ਲੁਧਿਆਣਾ : ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਦਾ ਮਹਿਕਮਾ ਬਦਲੇ ਜਾਣ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਿੱਧੂ ਦੇ ਆਉਣ ਨਾਲ ਸਥਾਨਕ ਸਰਕਾਰਾਂ ਵਿਭਾਗ ਨੂੰ ਬਲ ਮਿਲਿਆ ਸੀ ਅਤੇ ਇਸ ਵਿਭਾਗ ਦੀ ਕਾਰਗੁਜ਼ਾਰੀ ਵੀ ਚੰਗੀ ਸੀ। ਬੈਂਸ ਨੇ ਕਿਹਾ ਕਿ ਸਿੱਧੂ ਨੂੰ ਜਾਣ ਬੁੱਝ ਕੇ ਟਾਰਗਿਟ ਕੀਤਾ ਜਾ ਰਿਹਾ ਹੈ। ਬੈਂਸ ਨੇ ਕਿਹਾ ਕਿ ਪੰਜਾਬ ਦੀ ਜਨਤਾ ਸੱਚ ਅਤੇ ਝੂਠ ਵਿਚ ਫਰਕ ਜਾਣਦੀ ਹੈ ਅਤੇ ਸਿੱਧੂ ਵੀ ਸੱਚ ਬੋਲਣ ਵਾਲਾ ਲੀਡਰ ਹੈ। ਉਨ੍ਹਾਂ ਕਿਹਾ ਕਿ ਜਿਹੜਾ ਲੁੱਟ-ਖਸੁੱਟ ਦਾ ਕੰਮ ਬੀਤੇ 10 ਸਾਲਾਂ ਦੌਰਾਨ ਬਾਦਲ ਸਰਕਾਰ ਨੇ ਕੀਤਾ ਸੀ, ਉਹੀ ਹੁਣ ਕੈਪਟਨ ਜੁੰਡਲੀ ਕਰ ਰਹੀ ਹੈ। ਬੈਂਸ ਨੇ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਬਣਨ ਨਾਲ ਪੰਜਾਬ ਦੀ ਆਰਥਿਕਤਾ ਵੱਡੀ ਪੱਧਰ 'ਤੇ ਤਬਾਹ ਹੋ ਰਹੀ ਹੈ।
ਇਸ ਦੇ ਨਾਲ ਹੀ ਸਿਮਰਜੀਤ ਬੈਂਸ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਹਿੱਸਾ ਬਣਨ ਦਾ ਵੀ ਸੱਦਾ ਦਿੱਤਾ ਹੈ। ਬੈਂਸ ਨੇ ਕਿਹਾ ਕਿ ਉਹ 2022 ਵਿਚ ਸਿੱਧੂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਗੇ ਅਤੇ ਲੋਕਾਂ ਵਿਚ ਜਾਣਗੇ। ਹਾਲਾਂਕਿ ਉਨ੍ਹਾਂ ਸਾਫ ਕੀਤਾ ਕਿ ਅਜੇ ਇਸ ਸੰਬੰਧੀ ਕੋਈ ਗੱਲਬਾਤ ਨਹੀਂ ਹੋਈ ਹੈ ਪਰ ਉਹ ਜਲਦ ਹੀ ਇਸ ਵਿਸ਼ੇ 'ਤੇ ਗੱਲਬਾਤ ਕਰਨਗੇ। ਬੈਂਸ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਸਿੱਧੂ ਨੂੰ ਕਾਂਗਰਸ ਦਾ ਹਿੱਸਾ ਨਾ ਬਨਣ ਦੀ ਸਲਾਹ ਦਿੱਤੀ ਸੀ ਪਰ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਹੈ।
ਦੋ ਗੁੱਟਾਂ ਵਿਚਕਾਰ ਝੜਪ, 2 ਜ਼ਖਮੀ
NEXT STORY