ਗੁਰਦਾਸਪੁਰ, (ਵਿਨੋਦ)- ਰਾਜ ਸਭਾ, ਲੋਕ ਸਭਾ, ਵਿਧਾਨ ਸਭਾ ਸਮੇਤ ਹਰੇਕ ਖੇਤਰ ’ਚ ਹਰ ਵਿਅਕਤੀ ਦਾ ਕਹਿਣਾ ਹੈ ਕਿ ਅੌਰਤਾਂ ਅੱਜ ਦੇ ਯੁੱਗ ’ਚ ਮਰਦਾਂ ਦੇ ਬਰਾਬਰ ਹਨ। ਕੋਈ ਵੀ ਕੰਮ ਹੋਵੇ ਅੌਰਤ ਆਸਾਨੀ ਨਾਲ ਹਰ ਕੰਮ ਨੂੰ ਵਧੀਆ ਢੰਗ ਨਾਲ ਵਿਅਕਤੀਆਂ ਦੀ ਤਰ੍ਹਾਂ ਜਾਂ ਅਜਿਹਾ ਵੀ ਕਿਹਾ ਜਾ ਸਕਦਾ ਹੈ ਕਿ ਮਰਦਾਂ ਤੋਂ ਵਧੀਆ ਢੰਗ ਨਾਲ ਕਰ ਸਕਦੀਅਾਂ ਹਨ। ਅਜਿਹਾ ਕਹਿਣਾ ਕਿਸੇ ਤਰ੍ਹਾਂ ਨਾਲ ਵੀ ਗਲਤ ਨਹੀਂ ਹੈ। ਇਸ ਦੀ ਉਦਹਾਰਣ ਹੁਣ ਸਮਾਜਕ ਹੀ ਨਹੀਂ ਬਲਕਿ ਗੈਰ-ਕਾਨੂੰਨੀ ਕੰਮਾਂ ’ਚ ਵੀ ਆਸਾਨੀ ਨਾਲ ਜ਼ਿਲਾ ਗੁਰਦਾਸਪੁਰ ਤੇ ਪਠਾਨਕੋਟ ’ਚ ਵੇਖਣ ਨੂੰ ਮਿਲ ਰਹੀ ਹੈ। ਅੌਰਤਾਂ ਦੀ ਨਸ਼ੇ ਤੇ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ’ਚ ਵਧਦੀ ਭਾਗੀਦਾਰੀ ਸਮਾਜ ਲਈ ਜਿਥੇ ਇਕ ਚੁਣੌਤੀ ਹੈ, ਉਥੇ ਇਹ ਚਿੰਤਾ ਦਾ ਵਿਸ਼ਾ ਵੀ ਜ਼ਰੂਰ ਹੈ।
ਕੀ ਹੈ ਇਹ ਕਾਰੋਬਾਰ
ਗੈਰ-ਕਾਨੂੰਨੀ ਜਾਂ ਵਿਸ਼ੇਸ਼ ਕਰ ਕੇ ਨਸ਼ਿਅਾਂ ਦੇ ਕਾਰੋਬਾਰ ’ਚ ਅੌਰਤਾਂ ਦੀ ਸ਼ਮੂਲੀਅਤ ਹਰ ਦਿਨ ਵਧਦੀ ਜਾ ਰਹੀ ਹੈ। ਜੋ ਹੱਥ ਪਤੀ ਲਈ ਰੋਟੀ ਬਣਾਉਣ, ਸੱਸ-ਸਹੁਰੇ ਦੀ ਸੇਵਾ, ਬੱਚਿਆਂ ਲਈ ਮਮਤਾ ਦੀ ਠੰਡੀ ਛਾਂ ਦੇਣ ਦੇ ਕੰਮ ਆਉਂਦੇ ਸਨ, ਉਹ ਹੱਥ ਹੁਣ ਨਾਜਾਇਜ਼ ਸ਼ਰਾਬ ਤਿਆਰ ਕਰਨ ਤੋਂ ਵੀ ਪਿੱਛੇ ਨਹੀਂ ਹਨ। ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਜ਼ਹਿਰ ਨੁਮਾ ਸ਼ਰਾਬ ਅੌਰਤਾਂ ਕਿੱਥੇ ਤਿਆਰ ਕਰਦੀਆਂ ਹਨ। ਇਹ ਸ਼ਰਾਬ ਸਰਕਾਰੀ ਕਾਰਖਾਨਿਆਂ ’ਚ ਨਹੀਂ ਬਲਕਿ ਘਰਾਂ ’ਚ ਤਿਆਰ ਕੀਤੀ ਜਾਂਦੀ ਹੈ। ਇਹ ਸ਼ਰਾਬ ਇਨ੍ਹਾਂ ਦੋਵਾਂ ਜ਼ਿਲਿਆਂ ’ਚ ਹਰ ਰੋਜ਼ ਬਹੁਤ ਵੱਡੀ ਮਾਤਰਾ ’ਚ ਫਡ਼ੀ ਵੀ ਜਾਂਦੀ ਹੈ।
ਇਸ ਸ਼ਰਾਬ ’ਚ ਜਦੋਂ ਸੀਰਾ ਜਾਂ ਕਿਸੇ ਕੈਮੀਕਲ ਦੀ ਨਿਰਧਾਰਿਤ ਮਾਤਰਾ ਤੋਂ ਇਕ ਬੂੰਦ ਵੀ ਜ਼ਿਆਦਾ ਪੈ ਜਾਵੇ ਤਾਂ ਇਹ ਸ਼ਰਾਬ ਜ਼ਹਿਰ ਬਣ ਜਾਂਦੀ ਹੈ, ਜੋ ਕਈ ਲੋਕਾਂ ਦੇ ਜੀਵਨ ਨੂੰ ਖਤਮ ਕਰ ਸਕਦੀ ਹੈ। ਅਜਿਹੀਅਾਂ ਘਟਨਾਵਾਂ ਜ਼ਿਲਾ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਪੁਲਸ ਸਟੇਸ਼ਨ ਘੁਮਾਣ ਅਧੀਨ ਕੁਝ ਪਿੰਡਾਂ ’ਚ ਬੀਤੇ ਸਮੇਂ ਵਿਚ ਹੋ ਚੁੱਕੀਆਂ ਹਨ ਜਦਕਿ ਦੇਸ਼ ’ਚ ਨਾਜਾਇਜ਼ ਸ਼ਰਾਬ ਪੀਣ ਨਾਲ ਲੋਕਾਂ ਦੇ ਮਰਨ ਦੀਅਾਂ ਘਟਨਾਵਾਂ ਆਮ ਹੁੰਦੀਆਂ ਰਹਿੰਦੀਅਾਂ ਹਨ।
ਪੁਲਸ ਰਿਕਾਰਡ ਅਨੁਸਾਰ ਮਰਦਾਂ ਦੇ ਮੁਕਾਬਲੇ ਜ਼ਿਆਦਾ ਫਡ਼ੀਅਾਂ ਗਈਅਾਂ ਅੌਰਤਾਂ
ਪੰਜਾਬ ਸਰਕਾਰ ਦੇ ਦਬਾਅ ਕਰ ਕੇ ਪੁਲਸ ਪ੍ਰਤੀਦਿਨ ਛਾਪੇਮਾਰੀ ਕਰ ਰਹੀ ਹੈ ਅਤੇ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ’ਚ ਸ਼ਾਮਲ ਅੌਰਤਾਂ ਫਡ਼ੀਅਾਂ ਵੀ ਜਾਂਦੀਅਾਂ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਹੁਣ ਇਸ ਨਾਜਾਇਜ਼ ਧੰਦੇ ਦੀ ਕਮਾਨ ਮਰਦਾਂ ਦੀ ਬਜਾਏ ਅੌਰਤਾਂ ਦੇ ਹੱਥਾਂ ’ਚ ਚੱਲੀ ਗਈ ਹੈ ਕਿਉਂਕਿ ਬੀਤੇ ਲਗਭਗ ਇਕ ਸਾਲ ਵਿਚ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਦੇ ਦੋਸ਼ ’ਚ ਇਨ੍ਹਾਂ ਦੋਵਾਂ ਜ਼ਿਲਿਆਂ ’ਚੋਂ ਜਿੰਨੇ ਵੀ ਦੋਸ਼ੀ ਸ਼ਰਾਬ ਸਮੇਤ ਫਡ਼ੇ ਗਏ ਹਨ, ਉਨ੍ਹਾਂ ’ਚ 60 ਫੀਸਦੀ ਅੌਰਤਾਂ ਹੁੰਦੀਆਂ ਹਨ। ਇਸ ਸਬੰਧੀ ਜਦੋਂ ਪੁਲਸ ਅਧਿਕਾਰੀਅਾਂ ਨਾਲ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਅੌਰਤਾਂ ’ਤੇ ਪੁਲਸ ਸ਼ੱਕ ਘੱਟ ਕਰਦੀ ਹੈ ਅਤੇ ਅੌਰਤਾਂ ਦੀ ਤਲਾਸ਼ੀ ਲੈਣਾ ਵੀ ਇੰਨਾ ਆਸਾਨ ਕੰਮ ਨਹੀਂ ਹੈ। ਜਨਤਕ ਸਥਾਨਾਂ ’ਤੇ ਤਾਂ ਕਿਸੇ ਅੌਰਤ ਨੂੰ ਰੋਕ ਕੇ ਤਲਾਸ਼ੀ ਲਈ ਕਹਿਣਾ ਕਿਸੇ ਵੀ ਤਰ੍ਹਾਂ ਨਾਲ ਸਹੀ ਨਹੀਂ ਠਹਿਰਾਇਆ ਜਾਂਦਾ ਅਤੇ ਲੋਕ ਵੀ ਇਸ ਤਰ੍ਹਾਂ ਦੇ ਮਾਮਲੇ ਨੂੰ ਤੂਲ ਦਿੰਦੇ ਹਨ। ਜ਼ਿਲਾ ਪੁਲਸ ਗੁਰਦਾਸਪੁਰ ਵਿਚ ਇਸ ਸਾਲ ਨਸ਼ਿਅਾਂ ਦਾ ਨਾਜਾਇਜ਼ ਧੰਦਾ ਕਰਦੀਅਾਂ 103 ਤੋਂ ਜ਼ਿਆਦਾ ਅੌਰਤਾਂ ਫਡ਼ੀਅਾਂ ਗਈਆਂ ਹਨ। ਅੌਰਤਾਂ ਤੋਂ ਹੈਰੋਇਨ, ਸਮੈਕ, ਕੈਪਸੂਲ, ਸ਼ਰਾਬ, ਲਾਹਣ ਤੇ ਅਲਕੋਹਲ ਵੀ ਫਡ਼ੀ ਜਾ ਚੁੱਕੀ ਹੈ।
ਕਿਹਡ਼ੇ ਪਿੰਡ ਬਦਨਾਮ ਹਨ ਇਸ ਨਾਜਾਇਜ਼ ਕਾਰੋਬਾਰ ਲਈ
ਇਸ ਸਮੇਂ ਜ਼ਿਲਾ ਗੁਰਦਾਸਪੁਰ ’ਚ ਮੌਜਪੁਰ, ਬਹਿਰਾਮਪੁਰ, ਢੀਢਾ ਸੈਣੀਆਂ, ਬਰਿਆਰ, ਗਾਂਧੀਆਂ, ਮਾਨਕੌਰ, ਕੈਰੇ ਸਮੇਤ ਹਿਮਾਚਲ ਪ੍ਰਦੇਸ਼ ਦਾ ਕਸਬਾ ਭਦਰੋਆ ਤੇ ਛੰਨੀ ਬੇਲੀ ਤੇ ਕਈ ਅਜਿਹੇ ਪਿੰਡ ਹਨ ਜੋ ਇਸ ਨਾਜਾਇਜ਼ ਸ਼ਰਾਬ ਦਾ ਨਿਰਮਾਣ ਕਰਨ ਲਈ ਪ੍ਰਸਿੱਧ ਹਨ। ਇਨ੍ਹਾਂ ਪਿੰਡਾਂ ’ਚ ਵੀ ਹੁਣ ਨਸ਼ਿਅਾਂ ਦੇ ਨਾਜਾਇਜ਼ ਕਾਰੋਬਾਰ ਦੀ ਕਮਾਨ ਅੌਰਤਾਂ ਦੇ ਹੱਥਾਂ ’ਚ ਹੈ। ਇਨ੍ਹਾਂ ਪਿੰਡਾਂ ਦੀਆਂ ਕਈ ਅੌਰਤਾਂ ਅਜਿਹੀਆਂ ਹਨ ਜਿਨ੍ਹਾਂ ਵਿਰੁੱਧ ਸ਼ਰਾਬ ਤੇ ਐੱਨ. ਡੀ. ਪੀ. ਐੱਸ. ਐਕਟ ਦੇ 5 ਤੋਂ 25 ਕੇਸ ਅਦਾਲਤਾਂ ’ਚ ਚੱਲ ਰਹੇ ਹਨ। ਬੀਤੇ ਦਿਨੀਂ ਢੀਢਾ ਸੈਣੀਅਾਂ ਤੋਂ ਦੀਨਾਨਗਰ ਪੁਲਸ ਨੇ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਸੀ। ਜਦਕਿ ਇਸ ਪਿੰਡ ਦੇ ਪ੍ਰਮੁੱਖ ਲੋਕ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਲੋਕਾਂ ਨੂੰ ਪ੍ਰੇਰਿਤ ਕਰ ਕੇ ਪਿੰਡ ’ਚੋਂ ਸ਼ਰਾਬ ਦਾ ਨਾਜਾਇਜ਼ ਧੰਦਾ ਬੰਦ ਕਰਵਾ ਦਿੱਤਾ ਹੈ ਪਰ ਜੇਕਰ ਇਨ੍ਹਾਂ ਪਿੰਡਾਂ ਦੇ ਉਹ ਲੋਕ ਜੋ ਸ਼ਰਾਬ ਤਿਆਰ ਕਰਦੇ ਹਨ, ਨਾਲ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਰਾਬ ਦਾ ਧੰਦਾ ਕਰਨਾ ਸਾਡੀ ਮਜਬੂਰੀ ਹੈ ਅਤੇ ਪਰਿਵਾਰ ਚਲਾਉਣ ਲਈ ਹੋਰ ਕੋਈ ਰਸਤਾ ਉਨ੍ਹਾਂ ਕੋਲ ਨਹੀਂ ਹੈ।
ਇਨ੍ਹਾਂ ਔਰਤਾਂ ’ਤੇ ਦਰਜ ਹਨ ਕੇਸ
ਪੁਲਸ ਸਟੇਸ਼ਨ ਦੀਨਾਨਗਰ ਦੇ ਪਿੰਡ ਢੀਢਾ ਨਿਵਾਸੀ ਮਹਿਲਾ ਮਿੱਤਰਾ, ਪੁਸ਼ਪਾ, ਸ਼ਿਮਲਾ ਰਾਣੀ, ਲਖਵਿੰਦਰ ਕੌਰ ਵਿਰੁੱਧ 10 ਤੋਂ 35 ਕੇਸ ਵੱਖ-ਵੱਖ ਅਦਾਲਤਾਂ ਵਿਚ ਚੱਲ ਰਹੇ ਹਨ। ਇਸੇ ਤਰ੍ਹਾਂ ਪਿੰਡ ਬਰਿਆਰ ਨਿਵਾਸੀ ਕਮਲਾ, ਸੰਦਲਾ, ਅਨੀਤਾ ਪ੍ਰਮੁੱਖ ਹਨ ਜਦਕਿ ਪਿੰਡ ਗਾਂਧੀਅਾਂ ਨਿਵਾਸੀ ਪ੍ਰਭਾ ਤੇ ਗੋਗੀ ਇਸ ਕੰਮ ’ਚ ਬਹੁਤ ਅੱਗੇ ਹਨ।
ਸਿਟੀ ਪੁਲਸ ਸਟੇਸ਼ਨ ਅਧੀਨ ਇਲਾਕਾ ਮਾਨਕੌਰ ਦੀ ਰਾਣੀ, ਕਮਲੇਸ਼, ਅਨੀਤਾ ਤੇ ਸਰੀਫਾਂ ’ਤੇ ਅਨੇਕਾਂ ਕੇਸ ਚੱਲ ਰਹੇ ਹਨ ਜਦਕਿ ਬਹਿਰਾਮਪੁਰ ਪੁਲਸ ਸਟੇਸ਼ਨ ’ਚ ਰਾਜ ਰਾਣੀ ਨਿਵਾਸੀ ਪਿੰਡ ਕੈਰੇ, ਸਰਸਵਤੀ ਨਿਵਾਸੀ ਪਿੰਡ ਦੋਦਵਾਂ, ਬਿਮਲਾ ਨਿਵਾਸੀ ਪਿੰਡ ਕੈਰੇ, ਕੁੰਤੀ ਨਿਵਾਸੀ ਦੋਦਵਾਂ, ਕੈਲਾਸ਼ੋ ਨਿਵਾਸੀ ਪਿੰਡ ਕੈਰੇ ਅਜਿਹੀਅਾਂ ਅੌਰਤਾਂ ਹਨ ਜੋ ਨਸ਼ਿਅਾਂ ਦੇ ਕਾਰੋਬਾਰ ਲਈ ਬਦਨਾਮ ਹਨ। ਇਹ ਜ਼ਮਾਨਤ ’ਤੇ ਛੁੱਟਦੇ ਹੀ ਫਿਰ ਇਸੇ ਧੰਦੇ ’ਚ ਲੱਗ ਜਾਂਦੀਅਾਂ ਹਨ।
ਇਸ ਸਬੰਧੀ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਰਾਬ ਦਾ ਨਾਜਾਇਜ਼ ਧੰਦਾ ਪੂਰੀ ਤਰ੍ਹਾਂ ਨਾਲ ਸਮਾਪਤ ਕੇਵਲ ਜਨ-ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਇਸ ਧੰਦੇ ’ਚ ਅੌਰਤਾਂ ਦੀ ਸ਼ਮੂਲੀਅਤ ਕਾਫੀ ਹੈ ਅਤੇ ਵੱਡੀ ਗਿਣਤੀ ’ਚ ਅੌਰਤਾਂ ਸ਼ਰਾਬ ਦਾ ਨਾਜਾਇਜ਼ ਧੰਦਾ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਅੌਰਤਾਂ ਦੀ ਤਲਾਸ਼ੀ ਲੈਣਾ ਪੁਲਸ ਕਰਮਚਾਰੀਆਂ ਲਈ ਅੌਖਾ ਹੁੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਪੁਲਸ ਹੱਥ ’ਤੇ ਹੱਥ ਰੱਖ ਕੇ ਬੈਠੀ ਹੈ। ਨਾਕਿਆਂ ’ਤੇ ਮਹਿਲਾ ਪੁਲਸ ਕਰਮਚਾਰੀ ਵੀ ਤਾਇਨਾਤ ਕੀਤੇ ਜਾਂਦੇ ਹਨ ਅਤੇ ਜ਼ਰੂਰਤ ਪੈਣ ’ਤੇ ਮਹਿਲਾ ਪੁਲਸ ਨੂੰ ਅੌਰਤਾਂ ਦੀ ਤਲਾਸ਼ੀ ਲੈਣ ਲਈ ਭੇਜਿਆ ਜਾਂਦਾ ਹੈ।
ਉਨ੍ਹਾਂ ਮੰਨਿਅਾ ਕਿ ਪੁਲਸ ਸਟੇਸ਼ਨਾਂ ’ਚ ਮਹਿਲਾ ਕਰਮਚਾਰੀਆਂ ਦੀ ਗਿਣਤੀ ਬਹੁਤ ਘੱਟ ਹੈ, ਜਿਸ ਕਾਰਨ
ਕੁਝ ਪ੍ਰੇਸ਼ਾਨੀ ਜ਼ਰੂਰ ਪੇਸ਼ ਆਉਂਦੀ ਹੈ। ਜਲਦੀ ਹੀ ਮਹਿਲਾ ਪੁਲਸ ਕਰਮਚਾਰੀਆਂ ਦੀ ਪੁਲਸ ਸਟੇਸ਼ਨਾਂ ’ਚ ਗਿਣਤੀ ਵਧਾਈ ਜਾਵੇਗੀ।
57 ਆਈ.ਏ.ਐੱਸ. ਤੇ ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
NEXT STORY