ਪਟਿਆਲਾ (ਬਲਜਿੰਦਰ, ਪਰਮੀਤ, ਰਾਣਾ) : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਚਾਰ ਸਲਾਹਕਾਰਾਂ ਦੀ ਤੁਲਨਾ ਪੰਜ ਪਿਆਰਿਆਂ ਨਾਲ ਕਰਨ ’ਤੇ ਭੜਕੇ ਯੂਥ ਅਕਾਲੀ ਦਲ ਵੱਲੋਂ ਪ੍ਰਧਾਨ ਸਤਨਾਮ ਸਿੰਘ ਸੱਤਾ ਦੀ ਅਗਵਾਈ ਹੇਠ ਹਰੀਸ਼ ਰਾਵਤ ਦਾ ਪੁਤਲਾ ਸਾੜਿਆ ਗਿਆ। ਜਿਸ ਵਿਚ ਯੂਥ ਅਕਾਲੀ ਦਲ ਦੇ ਬੁਲਾਰੇ ਅਮਿਤ ਸਿੰਘ ਰਾਠੀ, ਹਰਿੰਦਰਪਾਲ ਸਿੰਘ ਟੌਹੜ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਮਨੀ ਭੰਗੂ, ਜਸਪਾਲ ਸਿੰਘ ਬਿੱਟੂ ਚੱਠਾ, ਇੰਦਰਜੀਤ ਸਿੰਘ ਰੱਖੜਾ, ਧਰਮਿੰਦਰ ਸਿੰਘ ਭੋਜੇਮਾਜਰੀ, ਤੇਜਬੀਰ ਸਿੰਘ ਖਾਂਘ, ਲੱਖਾ ਸਿੰਘ ਸੰਧੂ ਅਤੇ ਨਰਿੰਦਰ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਇਸ ਮੌਕੇ ਕਾਂਗਰਸ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਕਿਹਾ ਕਿ ਹਰੀਸ਼ ਰਾਵਤ ਨੇ ਆਪਣੀ ਫੋਕੀ ਬਿਆਨਬਾਜ਼ੀ ਲਈ ਸਿੱਖ ਮਰਿਆਦਾਵਾਂ ਦਾ ਘਾਣ ਕੀਤਾ ਹੈ। ਜਿਸ ਨਾਲ ਸਿੱਖ ਜਗਤ ਦੇ ਹਿਰਦੇ ਵਲੁੰਦਰੇ ਗਏ। ਉਨ੍ਹਾਂ ਕਿਹਾ ਕਿ ਇਸ ’ਤੇ ਹਰੀਸ਼ ਰਾਵਤ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪ੍ਰਧਾਨ ਸੱਤਾ ਨੇ ਕਿਹਾ ਕਿ ਸਿੱਖ ਧਰਮ ਨਾਲ ਛੇੜਛਾੜ ਨੂੰ ਯੂਥ ਅਕਾਲੀ ਦਲ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਹਮੇਸ਼ਾਂ ਸਿੱਖ ਧਰਮ ਦੀਆ ਮਰਿਆਦਾਵਾਂ ਨੂੰ ਤੋੜਨ ਦੀ ਕੋਸ਼ਿਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜੇ ਸਿੱਖ ਜਗਤ 1984 ਵਿਚ ਕੀਤੇ ਨਿਰਦੋਸ਼ ਸਿੱਖਾਂ ਦੇ ਕਤਲ ਅਤੇ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਨੂੰ ਨਹੀਂ ਭੁਲਿਆ ਹੈ ਅਤੇ ਹੁਣ ਫਿਰ ਤੋਂ ਸਿੱਖ ਮਰਿਆਦਾਵਾਂ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਯੂਥ ਅਕਾਲੀ ਦਲ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ਪ੍ਰਧਾਨ ਸੱਤਾ ਨੇ ਕਿਹਾ ਕਿ ਜੇਕਰ ਹਰੀਸ਼ ਰਾਵਤ ਦੇ ਖ਼ਿਲਾਫ਼ ਜਲਦ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਯੂਥ ਅਕਾਲੀ ਆਪਣਾ ਸੰਘਰਸ਼ ਹੋਰ ਤੇਜ਼ ਕਰੇਗਾ।
ਕਿਸਾਨਾਂ ਨਾਲ ਸੰਵਾਦ ਦੌਰਾਨ ਬਿਕਰਮ ਮਜੀਠੀਆ ਨੇ ਦਿੱਤੇ ਸੁਆਲਾਂ ਦੇ ਜੁਆਬ (ਵੀਡੀਓ)
NEXT STORY