ਚੰਡੀਗੜ੍ਹ (ਅਸ਼ਵਨੀ)-ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਗੁਆ ਚੁੱਕੇ ਨਵਜੋਤ ਸਿੰਘ ਸਿੱਧੂ ਅਚਾਨਕ ਕਾਫ਼ੀ ਸਰਗਰਮ ਹੋ ਗਏ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ। ਪੰਚਕੂਲਾ ਵਿਚ ਹੋਈ ਇਸ ਮੁਲਾਕਾਤ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਅਸ਼ਵਨੀ ਸੇਖੜੀ, ਨਵਤੇਜ ਚੀਮਾ ਸਮੇਤ ਕਈ ਨੇਤਾ ਮੌਜੂਦ ਰਹੇ। ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ’ਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਇਸ ਦਾ ਵੱਡਾ ਕਾਰਣ ਕਾਂਗਰਸ ਦੇ ਸੀਨੀਅਰ ਨੇਤਾ ਅਸ਼ਵਨੀ ਸੇਖੜੀ ਦਾ ਬਿਆਨ ਵੀ ਹੈ। ਜਾਖੜ ਨਾਲ ਮੁਲਾਕਾਤ ਤੋਂ ਬਾਅਦ ਅਸ਼ਵਨੀ ਸੇਖੜੀ ਨੇ ਕਿਹਾ ਕਿ ਬੁਰੇ ਲੋਕਾਂ ਖ਼ਿਲਾਫ਼ ਚੰਗੇ ਲੋਕ ਇਕੱਠੇ ਹੋ ਰਹੇ ਹਨ। ਉੱਧਰ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਇਹ ਸਿਰਫ਼ ਰਸਮੀ ਮੁਲਾਕਾਤ ਹੈ। ਹਾਲਾਂਕਿ ਪੰਜਾਬ ਕਾਂਗਰਸ ’ਚ ਸਿੱਧੂ ਦੀ ਭੂਮਿਕਾ ’ਤੇ ਚੀਮਾ ਨੇ ਸਾਫ਼ ਕੀਤਾ ਕਿ ਸਿੱਧੂ ਦੀ ਭੂਮਿਕਾ ਨੂੰ ਕਾਂਗਰਸ ਵਿਧਾਇਕ ਦਲ ਤੈਅ ਕਰੇਗਾ।
ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਦੀ ਸਹੂਲਤ ਨੂੰ ਲੈ ਕੇ ਸੁਖਪਾਲ ਖਹਿਰਾ ਦਾ ਟਵੀਟ, ਮਾਨ ਸਰਕਾਰ ਨੂੰ ਕੀਤੀ ਇਹ ਅਪੀਲ
ਕਾਂਗਰਸ ਹਾਈਕਮਾਨ ਨੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪਾਰਟੀ ਲਾਈਨ ਖ਼ਿਲਾਫ਼ ਬਿਆਨਬਾਜ਼ੀ ਨੂੰ ਲੈ ਕੇ ਸ਼ੋਅਕਾਜ਼ ਨੋਟਿਸ ਜਾਰੀ ਕੀਤਾ ਹੋਇਆ ਹੈ। ਇਸ ਸ਼ੋਅਕਾਜ਼ ਨੋਟਿਸ ਤੋਂ ਬਾਅਦ ਸਿੱਧੂ ਦੀ ਜਾਖੜ ਨਾਲ ਇਹ ਪਹਿਲੀ ਮੁਲਾਕਾਤ ਹੈ, ਜਿਸ ਨੂੰ ਲੈ ਕੇ ਰਾਜਨੀਤਕ ਗਲਿਆਰਿਆਂ ਵਿਚ ਚਰਚਾ ਦਾ ਮਾਹੌਲ ਹੈ। ਇਹ ਚਰਚਾਵਾਂ ਇਸ ਲਈ ਵੀ ਅਹਿਮ ਹਨ ਕਿਉਂਕਿ ਸਿੱਧੂ ਨੇ ਜਾਖੜ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਲਾਲ ਸਿੰਘ ਅਤੇ ਸਮਰਾਲਾ ’ਚ ਅਮਰੀਕ ਸਿੰਘ ਢਿੱਲੋਂ ਨਾਲ ਵੀ ਮੁਲਾਕਾਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਇਹ ਮੁਲਾਕਾਤਾਂ ਪਾਰਟੀ ’ਚ ਆਪਣੀ ਅਹਿਮੀਅਤ ਨੂੰ ਦਰਸਾਉਣ ਦੀ ਪਹਿਲ ਹਨ। ਅਜਿਹਾ ਇਸ ਲਈ ਵੀ ਹੈ ਕਿ ਸਿੱਧੂ ਨੇ ਆਪਣੀਆਂ ਇਨ੍ਹਾਂ ਮੁਲਾਕਾਤਾਂ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ। ਇਸ ਕੜੀ ਵਿਚ ਉਨ੍ਹਾਂ ਨੇ ਮੰਡੀਆਂ ਦਾ ਦੌਰਾ ਕਰ ਕੇ ਕਣਕ ਦੀ ਫਸਲ ’ਤੇ ਮੁਆਵਜ਼ੇ ਨੂੰ ਲੈ ਕੇ ਵੀ ਜ਼ੋਰ-ਸ਼ੋਰ ਨਾਲ ਆਵਾਜ਼ ਬੁਲੰਦ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਬਿਜਲੀ ਸੰਕਟ ਹੋਇਆ ਡੂੰਘਾ, ਕੋਲਾ ਖ਼ਤਮ ਹੋਣ ਕਾਰਨ ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਬੰਦ
ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਨ੍ਹਾਂ ਦਾ ਭਾਰਤ ਅਤੇ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਕਿਸਾਨਾਂ ਲਈ ਐਲਾਨਿਆ ਘੱਟੋ-ਘੱਟ ਸਮਰਥਨ ਮੁੱਲ ’ਤੇ ਘੱਟ ਤੋਂ ਘੱਟ 400 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇ। ਇਸ ਵਾਰ ਲੂ ਕਾਰਣ ਕਣਕ ਦਾ ਉਤਪਾਦਨ 30 ਤੋਂ 40 ਫੀਸਦੀ ਘੱਟ ਹੋਇਆ ਹੈ। ਅੰਤਰਰਾਸ਼ਟਰੀ ਮੰਡੀ ਵਿਚ ਕਣਕ ਦੀ ਕੀਮਤ 3500 ਰੁਪਏ ਪ੍ਰਤੀ ਕੁਇੰਟਲ ਹੈ, ਜੋ ਪਿਛਲੇ ਸਾਲ ਦੀ ਔਸਤ ਕੀਮਤ ਨਾਲੋਂ 1500 ਤੋਂ 2000 ਰੁਪਏ ਜ਼ਿਆਦਾ ਹੈ। ਸਰਕਾਰ ਨੂੰ ਇਸ ਲਾਭ ਦਾ ਘੱਟ ਤੋਂ ਘੱਟ ਤੀਜਾ ਹਿੱਸਾ ਕਿਸਾਨਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ। ਸਾਰਾ ਲਾਭ ਵਿਚੋਲਿਆਂ ਦੀ ਜੇਬ ਵਿਚ ਹੀ ਕਿਉਂ ਜਾਵੇ? ਜਦ ਕਿ ਕਿਸਾਨ ਬੇਰੋਕ ਮਹਿੰਗਾਈ ਅਤੇ ਮੌਸਮ ਦੀ ਮਾਰ ਝੱਲ ਰਹੇ ਹਨ।
ਇਹ ਵੀ ਪੜ੍ਹੋ : ਠੱਗਾਂ ਨੇ ਲੱਭਿਆ ਨਵਾਂ ਤਰੀਕਾ, ਬਿਜਲੀ ਬੰਦ ਹੋਣ ਦਾ ਮੈਸੇਜ ਭੇਜ ਇੰਝ ਮਾਰ ਰਹੇ ਨੇ ਠੱਗੀ
ਮੁਲਾਕਾਤਾਂ ਵਿਚਕਾਰ ਵੜਿੰਗ ਪਹੁੰਚੇ ਅੰਮ੍ਰਿਤਸਰ, ਸਿੱਧੂ ਨਦਾਰਦ
ਇਨ੍ਹਾਂ ਮੁਲਾਕਾਤਾਂ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ੁੱਕਰਵਾਰ ਨੂੰ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ। ਵੜਿੰਗ ਨੇ ਇਥੇ ਸਥਾਨਕ ਨੇਤਾਵਾਂ ਨਾਲ ਮੁਲਾਕਾਤ ਵੀ ਕੀਤੀ ਪਰ ਨਵਜੋਤ ਸਿੰਘ ਸਿੱਧੂ ਨਦਾਰਦ ਰਹੇ ਕਿਉਂਕਿ ਉਹ ਵੱਖਰੇ ਤੌਰ ’ਤੇ ਬੈਠਕਾਂ ਵਿਚ ਮਸ਼ਰੂਫ ਰਹੇ। ਇਸ ਨੂੰ ਲੈ ਕੇ ਵੀ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ ਕਿ ਪੰਜਾਬ ਕਾਂਗਰਸ ਵਿਚ ਹਾਲੇ ਵੀ ਸਭ ਕੁਝ ਠੀਕ ਨਹੀਂ ਹੈ। ਪੰਜਾਬ ਕਾਂਗਰਸ ਵਿਚ ਗੁੱਟਬਾਜ਼ੀ ਜਾਰੀ ਹੈ ਅਤੇ ਸ਼ਕਤੀ ਪ੍ਰਦਰਸ਼ਨ ਜ਼ਰੀਏ ਆਪਣੀ ਤਾਕਤ ਦਾ ਅਹਿਸਾਸ ਬਾਦਸਤੂਰ ਕਰਵਾਇਆ ਜਾ ਰਿਹਾ ਹੈ।
ਅਹਿਮ ਖ਼ਬਰ: ਕਿਸਾਨਾਂ ਨੂੰ ਸ਼ਨੀਵਾਰ ਮਿਲੇਗੀ 2000 ਕਰੋੜ ਰੁਪਏ ਤੋਂ ਵੱਧ ਰਾਸ਼ੀ
NEXT STORY