ਚੰਡੀਗੜ੍ਹ,(ਰਮਨਜੀਤ)—ਹਾਊਸਿੰਗ ਫਾਰ ਆਲ ਤੇ ਸਵੱਛ ਭਾਰਤ ਦੇ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ 'ਚ ਸਥਾਨਕ ਸਰਕਾਰਾਂ ਬਾਰੇ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਕੁਮਾਰ, ਕਾਰਜ ਸਾਧਕ ਅਫਸਰ ਸੁਖਦੀਪ ਸਿੰਘ ਕੰਬੋਜ ਤੇ ਕਲਰਕ ਹਰਜਿੰਦਰਪਾਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਦਿੱਤੀ। ਸਿੱਧੂ ਨੇ ਕਿਹਾ ਕਿ ਨਗਰ ਕੌਂਸਲ ਨਾਭਾ ਕੋਲ ਗਰੀਬ ਪਰਿਵਾਰਾਂ ਦੇ ਮਕਾਨ ਬਣਾਉਣ ਲਈ ਹਾਊਸਿੰਗ ਫਾਰ ਆਲ ਸਕੀਮ ਤਹਿਤ ਆਏ ਫੰਡ ਅਤੇ ਸਵੱਛ ਭਾਰਤ ਤਹਿਤ ਆਏ ਫੰਡਾਂ ਦਾ ਉਕਤ ਅਧਿਕਾਰੀਆਂ ਨੇ ਠੇਕੇਦਾਰਾਂ ਨੂੰ ਮਿਲੀਭੁਗਤ ਨਾਲ ਗਲਤ ਭੁਗਤਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਸੀ ਅਤੇ ਇਨ੍ਹਾਂ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ 'ਚ ਵਿਭਾਗ ਦੇ ਪ੍ਰਮੁੱਖ
ਸਕੱਤਰ ਏ ਵੇਣੂ ਪ੍ਰਸਾਦ ਵੱਲੋਂ ਨਗਰ ਕੌਂਸਲ ਨਾਭਾ ਦੇ ਪ੍ਰਧਾਨ, ਕਾਰਜ ਸਾਧਕ ਅਫਸਰ ਤੇ ਕਲਰਕ ਦਾ ਪੱਖ ਸੁਣਨ ਲਈ ਉਨ੍ਹਾਂ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਅਤੇ ਸੁਣਵਾਈ ਉਪਰੰਤ ਤਿੰਨਾਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਆਦੇਸ਼ ਦਿੱਤੇ ਗਏ ਹਨ ਕਿ ਠੇਕੇਦਾਰਾਂ 10 ਦਿਨਾਂ ਦੇ ਅੰਦਰ ਫੰਡ ਵਾਪਸ ਜਮ੍ਹਾਂ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਗਰੀਬਾਂ ਲਈ ਆਇਆ ਪੈਸਾ ਗਰੀਬਾਂ ਲਈ ਹੀ ਖਰਚਿਆ ਜਾਵੇਗਾ।
ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸਬੰਧੀ ਸਪੱਸ਼ਟ ਹਦਾਇਤਾਂ ਹਨ ਕਿ ਭ੍ਰਿਸ਼ਟਾਚਾਰ ਦੇ ਅਜਿਹੇ ਕਿਸੇ ਮਾਮਲੇ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਅਜਿਹੇ ਕਿਸੇ ਵੀ ਮਾਮਲੇ 'ਚ ਦੋਸ਼ੀ ਪਾਏ ਜਾਣ ਵਾਲਿਆਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਪਿਛਲੀ ਸਰਕਾਰ ਵਲੋਂ ਵੀ ਅਜਿਹੀ ਹੀ ਜਾਣਬੁੱਝ ਕੇ ਕੀਤੀ ਅਣਗਹਿਲੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਰਾਜੀਵ ਅਵਾਸ ਯੋਜਨਾ ਤਹਿਤ 70 ਕਰੋੜ ਰੁਪਏ ਆਏ ਸਨ ਜੋ ਵਿੱਤ ਵਿਭਾਗ ਵਲੋਂ ਰਿਲੀਜ਼ ਨਹੀਂ ਕੀਤੇ ਗਏ। ਫੰਡ ਰਿਲੀਜ਼ ਨਾ ਕੀਤੇ ਜਾਣ ਕਾਰਨ ਕੇਂਦਰ ਸਰਕਾਰ ਨੂੰ ਵਰਤੋਂ ਸਰਟੀਫ਼ਿਕੇਟ (ਯੂ.ਸੀ.) ਨਹੀਂ ਦੇ ਸਕੇ ਜਿਸ ਕਾਰਨ ਕੇਂਦਰ ਸਰਕਾਰ ਨੇ ਫੰਡ ਵਾਪਸ ਮੰਗਾ ਲਏ ਸਨ।
ਅਜਨਾਲਾ ਪਰਿਵਾਰ ਦੀ ਇਸ ਹਲਕੇ ’ਚ 32 ਸਾਲ ਬੋਲਦੀ ਰਹੀ ਤੂਤੀ
NEXT STORY