ਚੰਡੀਗੜ੍ਹ : ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਐੱਚ. ਐੱਸ. ਫੂਲਕਾ ਨੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਇਕ ਵਾਰ ਫਿਰ ਵੰਗਾਰਿਆ ਹੈ। ਫੂਲਕਾ ਨੇ ਨਵਜੋਤ ਸਿੱਧੂ ਨੂੰ ਵਿਧਾਨ ਸਭਾ 'ਚੋਂ ਅਸਤੀਫਾ ਦੇਣ ਲਈ ਵੰਗਾਰਦਿਆਂ ਆਖਿਆ ਕਿ ਨਵਜੋਤ ਸਿੱਧੂ ਵਲੋਂ ਵਿਧਾਨ ਸਭਾ 'ਚ ਅੱਡੀ ਗਈ ਝੋਲੀ ਅਜੇ ਤਕ ਵੀ ਖਾਲ੍ਹੀ ਪਈ ਹੈ, ਜਦਕਿ ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਪੋਰਟਫੋਲੀਓ ਬਦਲਣ ਕਰਕੇ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੀ ਵਿਧਾਨ ਸਭਾ ਦੀ ਸੀਟ ਵੀ ਬਦਲ ਗਈ ਹੈ। ਇਸ ਲਈ ਹੁਣ ਸਿੱਧੂ ਨੂੰ ਚਾਹੀਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਅਤੇ ਦੋਸ਼ੀਆਂ 'ਤੇ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਵਿਧਾਨ ਸਭਾ 'ਚੋਂ ਵੀ ਅਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਵਿਚ ਆਉਣ। ਜੇਕਰ ਤੁਸੀਂ ਸਦਨ ਵਿਚ ਬੈਠ ਕੇ ਵੀ ਕੁਝ ਨਹੀਂ ਕਰ ਸਕਦੇ ਤਾਂ ਤੁਹਾਡੇ ਵਿਧਾਨ ਸਭਾ ਵਿਚ ਬੈਠਣ ਦਾ ਕੋਈ ਫਾਇਦਾ ਨਹੀਂ ਹੈ।
ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਅਸਤੀਫਾ ਦੇਣ ਵਾਲੇ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਵੀ ਉਨ੍ਹਾਂ ਵੰਗਾਰਿਆ। ਉਨ੍ਹਾਂ ਕਿਹਾ ਕਿ ਜਿਸ ਸਮੇਂ ਤੁਸੀਂ ਵਿਧਾਇਕੀ ਤੋਂ ਅਸਤੀਫਾ ਦਿੱਤਾ ਸੀ, ਉਸ ਸਮੇਂ ਤੁਹਾਨੂੰ ਕੌਮ ਨੇ ਹੱਥਾਂ 'ਤੇ ਚੁੱਕ ਲਿਆ ਸੀ। ਹੁਣ ਸੱਤਾ 'ਚ ਤੁਹਾਡੀ ਹੀ ਸਰਕਾਰ ਹੈ ਫਿਰ ਵੀ ਤੁਸੀਂ ਕੁਝ ਨਹੀਂ ਕਰ ਰਹੇ, ਲਿਹਾਜ਼ਾ ਤੁਹਾਡਾ ਸਦਨ ਵਿਚ ਬੈਠਣ ਦਾ ਕੋਈ ਫਾਇਦਾ ਨਹੀਂ ਹੈ। ਫੂਲਕਾ ਨੇ ਕਿਹਾ ਕਿ ਜਿਹੜਾ ਵੀ ਲੀਡਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦਾ ਹੈ, ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਰਕਾਰ 'ਤੇ ਦਬਾਅ ਪਾਉਣਾ ਚਾਹੀਦਾ ਹੈ।
ਅੱਗੇ ਬੋਲਦੇ ਹੋਏ ਫੂਲਕਾ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਰੱਖੇ ਗਏ ਵਿਸ਼ੇਸ਼ ਸੈਸ਼ਨ ਦੌਰਾਨ ਲੰਬਾ ਚੌੜਾ ਭਾਸ਼ਣ ਦਿੱਤਾ, ਫਿਰ ਅੱਜ ਉਹ ਚੁੱਪ ਹੋ ਕੇ ਕਿਉਂ ਬੈਠੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ 'ਤੇ ਦਬਾਅ ਪਾਉਣ ਲਈ ਬੈਂਸ ਭਰਾਵਾਂ ਅਤੇ ਸੁਖਪਾਲ ਖਹਿਰਾ ਨੂੰ ਵੀ ਅਸਤੀਫਾ ਦੇਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸਤੀਫਿਆਂ ਦੀ ਲੜੀ ਲੱਗ ਗਈ ਫਿਰ ਆਪਣੇ ਆਪ ਹੀ ਸਰਕਾਰ ਗੁਰੂ ਦੇ ਦੋਖੀਆਂ 'ਤੇ ਕਾਰਵਾਈ ਕਰਨ ਲਈ ਮਜਬੂਰ ਹੋ ਜਾਵੇਗੀ।
ਫੂਲਕਾ ਨੇ ਕਿਹਾ ਕਿ ਬਰਗਾੜੀ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ 'ਤੇ ਹੀ ਗੋਲੀ ਚਲਾਈ ਗਈ ਸੀ ਪਰ ਬਾਵਜੂਦ ਇਸ ਦੇ ਕੋਈ ਕਾਰਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਿਨਾਂ ਸੰਗਤਾਂ 'ਤੇ ਗੋਲੀ ਚਲਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਫੂਲਕਾ ਨੇ ਸਾਫ ਕੀਤਾ ਕਿ ਉਹ ਭਵਿੱਖ ਵਿਚ ਕਿਸੇ ਵੀ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਬਣਨਗੇ।
ਪੰਜਾਬ ਪੁਲਸ ਤੋਂ ਡਰਿਆ ਸੈਰ-ਸਪਾਟਾ ਵਿਭਾਗ
NEXT STORY