ਲੁਧਿਆਣਾ (ਭਾਰਦਵਾਜ)-ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ’ਚ ਹੋਏ ਧਮਾਕੇ ’ਚ ਮਾਰੇ ਗਏ ਮੁਲਜ਼ਮ ਗਗਨਦੀਪ ਸਿੰਘ ਗੱਗੀ ਨੂੰ ਲੈ ਕੇ ਉਸ ਦੇ ਗੁਆਂਢੀਆਂ ਨੇ ਵੱਡੇ ਖੁਲਾਸੇ ਕੀਤੇ ਹਨ। ਗੁਆਂਢੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗਗਨਦੀਪ ਸਿੰਘ ਗੱਗੀ 2011 ’ਚ ਪੁਲਸ ਵਿਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਉਸ ਨੇ 2019 ਤੱਕ 9 ਸਾਲ ਦੀ ਨੌਕਰੀ ਦੌਰਾਨ ਨਸ਼ਾ ਸਮੱਗਲਿੰਗ ਰਾਹੀਂ ਕਿਰਾਏ ਦੇ ਮਕਾਨ ਤੋਂ ਇਕ ਆਲੀਸ਼ਾਨ ਕੋਠੀ ਬਣਾ ਲਈ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਤੇ ਉਸ ਦੇ ਭਰਾ ਪ੍ਰੀਤਮ ਸਿੰਘ ਦੀ ਕਦੇ ਵੀ ਗੁਆਂਢੀਆਂ ਨਾਲ ਨਹੀਂ ਬਣੀ। ਪੁਲਸ ’ਚ ਚੰਗੀ ਪਹੁੰਚ ਹੋਣ ਕਾਰਨ ਜ਼ਿਆਦਾਤਰ ਲੋਕ ਦੋਵਾਂ ਭਰਾਵਾਂ ਤੋਂ ਡਰਦੇ ਸਨ। ਉਨ੍ਹਾਂ ਸਾਹਮਣੇ ਜੋ ਬੋਲਦੇ ਸਨ, ਉਨ੍ਹਾਂ ਨਾਲ ਕੁੱਟਮਾਰ ਕਰਦੇ ਸਨ। ਜਦੋਂ ਜੀ. ਟੀ. ਬੀ. ਨਗਰ ’ਚ ਗਗਨਦੀਪ ਸਿੰਘ ਦੇ ਘਰ ਜਾ ਕੇ ਦੇਖਿਆ ਤਾਂ ਗੁਆਂਢੀਆਂ ਨੇ ਜੰਮ ਕੇ ਆਪਣੀ ਭੜਾਸ ਕੱਢੀ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ਮੋਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਖਾਰਿਜ
ਰਿਟਾਇਰਡ ਬੈਂਕ ਮੈਨੇਜਰ ਗੁਰਦੇਵ ਸਿੰਘ ਨੇ ਦੱਸਿਆ ਕਿ ਇਕ ਵਾਰ ਪ੍ਰੀਤਮ ਸਿੰਘ ਨੂੰ ਉਸ ਨੇ ਨਸ਼ੇ ਵਰਗੇ ਘਿਨੌਣੇ ਕੰਮ ਬੰਦ ਕਰਨ ਲਈ ਕਿਹਾ ਤਾਂ ਪ੍ਰੀਤਮ ਸਿੰਘ ਨੇ ਸਾਥੀਆਂ ਸਮੇਤ ਉਸ ’ਤੇ ਹਮਲਾ ਕਰ ਦਿੱਤਾ, ਜਿਸ ’ਚ ਉਸ ਦੀ ਲੱਤ ਟੁੱਟ ਗਈ ਪਰ ਪੁਲਸ ’ਚ ਉਸਦੀ ਪਹੁੰਚ ਚੰਗੀ ਹੋਣ ਕਾਰਨ ਉਸ ਨੇ ਸ਼ਿਕਾਇਤ ਨਹੀਂ ਕੀਤੀ ਸੀ। ਇਕ ਹੋਰ ਗੁਆਂਢਣ ਰੀਟਾ ਰਾਣੀ ਨੇ ਦੱਸਿਆ ਕਿ ਉਸ ਨਾਲ ਵੀ ਦੋਵਾਂ ਭਰਾਵਾਂ ਨੇ ਕਾਫੀ ਧੱਕੇਸ਼ਾਹੀ ਕੀਤੀ ਸੀ। ਉਸ ਦੇ ਘਰ ਦੀ ਫਰਜ਼ੀ ਰਜਿਸਟਰੀ ਬਣਾ ਕੇ ਉਸ ਦਾ ਘਰ ਹੀ ਵੇਚ ਦਿੱਤਾ। ਇਸ ਤੋਂ ਬਾਅਦ ਰੌਲਾ ਪਾਉਣ ’ਤੇ ਉਸ ਨੂੰ ਨਸ਼ੇ ਦੇ ਝੂਠੇ ਕੇਸ ’ਚ ਫਸਾ ਕੇ ਜੇਲ੍ਹ ਭੇਜ ਦਿੱਤਾ ਗਿਆ ਪਰ ਲੋਕਾਂ ਦੇ ਦਖਲ ਤੋਂ ਬਾਅਦ ਉਸ ਨੂੰ ਆਪਣੇ ਘਰ ਦੀ ਰਜਿਸਟਰੀ ਮਿਲੀ। ਲੋਕਾਂ ਨੇ ਦੱਸਿਆ ਕਿ ਦੋਵੇਂ ਭਰਾ ਨਸ਼ਾ ਸਮੱਗਲਿੰਗ ਦੇ ਧੰਦੇ ’ਚ ਸ਼ਾਮਲ ਸਨ ਪਰ ਜਦੋਂ ਇਨ੍ਹਾਂ ਦੇ ਅੱਤਵਾਦੀਆਂ ਨਾਲ ਸਬੰਧ ਸਾਹਮਣੇ ਆਏ ਤਾਂ ਉਹ ਖੁਦ ਵੀ ਹੈਰਾਨ ਰਹਿ ਗਏ।
ਗੁਆਂਢੀਆਂ ਨੇ ਦੱਸਿਆ ਕਿ ਗਗਨਦੀਪ ਸਿੰਘ ਨੇ ਸਭ ਤੋਂ ਪਹਿਲਾਂ ਜੀ. ਟੀ. ਬੀ. ਨਗਰ ਦੀ ਆਰ 13 ਨੰਬਰ ਗਲੀ ’ਚ ਘਰ ਲਿਆ ਸੀ। ਸਾਲ 2019 ’ਚ ਗਗਨਦੀਪ ਸਿੰਘ ਦੇ ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਫੜੇ ਜਾਣ ਤੋਂ ਬਾਅਦ ਬੈਂਕ ਵੱਲੋਂ ਕਰਜ਼ਾ ਨਾ ਮੋੜਨ ਕਾਰਨ ਉਸ ਦੇ ਘਰ ਨੂੰ ਪਲੈੱਜ ਕਰ ਲਿਆ ਗਿਆ ਸੀ। ਗਗਨਦੀਪ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਉਸ ਦੇ ਭਰਾ ਪ੍ਰੀਤਮ ਨੇ ਪ੍ਰੋਫੈਸਰ ਕਾਲੋਨੀ ’ਚ ਨਵੀਂ ਕੋਠੀ ਬਣਵਾਈ ਸੀ।
ਆਰਥਿਕ ਪ੍ਰੇਸ਼ਾਨੀ ਕਾਰਣ ਕਿਸਾਨ ਨੇ ਕੀਤੀ ਆਤਮਹੱਤਿਆ
NEXT STORY