ਅਧਿਕਾਰੀਆਂ ਦੀ ਲਾਪ੍ਰਵਾਹੀ, ਲੋਕ ਹੋ ਰਹੇ ਪ੍ਰੇਸ਼ਾਨ
ਜਲੰਧਰ(ਧਵਨ)- ਨਿਰਮਾਣ ਅਧੀਨ ਨੈਸ਼ਨਲ ਹਾਈਵੇ ਫਲਾਈਓਵਰ ਤੋਂ ਕਰਤਾਰਪੁਰ ਸ਼ਹਿਰ ਨੂੰ ਐਂਟਰੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ। ਇਸ ਨਿਰਮਾਣ ਅਧੀਨ ਫਲਾਈਓਵਰ ਤੋਂ ਸਰਵਿਸ ਲੇਨ ਵੱਲ ਕੋਈ ਰਸਤਾ ਨਹੀਂ ਰੱਖਿਆ ਗਿਆ ਹੈ। ਜੇਕਰ ਕਿਸੇ ਨੇ ਕਰਤਾਰਪੁਰ ਜਾਣਾ ਹੈ ਤਾਂ ਉਸਨੂੰ ਜਲੰਧਰ ਤੋਂ ਪਠਾਨਕੋਟ ਚੌਕ ਤੋਂ ਸਰਵਿਸ ਰੋਡ 'ਤੇ ਆਉਣਾ ਪਵੇਗਾ। ਇਸ ਇਲਾਕੇ ਤੋਂ ਕਰਤਾਰਪੁਰ ਦੀ ਦੂਰੀ 15 ਕਿ. ਮੀ. ਹੈ। ਨਿਰਮਾਣ ਅਧੀਨ ਹਾਈਵੇ ਤੋਂ ਕਰਤਾਰਪੁਰ ਲਈ ਕੋਈ ਵੀ ਮਨਜ਼ੂਰਸ਼ੁਦਾ ਐਂਟਰੀ ਨਾ ਰੱਖੇ ਜਾਣ ਕਾਰਨ ਕਰਤਾਰਪੁਰ ਦੇ ਲੋਕਾਂ ਵਿਚ ਵੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਜੇਕਰ ਲੋਕ ਹਾਈਵੇ 'ਤੇ ਸਫਰ ਕਰਦੇ ਹੋਏ ਕਰਤਾਰਪੁਰ ਨੂੰ ਪਾਰ ਕਰਕੇ ਹਮੀਰਾ ਪਹੁੰਚਣਗੇ ਤਾਂ ਹੀ ਉਨ੍ਹਾਂ ਨੂੰ ਯੂ ਟਰਨ ਮਿਲੇਗਾ। ਇਸ ਤੋਂ ਪਹਿਲਾਂ ਕੋਈ ਵੀ ਯੂ-ਟਰਨ ਨਹੀਂ ਹੈ। ਕਰਤਾਰਪੁਰ ਤੋਂ ਹਮੀਰਾ ਦੀ ਦੂਰੀ ਵੀ 7 ਕਿਲੋਮੀਟਰ ਤੋਂ ਵੱਧ ਦੱਸੀ ਜਾ ਰਹੀ ਹੈ। ਸਰਵਿਸ ਲੇਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਸ ਵਲ ਨੈਸ਼ਨਲ ਹਾਈਵੇ ਦੇ ਅਧਿਕਾਰੀ ਫਿਲਹਾਲ ਧਿਆਨ ਨਹੀਂ ਦੇ ਰਹੇ। ਪਠਾਨਕੋਟ ਚੌਕ ਤੋਂ ਕਰਤਾਰਪੁਰ ਵਲ ਸਰਵਿਸ ਲੇਨ 'ਤੇ ਸਫਰ ਕਰਦਿਆਂ ਕਾਲੀਆ ਕਾਲੋਨੀ ਦੇ ਨੇੜੇ ਪੈਟਰੋਲ ਪੰਪ ਤੇ ਦੂਜਾ ਵੇਰਕਾ ਮਿਲਕ ਪਲਾਂਟ ਅੰਡਰ ਪਾਸ 'ਤੇ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਲੋਕਾਂ ਦਾ ਮੰਨਣਾ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਨੂੰ ਨੈਸ਼ਨਲ ਹਾਈਵੇ ਬਣਾਉਂਦੇ ਸਮੇਂ ਕਰਤਾਰਪੁਰ ਤੇ ਆਲੇ-ਦੁਆਲੇ ਦੇ ਸ਼ਹਿਰਾਂ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਲੋਕਾਂ ਨੇ ਕਿਹਾ ਕਿ ਜੇਕਰ ਉਹ ਕਰਤਾਰਪੁਰ ਤੋਂ 15 ਕਿਲੋਮੀਟਰ ਪਹਿਲਾਂ ਸਰਵਿਸ ਲੇਨ 'ਤੇ ਆਉਂਦੇ ਹਨ ਤਾਂ ਰਸਤੇ ਵਿਚ ਅਨੇਕਾਂ ਮੁਸ਼ਕਲਾਂ ਪੈਦਾ ਹੋਣਗੀਆਂ। ਜੇਕਰ ਉਹ ਹਮੀਰਾ ਤੋਂ ਯੂ-ਟਰਨ ਲੈ ਕੇ ਆਉਂਦੇ ਹਨ ਤਾਂ ਵੀ ਉਨ੍ਹਾਂ ਨੂੰ ਕਾਫੀ ਲੰਮਾ ਪੈਂਡਾ ਤੈਅ ਕਰਨਾ ਪਵੇਗਾ। ਇਸ ਲਈ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਸਭ ਤੋਂ ਪਹਿਲਾਂ ਕਰਤਾਰਪੁਰ ਦੇ ਨੇੜੇ ਹੀ ਨੈਸ਼ਨਲ ਹਾਈਵੇ ਤੋਂ ਸਰਵਿਸ ਲੇਨ ਵਲ ਕੋਈ ਰਸਤਾ ਕੱਢ ਦੇਣ। ਲੋਕਾਂ ਨੇ ਕਿਹਾ ਕਿ ਪਹਿਲਾਂ ਹੀ ਪੈਟਰੋਲ ਤੇ ਡੀਜ਼ਲ ਦੇ ਭਾਅ ਨੂੰ ਅੱਗ ਲੱਗੀ ਹੋਈ ਹੈ। ਇਸ ਲਈ ਜੇਕਰ ਨੈਸ਼ਨਲ ਹਾਈਵੇ ਤੋਂ ਕਰਤਾਰਪੁਰ ਨੂੰ ਐਂਟਰੀ ਨਾ ਮਿਲੀ ਤਾਂ ਵਾਹਨ ਚਾਲਕਾਂ 'ਤੇ ਆਰਥਿਕ ਬੋਝ ਵਧ ਜਾਵੇਗਾ। ਇਸ ਲਈ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਵੇਖਦੇ ਹੋਏ ਵੀ ਕਰਤਾਰਪੁਰ ਨੇੜੇ ਸ਼ਹਿਰ ਲਈ ਐਂਟਰੀ ਪੁਆਇੰਟ ਰੱਖੇ ਜਾਣੇ ਚਾਹੀਦੇ ਹਨ। ਲੋਕਾਂ ਨੇ ਕਿਹਾ ਕਿ ਜੇਕਰ ਇਕ ਵਾਰ ਨੈਸ਼ਨਲ ਹਾਈਵੇ ਬਣ ਗਿਆ ਤਾਂ ਕਰਤਾਰਪੁਰ ਤੋਂ ਐਂਟਰੀ ਦੇਣੀ ਮੁਸ਼ਕਲ ਹੋ ਜਾਵੇਗੀ। ਇਸ ਲਈ ਅਧਿਕਾਰੀਆਂ ਨੂੰ ਹੁਣੇ ਤੋਂ ਤਿਆਰ ਕੀਤੇ ਗਏ ਨੈਸ਼ਨਲ ਹਾਈਵੇ ਦੇ ਨਕਸ਼ੇ ਵਿਚ ਫੇਰਬਦਲ ਕਰਦਿਆਂ ਕਰਤਾਰਪੁਰ ਤੋਂ ਆਉਣ-ਜਾਣ ਵਲ ਇਕ-ਇਕ ਐਂਟਰੀ ਰਸਤਾ ਸਰਵਿਸ ਲੇਨ ਵਲ ਮੋੜ ਦੇਣਾ ਚਾਹੀਦਾ ਹੈ।
ਜ਼ਿਲੇ ਦੇ 1000 ਪਿੰਡਾਂ ਨੂੰ ਕੀਤਾ ਖੁੱਲ੍ਹੇ 'ਚ ਸ਼ੌਚ-ਮੁਕਤ : ਡੀ. ਸੀ.
NEXT STORY