ਜਲੰਧਰ (ਵਰੁਣ, ਸੁਧੀਰ) : ਟਾਂਡਾ ਰੋਡ 'ਤੇ ਸ਼੍ਰੀ ਦੇਵੀ ਤਲਾਬ ਮੰਦਰ ਕੋਲ ਸਕੂਲ ਤੋਂ ਘਰ ਆ ਰਹੀ ਨੀਟੂ ਸ਼ਟਰਾਂ ਵਾਲੇ ਦੀ 9 ਸਾਲਾ ਬੇਟੀ ਆਟੋ 'ਚੋਂ ਡਿੱਗ ਕੇ ਕਾਰ ਦੀ ਲਪੇਟ 'ਚ ਆ ਗਈ। ਤੀਜੀ ਕਲਾਸ 'ਚ ਪੜ੍ਹਨ ਵਾਲੀ ਸਾਕਸ਼ੀ ਦੇ ਮੂੰਹ ਅਤੇ ਸਿਰ ਤੋਂ ਕਾਰ ਦਾ ਅਗਲਾ ਟਾਇਰ ਲੰਘ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪਹਿਲਾਂ ਤਾਂ ਆਟੋ ਤੇ ਕਾਰ ਵਾਲਾ ਇਕ-ਦੂਜੇ 'ਤੇ ਦੋਸ਼ ਲਾਉਂਦੇ ਰਹੇ ਪਰ ਹਾਦਸੇ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਤਾਂ ਹਾਦਸੇ ਦਾ ਕਾਰਣ ਵੀ ਸਪੱਸ਼ਟ ਹੋ ਗਿਆ।
ਸੀ. ਸੀ. ਟੀ. ਵੀ. ਫੁਟੇਜ 'ਚ ਕੈਦ ਹੋਈ ਘਟਨਾ
ਹਾਦਸੇ ਤੋਂ ਬਾਅਦ ਜਿਉਂ ਹੀ ਨੀਟੂ ਸ਼ਟਰਾਂ ਵਾਲਾ ਮੌਕੇ 'ਤੇ ਪਹੁੰਚਿਆ ਤਾਂ ਹਾਦਸੇ ਦਾ ਕਾਰਨ ਹੀ ਕਲੀਅਰ ਨਹੀਂ ਹੋ ਰਿਹਾ ਸੀ। ਆਟੋ ਵਾਲਾ ਅਤੇ ਕਾਰ ਚਾਲਕ ਇਕ-ਦੂਜੇ ਦੀ ਗਲਤੀ ਕੱਢ ਰਹੇ ਸਨ। ਮੌਕੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਸਾਹਮਣੇ ਆਉਣ 'ਤੇ ਕਾਰਨ ਸਪੱਸ਼ਟ ਹੋ ਗਿਆ। ਸੀ. ਸੀ. ਟੀ. ਵੀ. ਸਾਫ ਦਿਸ ਰਿਹਾ ਸੀ ਕਿ ਟੋਏ ਕਾਰਨ ਆਟੋ ਨੇ ਅਚਾਨਕ ਬ੍ਰੇਕ ਲਾ ਦਿੱਤੀ, ਜਿਸ ਕਾਰਨ ਸਾਕਸ਼ੀ ਆਟੋ 'ਚੋਂ ਸੜਕ 'ਤੇ ਆ ਡਿੱਗੀ। ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਉਸ ਦੀ ਬੇਟੀ ਦੀ ਜਾਨ ਦੋਵਾਂ ਡਰਾਈਵਰਾਂ ਕਾਰਨ ਗਈ ਹੈ ਅਤੇ ਉਹ ਦੋਵਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਲੜੇਗਾ। ਥਾਣਾ ਨੰ. 3 'ਚ ਨੀਟੂ ਸ਼ਟਰਾਂ ਵਾਲੇ ਦੇ ਬਿਆਨਾਂ 'ਤੇ ਕਾਰ ਚਾਲਕ ਅਤੇ ਆਟੋ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਹੈੱਡ ਇੰਜਰੀ ਕਾਰਨ ਹੋਈ ਸਾਕਸ਼ੀ ਦੀ ਮੌਤ
ਦੱਸਿਆ ਜਾ ਰਿਹਾ ਹੈ ਕਿ ਹੈੱਡ ਇੰਜਰੀ ਕਾਰਨ ਸਾਕਸ਼ੀ ਦੀ ਮੌਤ ਹੋਈ ਹੈ। ਓਧਰ ਥਾਣਾ ਨੰ. 3 ਦੀ ਪੁਲਸ ਨੇ ਨੀਟੂ ਸ਼ਟਰਾਂ ਵਾਲੇ ਦੇ ਬਿਆਨਾਂ 'ਤੇ ਆਟੋ ਚਾਲਕ ਕਪਿਲ ਪੁੱਤਰ ਰਾਜ ਬਹਾਦਰ ਵਾਸੀ ਅਰਜੁਨ ਨਗਰ ਅਤੇ ਕਾਰ ਚਾਲਕ ਪ੍ਰੈੱਸ ਰਿਪੋਰਟਰ ਹਿਮਾਂਗ ਪੁੱਤਰ ਗਗਨਦੀਪ ਵਾਸੀ ਗਲੋਬ ਕਾਲੋਨੀ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਨੰ. 3 ਦੇ ਇੰਚਾਰਜ ਰੇਸ਼ਮ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।
ਨਿਗਮ ਦੀ ਲਾਪ੍ਰਵਾਹੀ ਹੋਰ ਕਿੰਨਿਆਂ ਦੀ ਲਵੇਗੀ ਜਾਨ
'ਜਗ ਬਾਣੀ' ਲਗਾਤਾਰ ਸ਼ਹਿਰ 'ਚ ਸੜਕਾਂ 'ਤੇ ਪਏ ਟੋਇਆਂ ਕਾਰਨ ਹਾਦਸੇ ਹੋਣ ਦੇ ਖਦਸ਼ੇ ਸਬੰਧੀ ਖਬਰਾਂ ਲਾਉਂਦਾ ਰਿਹਾ ਹੈ ਪਰ ਨਗਰ ਨਿਗਮ ਨੇ ਆਪਣੀ ਜ਼ਿੰਮੇਵਾਰੀ ਹੀ ਨਹੀਂ ਸਮਝੀ। ਜੇਕਰ ਨਿਗਮ ਟੋਇਆਂ ਨੂੰ ਲੈ ਕੇ ਗੰਭੀਰ ਹੁੰਦਾ ਤਾਂ ਸ਼ਾਇਦ ਅੱਜ ਸਾਕਸ਼ੀ ਮੌਤ ਦੇ ਮੂੰਹ 'ਚ ਨਾ ਜਾਂਦੀ।
ਆਟੋ 'ਚ ਨਹੀਂ ਸੀ ਸੀਟ ਲਾਕ
ਜਿਸ ਆਟੋ 'ਚ ਸਾਕਸ਼ੀ ਬੈਠੀ ਸੀ, ਇਸ 'ਚ ਸੀਟ ਲਾਕ ਨਹੀਂ ਸੀ। ਅਕਸਰ ਵੇਖਿਆ ਜਾਂਦਾ ਹੈ ਕਿ ਸਕੂਲ ਤੋਂ ਬੱਚੇ ਚੁੱਕਣ ਤੋਂ ਬਾਅਦ ਆਟੋ ਵਾਲੇ ਸੀਟ ਲਾਕ ਲਾ ਦਿੰਦੇ ਹਨ, ਜਿਸ ਨਾਲ ਬੱਚੇ ਸੀਟ ਤੋਂ ਨਾ ਹੀ ਉੱਠ ਸਕਦੇ ਹਨ ਅਤੇ ਨਾ ਹੀ ਉੱਛਲ ਕੇ ਬਾਹਰ ਡਿੱਗ ਸਕਦੇ ਹਨ। ਟ੍ਰੈਫਿਕ ਪੁਲਸ ਵੀ ਅਜਿਹੇ ਸਕੂਲਾਂ ਦੇ ਆਟੋ ਵਾਲਿਆਂ ਖਿਲਾਫ ਕਾਰਵਾਈ ਨਹੀਂ ਕਰਦੀ, ਜਿਸ ਵਿਚ ਸੀਟ ਲਾਕ ਨਾ ਲੱਗਾ ਹੋਵੇ। ਓਧਰ ਏ. ਡੀ. ਸੀ. ਪੀ. ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਉਹ ਅਜਿਹੇ ਆਟੋ ਵਾਲਿਆਂ 'ਤੇ ਜ਼ਰੂਰ ਸ਼ਿਕੰਜਾ ਕੱਸਣਗੇ।
'ਮੇਰੀ ਕੁੜੀ ਚਲੀ ਗਈ, ਦਿਲ ਦਾ ਟੁਕੜਾ ਸੀ ਮੇਰਾ'
ਚੋਣਾਂ ਦੌਰਾਨ ਰੋਂਦੇ ਹੋਏ ਵੀਡੀਓ ਨਾਲ ਸੋਸ਼ਲ ਮੀਡੀਆ 'ਤੇ ਫੇਮਸ ਹੋਏ ਨੀਟੂ ਸ਼ਟਰਾਂ ਵਾਲੇ 'ਤੇ ਸੋਮਵਾਰ ਨੂੰ ਦੁੱਖਾਂ ਦਾ ਪਹਾੜ ਟੁੱਟ ਪਿਆ। ਹਸਪਤਾਲ ਦੇ ਬਾਹਰ ਬੇਟੀ ਦੀ ਜ਼ਿੰਦਗੀ ਲਈ ਦੁਆਵਾਂ ਮੰਗਦੇ ਨੀਟੂ ਸ਼ਟਰਾਂ ਵਾਲਾ ਨੂੰ ਰੋਂਦੇ ਹੋਏ ਦੀ ਵੀਡੀਓ ਨੂੰ ਵੇਖ ਵੇਖਣ ਵਾਲਿਆਂ ਦੀਆਂ ਅੱਖਾਂ ਵੀ ਭਰ ਆਈਆਂ। ਰੋਂਦਾ ਹੋਇਆ ਨੀਟੂ ਕਹਿ ਰਿਹਾ ਸੀ ਕਿ ਮੇਰੀ ਕੁੜੀ ਚਲੀ ਗਈ, ਦਿਲ ਦਾ ਟੁਕੜਾ ਸੀ ਮੇਰਾ, ਜਦੋਂ ਲੋਕਾਂ ਦੇ ਬੱਚਿਆਂ ਨਾਲ ਇੰਝ ਹੁੰਦਾ ਸੀ ਤਾਂ ਮੇਰੀ ਤਾਂ ਉਦੋਂ ਵੀ ਜਾਨ ਨਿਕਲ ਜਾਂਦੀ ਸੀ। ਨੀਟੂ ਸ਼ਟਰਾਂ ਵਾਲਾ ਦੇ 4 ਬੱਚੇ, ਜਿਨ੍ਹਾਂ 'ਚ 2 ਬੇਟੇ ਅਤੇ 2 ਬੇਟੀਆਂ ਹਨ। ਸਾਕਸ਼ੀ ਦੀ ਮੌਤ ਤੋਂ ਕਈ ਘੰਟੇ ਬਾਅਦ ਘਰ ਬੈਠੀ ਉਸ ਦੀ ਮਾਂ ਨੀਲਮ ਨੂੰ ਇਸ ਬਾਰੇ ਦੱਸਿਆ ਗਿਆ। ਸਾਕਸ਼ੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਨੀਟੂ ਦੇ ਘਰ ਦੇ ਬਾਹਰ ਭੀੜ ਲੱਗਣੀ ਸ਼ੁਰੂ ਹੋ ਗਈ।
ਪੰਜਾਬ ਸਰਕਾਰ ਦਾ ਆਮ ਜਨਤਾ ਨੂੰ ਵੱਡਾ ਤੋਹਫਾ, ਲੱਖਾਂ ਪਰਿਵਾਰਾਂ ਨੂੰ ਮਿਲੇਗਾ ਲਾਭ
NEXT STORY