ਜਲਾਲਾਬਾਦ(ਗੋਇਲ)-ਕੁਦਰਤ ਨੂੰ ਮਨੁੱਖ ਦਾ ਸਭ ਤੋਂ ਸੱਚਾ ਮਿੱਤਰ ਕਿਹਾ ਗਿਆ ਹੈ। ਕੁਦਰਤ ਨੇ ਮਨੁੱਖਤਾ ਨੂੰ ਬੇਹਿਸਾਬ ਅਨਮੋਲ ਤੋਹਫਿਆਂ ਦੇ ਰੂਪ ਵਿਚ ਜੰਗਲ, ਜੀਵ ਅਤੇ ਹਵਾ ਦਿੱਤੀ ਹੈ ਪਰ ਸ਼ਾਇਦ ਮਨੁੱਖ ਕੁਦਰਤ ਦੇ ਮਹੱਤਵ ਨੂੰ ਸਮਝ ਨਹੀਂ ਰਿਹਾ ਹੈ ਅਤੇ ਲਗਾਤਾਰ ਕੁਦਰਤ ਨਾਲ ਛੇਡ਼ਛਾਡ਼ ਕਰਨ ’ਚ ਲੱਗਿਆ ਹੋਇਆ ਹੈ । ੲਿਸ ਲਈ ਅੱਜ ਵਿਸ਼ਵ ਕੁਦਰਤ ਸੁਰੱਖਿਆ ਦਿਹਾਡ਼ੇ ਦੇ ਮੌਕੇ ’ਤੇ ਕੁਦਰਤ ਨੂੰ ਬਚਾਉਣ ਦਾ ਸੰਕਲਪ ਲੈਣ ਦੀ ਲੋਡ਼ ਹੈ।
ਸਾਲ 2002 ’ਚ ਮਨਾਇਆ ਗਿਆ ਪਹਿਲੀ ਵਾਰ ਵਿਸ਼ਵ ਕੁਦਰਤ ਸੁਰੱਖਿਆ ਦਿਹਾੜਾ
ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਅਤੇ ਆਉਣ ਵਾਲੇ ਸਮੇਂ ਵਿਚ ਮਨੁੱਖ ਜਾਤੀ ਨੂੰ ਖਤਮ ਹੋਣ ਤੋਂ ਬਚਾਉਣ ਲਈ ਸਾਲ 1992 ’ਚ ਬ੍ਰਾਜ਼ੀਲ ਵਿਚ ਦੁਨੀਆ ਭਰ ਦੇ 172 ਦੇਸ਼ਾਂ ਦਾ ਇਕੱਠ ਹੋਇਆ। ਇਸ ਤੋਂ ਬਾਅਦ ਸਾਲ 2002 ’ਚ ਜੌਹਾਨਸਬਰਗ ਵਿਚ ਵਿਸ਼ਵ ਕੁਦਰਤ ਸੁਰੱਖਿਆ ਦਿਹਾਡ਼ਾ ਸੰਮੇਲਨ ਕਰ ਕੇ ਸਾਰੇ ਦੇਸ਼ਾਂ ਵੱਲੋਂ ਕੁਦਰਤ ਦੇ ਬਚਾਅ ’ਤੇ ਧਿਆਨ ਦੇਣ ਦਾ ਸੱਦਾ ਦਿੱਤਾ ਗਿਆ।
ਵਿਸ਼ਵ ਕੁਦਰਤ ਸੁਰੱਖਿਆ ਦਿਹਾਡ਼ਾ ਮਨਾਉਣ ਦਾ ਉਦੇਸ਼
ਵਿਸ਼ਵ ਕੁਦਰਤ ਸੁਰੱਖਿਆ ਦਿਹਾੜੇ ਦੇ ਪਿੱਛੇ ਮੰਤਵ ਧਰਤੀ ਦੇ ਕੁਦਰਤੀ ਵਾਤਾਵਰਣ ਤੋਂ ਗਾਇਬ ਹੋ ਰਹੇ ਜੀਵ-ਜੰਤੂਆਂ ਅਤੇ ਰੁੱਖਾਂ ਦਾ ਬਚਾਅ ਕਰਨਾ ਹੈ। ਇਹ ਵਨਸਪਤੀ ਅਤੇ ਜੀਵ ਮਨੁੱਖ ਦੇ ਸੱਚੇ ਮਿੱਤਰ ਹਨ ਅਤੇ ਇਨ੍ਹਾਂ ਨੂੰ ਬਚਾਉਣਾ ਸਮੇਂ ਦੀ ਲੋਡ਼ ਹੈ।
ਜਲ, ਜੰਗਲ ਅਤੇ ਜ਼ਮੀਨ ਬਿਨਾਂ ਕੁਝ ਨਹੀਂ
ਜਲ, ਜੰਗਲ ਅਤੇ ਜ਼ਮੀਨ, ਇਨ੍ਹਾਂ ਤਿੰਨਾਂ ਤੱਤਾਂ ਦੇ ਬਿਨਾਂ ਕੁਦਰਤ ਅਧੂਰੀ ਹੈ। ਵਿਸ਼ਵ ’ਚ ਸਭ ਤੋਂ ਤਰੱਕੀ ਵਾਲੇ ਦੇਸ਼ ਉਹੀ ਹਨ, ਜਿਨ੍ਹਾਂ ਕੋਲ ਇਹ ਤਿੰਨੋਂ ਚੀਜ਼ਾਂ ਵੱਡੀ ਮਾਤਰਾ ’ਚ ਹਨ। ਇਨ੍ਹਾਂ ਤਿੰਨਾਂ ਵਸਤਾਂ ਦੇ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਅੱਜ ਤਿੰਨਾਂ ਦੀ ਧਰਤੀ ਤੋਂ ਲਗਾਤਾਰ ਘਾਟ ਹੋ ਰਹੀ ਹੈ, ਜੋ ਕਿ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਅੱਜ ਨਵੀਆਂ ਕਾਲੋਨੀਆਂ ਅਤੇ ਫਲੈਟ ਬਣਾਉਣ ਲਈ ਲਗਾਤਾਰ ਜੰਗਲਾਂ ਨੂੰ ਖਤਮ ਕੀਤਾ ਜਾ ਰਿਹਾ ਹੈ।
ਪ੍ਰਦੂਸ਼ਿਤ ਹੁੰਦੀ ਹਵਾ
ਜੇਕਰ ਕੁਝ ਸੈਕਿੰਡਾਂ ਲਈ ਹਵਾ ਨਾ ਮਿਲੇ ਤਾਂ ਪੂਰੀ ਮਨੁੱਖ ਜਾਤੀ ਅਤੇ ਦੁਨੀਆ ਕੁਝ ਹੀ ਪਲਾਂ ’ਚ ਖਤਮ ਹੋ ਜਾਵੇਗੀ ਪਰ ਅੱਜ ਮਨੁੱਖ ਦੀਆਂ ਆਪਣੀਆਂ ਗਲਤੀਆਂ ਕਾਰਨ, ਫੈਕਟਰੀਆਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਅਤੇ ਰੁੱਖਾਂ ਦੇ ਲਗਾਤਾਰ ਕੱਟਣ ਨਾਲ ਹਵਾ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਹੈ। ਵਾਤਾਵਰਣ ਅਤੇ ਹਵਾ ਦੇ ਪ੍ਰਦੂਸ਼ਿਤ ਹੋਣ ਕਾਰਨ ਬੀਮਾਰੀਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਹਾਲੇ ਵੀ ਮਨੁੱਖ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਨਹੀਂ ਆ ਰਿਹਾ ਹੈ।
ਜਲਾਲਾਬਾਦ ’ਚ ਰੁੱਖ ਲਾਉਣ ਦੀ ਮੁਹਿੰਮ ਜਾਰੀ
ਜਲਾਲਾਬਾਦ ’ਚ ਵੱਖ-ਵੱਖ ਸਮਾਜਿਕ ਜਥੇਬੰਦੀਆਂ, ਨਗਰ ਕੌਂਸਲ ਅਤੇ ਪ੍ਰਸ਼ਾਸਨ ਵੱਲੋਂ ਰੁੱਖ ਲਾਉਣ ਦੀ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ। ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ, ਭਾਰਤ ਵਿਕਾਸ ਪ੍ਰੀਸ਼ਦ ਸਮੇਤ ਹੋਰ ਸੰਸਥਾਵਾਂ ਵੱਲੋਂ ਬੂਟੇ ਲਾਏ ਜਾ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਥੇਬੰਦੀਆਂ ਵੱਲੋਂ ਬੂਟੇ ਲਾਉਣ ਦੇ ਨਾਲ-ਨਾਲ ਇਨ੍ਹਾਂ ਦੇ ਰੱਖ-ਰਖਾਅ ਅਤੇ ਸੰਭਾਲ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਸਾਰਿਆਂ ਨੂੰ ਮਾਰਨਾ ਪਵੇਗਾ ਹੰਭਲਾ
ਅੱਜ ਕੁਦਰਤ ਦੀ ਚਿੰਤਾਜਨਕ ਹਾਲਤ ਲਈ ਕਿਸੇ ਇਕ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਅਤੇ ਨਾ ਹੀ ਕੁਦਰਤ ਨੂੰ ਬਚਾਉਣ ਲਈ ਕਿਸੇ ਇਕ ’ਤੇ ਜਾਂ ਸਰਕਾਰ ਦੇ ਮੋਢਿਆਂ ’ਤੇ ਜ਼ਿੰਮੇਵਾਰੀ ਸੁੱਟੀ ਜਾ ਸਕਦੀ ਹੈ। ਸਗੋਂ ਕੁਦਰਤ ਨੂੰ ਬਚਾਉਣ ਅਤੇ ਉਸ ਨੂੰ ਹਰਿਆ-ਭਰਿਆ ਬਣਾਉਣ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ ਅਤੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਗੰਭੀਰਤਾ ਨਾਲ ਨਿਭਾਉਣਾ ਪਵੇਗਾ।
ਹਾਦਸੇ ’ਚ 2 ਵਿਅਕਤੀਅਾਂ ਦੀ ਮੌਤ, 1 ਜ਼ਖਮੀ
NEXT STORY