ਚੰਡੀਗੜ੍ਹ (ਮਨਪ੍ਰੀਤ): ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ 'ਤੇ ਹੜ੍ਹ ਪ੍ਰਭਾਵਿਤ ਪੰਜਾਬ ਪ੍ਰਤੀ ਪੂਰੀ ਤਰ੍ਹਾਂ ਉਦਾਸੀਨਤਾ ਵਾਲਾ ਰਵੱਈਆ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਨੇ 9 ਸਤੰਬਰ ਨੂੰ ਪੰਜਾਬ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਐਲਾਨੇ 1,600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ 50 ਦਿਨ ਹੋ ਗਏ ਹਨ, ਉਨ੍ਹਾਂ ਨੇ ਤਬਾਹੀ ਦਾ ਹਵਾਈ ਸਰਵੇਖਣ ਕੀਤਾ ਤੇ ਫ਼ਸਲਾਂ, ਪਸ਼ੂਆਂ, ਘਰਾਂ ਅਤੇ ਬੁਨਿਆਦੀ ਢਾਂਚੇ ਦੇ ਵੱਡੇ ਨੁਕਸਾਨ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ 1,600 ਕਰੋੜ ਰੁਪਏ ਦੀ ਰਾਹਤ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਇਕ ਵੀ ਰੁਪਇਆ ਪੰਜਾਬ ਤੱਕ ਨਹੀਂ ਪਹੁੰਚਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 13,000 ਕਰੋੜ ਰੁਪਏ ਦੇ ਕੁੱਲ ਨੁਕਸਾਨ ਦਾ ਅਨੁਮਾਨ ਲਾਉਣ ਵਾਲਾ ਇਕ ਵਿਸਥਾਰਤ ਮੈਮੋਰੰਡਮ ਸੌਂਪਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਖ਼ੁਦ ਪ੍ਰਧਾਨ ਮੰਤਰੀ ਦੁਆਰਾ ਜਨਤਕ ਤੌਰ 'ਤੇ ਕੀਤੀ ਗਈ ਰਕਮ ਵੀ ਜਾਰੀ ਨਹੀਂ ਕੀਤੀ ਹੈ। ਦੁਨੀਆ ਮੰਗਲ ਗ੍ਰਹਿ 'ਤੇ ਪਹੁੰਚ ਗਈ ਹੈ ਪਰ ਪ੍ਰਧਾਨ ਮੰਤਰੀ ਦੇ ਵਾਅਦੇ ਅਨੁਸਾਰ 1,600 ਕਰੋੜ ਰੁਪਏ ਅਜੇ ਤੱਕ ਪੰਜਾਬ ਨਹੀਂ ਪਹੁੰਚੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਸੂਬੇ 'ਚ ਘੁੰਮ ਰਹੇ ਨੇ 2 ਅੱਤਵਾਦੀ
ਗਰਗ ਨੇ ਪੰਜਾਬ ਭਾਜਪਾ ਦੇ ਆਗੂਆਂ ਖ਼ਾਸ ਕਰਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਸਵਾਲ ਕੀਤਾ, ਜੋ ਐਲਾਨ ਦੌਰਾਨ ਪ੍ਰਧਾਨ ਮੰਤਰੀ ਨਾਲ ਮੌਜੂਦ ਸਨ। ਉਨ੍ਹਾਂ ਪੁੱਛਿਆ ਕਿ ਪੰਜਾਹ ਦਿਨ ਬੀਤ ਗਏ ਹਨ ਪਰ ਪੈਸਾ ਕਿੱਥੇ ਹੈ? ਕੀ ਜਾਖੜ ਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਉਨ੍ਹਾਂ ਕਿਸਾਨਾਂ ਨੂੰ ਜਵਾਬ ਦੇਣਗੇ, ਜਿਨ੍ਹਾਂ ਨੇ ਸਭ ਕੁਝ ਗੁਆ ਦਿੱਤਾ ਹੈ ਜਾਂ ਉਹ ਆਪਣੀ ਚੁੱਪੀ ਜਾਰੀ ਰੱਖਣਗੇ? ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਬਾਰੇ ਨਹੀਂ ਹੈ, ਇਹ ਨਿਆਂ ਬਾਰੇ ਹੈ। ਪੰਜਾਬ ਦੇ ਕਿਸਾਨ ਹਮੇਸ਼ਾ ਦੇਸ਼ ਨਾਲ ਖੜ੍ਹੇ ਰਹੇ ਹਨ, ਸਰਹੱਦਾਂ ਦੀ ਰੱਖਿਆ ਕਰਦੇ ਹਨ, ਦੇਸ਼ ਨੂੰ ਭੋਜਨ ਦਿੰਦੇ ਹਨ। ਅੱਜ ਜਦੋਂ ਉਹ ਮੁਸੀਬਤ ’ਚ ਹਨ ਤਾਂ ਕੇਂਦਰ ਦੀ ਉਦਾਸੀਨਤਾ ਦਿਲ ਤੋੜਨ ਵਾਲੀ ਹੈ। ਮੋਦੀ ਦੀ ਚੁੱਪ ਉਨ੍ਹਾਂ ਹੜ੍ਹਾਂ ਨਾਲੋਂ ਵੀ ਉੱਚੀ ਹੈ, ਜਿਨ੍ਹਾਂ ਨੇ ਸਾਡੇ ਖੇਤਾਂ ਤੇ ਘਰਾਂ ਨੂੰ ਤਬਾਹ ਕਰ ਦਿੱਤਾ।
ਉਨ੍ਹਾਂ ਕਿਹਾ ਕਿ 'ਆਪ' ਪੰਜਾਬ ਦੇ ਕਿਸਾਨਾਂ ਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਨੇ ਹਰ ਪ੍ਰਭਾਵਿਤ ਵਿਅਕਤੀ ਨੂੰ ਇਨਸਾਫ਼ ਅਤੇ ਬਣਦੀ ਰਾਹਤ ਮਿਲਣ ਤੱਕ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣ ਦਾ ਪ੍ਰਣ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਾਰਤ ’ਚ ਪ੍ਰਤੀ ਏਕੜ ਸਭ ਤੋਂ ਵੱਧ ਮੁਆਵਜ਼ਾ ਦੇ ਰਹੀ ਹੈ।
ਪਾਕਿ ਖ਼ੁਫ਼ੀਆ ਏਜੰਸੀਆਂ ਬਾਰੇ ਹੈਰਾਨ ਕਰਦੇ ਖ਼ੁਲਾਸੇ! ਪੰਜਾਬ 'ਚ ਆਰਮੀ ਸਟੇਸ਼ਨਾਂ 'ਤੇ ਵਧਾਈ ਸੁਰੱਖਿਆ
NEXT STORY