ਖੇਡ ਗਰਾਊਂਡ ਅਤੇ ਸਕੂਲ ਵਿਚਲੀਆਂ ਖਾਲੀ ਪਈਆਂ ਅਸਾਮੀਆਂ ਪੂਰੀਆਂ ਕਰਵਾਉਣ ਸਬੰਧੀ ਹਲਕਾ ਵਿਧਾਇਕ ਧਰਮਕੋਟ ਕੋਲ ਗੁਹਾਰ ਲਗਾ ਚੁੱਕੇ ਹਾਂ ਪਰ ਅਜੇ ਤੱਕ ਇਸ ਦਾ ਕੋਈ ਸਾਰਥਿਕ ਹੱਲ ਨਹੀਂ ਨਿਕਲਿਆ ਹੈ। ਪਿੰਡ ਨਿਵਾਸੀਆਂ ਦੀ ਸਰਕਾਰ ਕੋਲੋਂ ਇਹ ਮੰਗ ਹੈ ਕਿ ਖੇਡ ਦੇ ਮੈਦਾਨ ਦੇ ਨਾਲ-ਨਾਲ ਖਾਲ੍ਹੀ ਅਸਾਮੀਆਂ ਪੂਰੀਆਂ ਕਰਵਾਈਆਂ ਜਾਣ ਤਾਂ ਜੋ ਬੱਚੇ ਆਪਣੀ ਜ਼ਿੰਦਗੀ ਬਣਾ ਸਕਣ।
ਜਲਦੀ ਪੋਸਟਾਂ ਭਰੇਗੀ ਸਰਕਾਰ : ਵਿਧਾਇਕ ਲਾਡੀ ਢੋਸ
ਉੱਧਰ ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨਾਲ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਅਧਿਆਪਕਾਂ ਦੀ ਭਰਤੀ ਕਰ ਰਹੀ ਹੈ ਅਸੀਂ ਜਲਦੀ ਹੀ ਇਸ ਸਕੂਲ ਵਿਚ ਅਧਿਆਪਕਾਂ ਦੀ ਜੋ ਘਾਟ ਹੈ, ਉਸ ਨੂੰ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਵੱਖ-ਵੱਖ ਕੋਟਿਆਂ ਤਹਿਤ ਭਰਤੀ ਕੀਤੀ ਗਈ ਹੈ। ਜਲਦੀ ਹੀ ਸਿੱਖਿਆ ਅਧਿਕਾਰੀਆਂ ਨਾਲ ਗੱਲ ਕਰ ਕੇ ਇਸ ਸਕੂਲ ’ਚ ਜੋ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਹਨ, ਉਸ ਨੂੰ ਪੁਰਾ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਟੀਚਾ ਹੀ ਸਕੂਲਾਂ ਦੀ ਦਸ਼ਾ ਸੁਧਾਰਨਾ ਹੈ ਅਤੇ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ।
ਜਲੰਧਰ ਦੇ ਇਸ ਮਸ਼ਹੂਰ ਮਾਲ ’ਚ ਜੀ. ਐੱਸ. ਟੀ. ਮਹਿਕਮੇ ਦੀ ਰੇਡ, ਕਈ ਦਸਤਾਵੇਜ਼ ਕੀਤੇ ਜ਼ਬਤ
NEXT STORY