ਮੋਹਾਲੀ (ਜੱਸੋਵਾਲ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਨਵਜੋਤ ਸਿੱਧੂ ਪੰਜਾਬ ਕੈਬਨਿਟ 'ਚੋਂ ਲਾਂਭੇ ਹੋ ਗਏ ਹਨ, ਭਾਵੇਂ ਸਿੱਧੂ ਹੁਣ ਮੰਤਰੀ ਨਾ ਹੋ ਕੇ ਸਿਰਫ ਵਿਧਾਇਕ ਹਨ ਪਰ ਬਾਵਜੂਦ ਇਸ ਦੇ ਪੰਜਾਬ ਵਿਚ ਇਸ ਵੇਲੇ ਸਿੱਧੂ ਦਾ ਮੁੱਦਾ ਸਭ ਤੋਂ ਵੱਧ ਸੁਰਖੀਆਂ 'ਚ ਹੈ। ਇਸ ਦਰਮਿਆਨ ਸਿੱਧੂ ਨਾਲ ਜੁੜੀ ਇਕ ਹੋਰ ਗੱਲ ਸਾਹਮਣੇ ਆਈ ਹੈ। ਦਰਅਸਲ ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਰਹਿੰਦੇ ਹੋਏ ਨਵਜੋਤ ਸਿੱਧੂ ਵਲੋਂ ਛੱਤਬੀੜ ਚਿੜ੍ਹੀਆ ਘਰ ਵਿਚ ਇਕ ਬੰਗਾਲ ਟਾਈਗਰ ਜੋੜੇ ਨੂੰ ਗੋਦ ਲਿਆ ਸੀ। ਇਹ ਖ਼ਬਰ ਵੀ ਉਸ ਸਮੇਂ ਕਾਫੀ ਚਰਚਾ ਦਾ ਵਿਸ਼ਾ ਵੀ ਬਣੀ ਸੀ। ਇਸ ਦਰਮਿਆਨ ਅੱਜ ਵਰਲਡ ਟਾਈਗਰ ਡੇਅ 'ਤੇ ਅਸੀਂ ਸੋਚਿਆ ਕਿਉਂ ਨਾ ਸਿੱਧੂ ਦੇ ਗੋਦ ਲਏ ਦੋ ਟਾਈਗਰਾਂ ਦਾ ਹਾਲ ਹੀ ਜਾਣ ਲਿਆ ਜਾਵੇ।

ਇਸ ਦੌਰਾਨ ਜਦੋਂ 'ਜਗ ਬਾਣੀ' ਵਲੋਂ ਛੱਤਬੀੜ ਚਿੜ੍ਹੀਆ ਘਰ 'ਚ ਪਹੁੰਚ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਨਵਜੋਤ ਸਿੱਧੂ ਨੇ ਕੋਈ ਟਾਈਗਰ ਗੋਦ ਹੀ ਨਹੀਂ ਲਿਆ ਸੀ ਅਤੇ ਨਾ ਹੀ ਸਿੱਧੂ ਟਾਈਗਰਾਂ ਦਾ ਖਰਚਾ ਚੁੱਕ ਰਹੇ ਹਨ। ਦਰਅਸਲ ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਰਹਿੰਦੇ ਹੋਏ ਨਵਜੋਤ ਸਿੱਧੂ 18 ਜਨਵਰੀ ਨੂੰ ਜ਼ੀਰਕਪੁਰ ਸਥਿਤ ਛੱਤਬੀੜ ਚਿੜ੍ਹੀਆ ਘਰ ਦਾ ਜਾਇਜ਼ਾ ਲੈਣ ਪਹੁੰਚੇ ਸਨ, ਇਸ ਦੌਰਾਨ ਉਨ੍ਹਾਂ ਨੇ ਉਥੇ ਇਕ ਅਮਨ ਅਤੇ ਦੀਆ ਨਾਂ ਦੇ ਟਾਈਗਰ ਜੋੜੇ ਨੂੰ ਦੇਖਿਆ ਅਤੇ ਇਸ ਜੋੜੀ 'ਤੇ ਸਿੱਧੂ ਇਸ ਕਦਰ ਫਿਦਾ ਹੋਏ ਕਿ ਉਨ੍ਹਾਂ ਟਾਇਗਰ ਜੋੜੇ ਨੂੰ ਗੋਦ ਲੈਣ ਦਾ ਐਲਾਨ ਕਰ ਦਿੱਤਾ।

ਉਸ ਸਮੇਂ ਚਿੜ੍ਹੀਆ ਘਰ ਦੇ ਰੇਂਜ ਅਫਸਰ ਦਾ ਕਹਿਣਾ ਸੀ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਟਾਈਗਰ ਜੋੜੀ ਨੂੰ ਕਿਸੇ ਵਲੋਂ ਗੋਦ ਲਿਆ ਗਿਆ ਹੋਵੇ। ਉਸ ਸਮੇਂ ਬੰਗਾਲੀ ਟਾਈਗਰ ਅਮਨ ਦੀ ਉਮਰ ਛੇ ਸਾਲ ਜਦਕਿ ਦੀਆ ਪੰਜ ਸਾਲ ਦੀ ਸੀ। ਉਨ੍ਹਾਂ ਦੱਸਿਆ ਸੀ ਕਿ ਇਸ ਜੋੜੀ ਦੇ ਖਾਣ-ਪੀਣ ਅਤੇ ਰੱਖ-ਰਖਾਅ 'ਤੇ ਸਾਲਾਨਾ ਚਾਰ ਲੱਖ ਰੁਪਏ ਤਕ ਦਾ ਖਰਚ ਆਉਂਦਾ ਹੈ।
'ਵਿਸ਼ਵ ਪੁਲਸ ਖੇਡਾਂ' 'ਚ ਹਿੱਸਾ ਲਵੇਗਾ ਪੰਜਾਬ ਪੁਲਸ ਦਾ ਕਾਂਸਟੇਬਲ
NEXT STORY