ਡਕਾਲਾ, (ਨਰਿੰਦਰ)- ਹਲਕਾ ਸਨੌਰ ਦੇ ਪਿੰਡ ਬਲਬੇਡ਼੍ਹਾ ਦੇ ਕਿਸਾਨਾਂ ਨੂੰ ਫਸਲ ਦੀ ਸਿੰਚਾਈ ਲਈ ਨਹਿਰੀ ਵਿਭਾਗ ਵੱਲੋਂ ਸੂਏ ਰਾਹੀਂ ਦਿੱਤਾ ਜਾਣ ਵਾਲਾ ਪਾਣੀ ਨਾ ਮਿਲਣ ਕਾਰਨ ਪਿੰਡ ਦੇ ਕਿਸਾਨਾਂ ਨੇ ਨਹਿਰੀ ਵਿਭਾਗ ’ਤੇ ਲਾਪ੍ਰਵਾਹੀ ਦੇ ਦੋਸ਼ ਲਾਏ ਹਨ। ਬਲਬੇਡ਼੍ਹਾ ਦੇ ਕਿਸਾਨਾਂ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਰਿਹਾ ਹੈ। ਨਹਿਰੀ ਵਿਭਾਗ ਦੇ ਅਧਿਕਾਰੀਆਂ ਤੋਂ ਖਫਾ ਹੋਏ ਪਿੰਡ ਬਲਬੇਡ਼੍ਹਾ ਦੇ ਕਿਸਾਨਾਂ ਨੇ ਵਿਭਾਗ ਖਿਲਾਫ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਇਕੱਤਰ ਕਿਸਾਨਾਂ ਸੇਵਾ ਸਿੰਘ, ਮੁਖਤਿਆਰ ਸਿੰਘ, ਕੁਲਵਿੰਦਰ ਸਿੰਘ, ਭਜਨ ਸਿੰਘ, ਬਲਕਾਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਤਰੈਂ ਤੋਂ ਬਠੋਈ, ਪੰਜੌਲਾ ਤੇ ਬਲਬੇਡ਼੍ਹਾ ਦੇ ਕਿਸਾਨਾਂ ਦੀ ਫਸਲ ਦੀ ਸਿੰਚਾਈ ਲਈ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਤੋਂ ਬਣਾਇਆ ਗਿਆ ਸੂਆ ਵਿਭਾਗੀ ਲਾਪ੍ਰਵਾਹੀ ਕਾਰਨ ਗੰਦੇ ਨਾਲੇ ’ਚ ਤਬਦੀਲ ਹੋ ਚੁੱਕਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸੂਏ ਦੀ ਸਫਾਈ ਕੀਤਿਅਾਂ ਵਿਭਾਗ ਵੱਲੋਂ 5-6 ਸਾਲ ਬੀਤੇ ਚੁੱਕੇ ਹਨ। ਇਹ ਹੁਣ ਗੰਦਗੀ ਨਾਲ ਭਰ ਕੇ ਭਿਆਨਕ ਬੀਮਾਰੀਆਂ ਨੂੰ ਖੁੱਲ੍ਹਾ ਸੱਦਾ ਦੇ ਰਿਹਾ ਹੈ। ਕਿਸਾਨ ਸੇਵਾ ਸਿੰਘ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਉਨ੍ਹਾਂ ਨੂੰ ਉਮੀਦ ਸੀ ਕਿ ਵਿਭਾਗ ਸੂਏ ਦੀ ਸਫਾਈ ਕਰਵਾਏਗਾ ਤੇ ਬਲਬੇਡ਼੍ਹਾ ਦੇ ਕਿਸਾਨਾਂ ਨੂੰ ਫਸਲ ਦੀ ਸਿੰਚਾਈ ਲਈ ਪਾਣੀ ਮਿਲੇਗਾ ਪਰ ਵਿਭਾਗ ਨੇ ਇਸ ਦੀ ਸਫਾਈ ਪਿੰਡ ਬਠੋਈ, ਪੰਜੌਲਾ ਤੱਕ ਹੀ ਕਰਵਾਈ।
ਇਸ ਵਾਰ ਵੀ ਸੀਜ਼ਨ ਦੌਰਾਨ ਉਨ੍ਹਾਂ ਨੂੰ ਪਾਣੀ ਦੀ ਇਕ ਬੂੰਦ ਵੀ ਨਸੀਬ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗੀ ਲਾਪ੍ਰਵਾਹੀ ਕਾਰਨ ਅੱਜ ਪਿੰਡ ਬਲਬੇਡ਼੍ਹਾ ਦਾ ਇਹ ਸੂਆ ਆਪਣੀ ਹੋਂਦ ਗੁਆ ਚੁੱਕਾ ਹੈ। ਵਿਭਾਗ ਇਸ ਪਾਸੇ ਕੋਈ ਧਿਆਨ ਹੀ ਨਹੀਂ ਦੇ ਰਿਹਾ।
ਕਿਸਾਨ ਸੇਵਾ ਸਿੰਘ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਦੇ ਜ਼ਿਲੇ ’ਚ ਕਿਸਾਨਾਂ ਨਾਲ ਅਜਿਹਾ ਵਿਤਕਰਾ ਕੀਤਾ ਜਾ ਰਿਹਾ ਹੈ ਤਾਂ ਦੂਜੇ ਜ਼ਿਲਿਆਂ ’ਚ ਪਤਾ ਨਹੀਂ ਕਿਸਾਨਾਂ ਦੀ ਕੀ ਸਥਿਤੀ ਹੋਣੀ ਹੈ? ਕਿਸਾਨਾਂ ਨੇ ਕਿਹਾ ਕਿ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਕਈ ਵਾਰ ਦੱਸ ਚੁੱਕੇ ਹਨ ਪਰ ਅਧਿਕਾਰੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਗੰਦਗੀ ਨਾਲ ਭਰੇ ਸੂਏ ਦੀ ਸਫਾਈ ਕਰ ਕੇ ਉਨ੍ਹਾਂ ਦੀ ਫਸਲਾਂ ਤੱਕ ਵਿਭਾਗ ਦਾ ਪਾਣੀ ਪਹੁੰਚਦਾ ਕੀਤਾ ਜਾਵੇ।
ਪੰਜਾਬ ਕਿਸਾਨ ਬਾਰਡਰ ਵੈੱਲਫੇਅਰ ਸੋਸਾਇਟੀ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY