ਜਲੰਧਰ (ਵਰੁਣ)– ਗੁੱਜਾਪੀਰ ’ਚ ਸਿਰਫ਼ 3000 ਰੁਪਏ ਖ਼ਾਤਰ ਚਾਕੂ ਨਾਲ ਹਮਲਾ ਕਰਕੇ ਜ਼ਖ਼ਮੀ ਕੀਤੇ ਗਏ ਪ੍ਰਵਾਸੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਡਾਕਟਰਾਂ ਦੀ ਰਿਪੋਰਟ ਅਨੁਸਾਰ ਪੁਲਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 323 ਤੇ 324 ਤਹਿਤ ਕੇਸ ਦਰਜ ਕੀਤਾ ਸੀ ਪਰ ਜ਼ਮਾਨਤ ਮਿਲਣ ’ਤੇ ਉਸ ਖ਼ਿਲਾਫ਼ 107/51 ਤਹਿਤ ਰਿਪੋਰਟ ਤਿਆਰ ਕਰਕੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਸੀ। ਪੁਲਸ ਨੇ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਤੋਂ ਬਾਅਦ ਜੇਲ ’ਚ ਬੰਦ ਮੁਲਜ਼ਮ ਖ਼ਿਲਾਫ਼ ਕੇਸ ’ਚ ਧਾਰਾ 302 ਦਾ ਵਾਧਾ ਕਰ ਦਿੱਤਾ ਹੈ।
ਥਾਣਾ ਨੰਬਰ 8 ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਦਮ ਤੋਡ਼ਨ ਤੋਂ ਪਹਿਲਾਂ ਮ੍ਰਿਤਕ ਧਰਮਿੰਦਰ ਕੁਮਾਰ ਪੁੱਤਰ ਸ਼ਿਵ ਕੁਮਾਰ ਮੂਲ ਨਿਵਾਸੀ ਗੋਰਖਪੁਰ (ਯੂ. ਪੀ.), ਹਾਲ ਨਿਵਾਸੀ ਗੁੱਜਾਪੀਰ ਰੋਡ ਨੇ ਦੱਸਿਆ ਕਿ ਉਸ ਨੇ ਆਪਣੇ ਗੁਆਂਢ ’ਚ ਸਥਿਤ ਕੁਆਰਟਰ ’ਚ ਰਹਿਣ ਵਾਲੇ ਪ੍ਰਦੀਪ ਪੁੱਤਰ ਸ਼ਿਵ ਕੁਮਾਰ ਤੋਂ 20 ਹਜ਼ਾਰ ਰੁਪਏ ਵਿਆਜ ’ਤੇ ਲਏ ਸਨ। ਉਸ ਨੇ ਉਸ ਨੂੰ 17 ਹਜ਼ਾਰ ਰੁਪਏ ਮੋੜ ਦਿੱਤੇ ਸਨ ਪਰ 3000 ਰੁਪਏ ਅਜੇ ਵੀ ਉਸ ’ਤੇ ਉਧਾਰ ਸਨ। ਦੋਸ਼ ਹੈ ਕਿ 5 ਮਾਰਚ ਨੂੰ ਪ੍ਰਦੀਪ ਉਸ ਕੋਲੋਂ 3000 ਰੁਪਏ ਲੈਣ ਲਈ ਉਸ ਦੇ ਕੁਆਰਟਰ ਵੱਲ ਆ ਰਿਹਾ ਸੀ ਪਰ ਉਹ ਉਸ ਨੂੰ ਸੜਕ ’ਤੇ ਹੀ ਮਿਲ ਗਿਆ। ਪ੍ਰਦੀਪ ਨੇ ਪੈਸੇ ਮੰਗੇ ਤਾਂ ਉਸ ਨੇ ਹੋਰ ਸਮੇਂ ਦੀ ਮੰਗ ਕੀਤੀ, ਜਿਸ ਨੂੰ ਲੈ ਕੇ ਪ੍ਰਦੀਪ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਰਾਹਗੀਰਾਂ ਨੇ ਦੋਵਾਂ ਦਾ ਝਗੜਾ ਛੁਡਵਾਇਆ ਤੇ ਵਾਪਸ ਆਪਣੇ-ਆਪਣੇ ਘਰ ਭੇਜ ਦਿੱਤਾ।
ਇਹ ਖ਼ਬਰ ਵੀ ਪੜ੍ਹੋ : 'ਨਹੀਂ ਦਿੰਦਾ ਘਰੇਲੂ ਖਰਚਾ'... ਬੱਸ ਸਟੈਂਡ ਦੀ ਛੱਤ ’ਤੇ ਚੜ੍ਹੀ ਨਵ-ਵਿਆਹੁਤਾ
ਧਰਮਿੰਦਰ ਕੁਮਾਰ ਨੇ ਬਿਆਨ ਦਿੱਤੇ ਸਨ ਕਿ ਜਦੋਂ ਉਹ ਘਰ ਨੂੰ ਜਾ ਰਿਹਾ ਸੀ ਤਾਂ 10 ਮਿੰਟਾਂ ਬਾਅਦ ਹੀ ਪ੍ਰਦੀਪ ਨੇ ਉਸ ਨੂੰ ਘਰ ਦੇ ਨੇੜੇ ਘੇਰ ਲਿਆ, ਜਿਸ ਨੇ ਚਾਕੂ ਨਾਲ ਉਸ ਉੱਪਰ 2 ਵਾਰ ਕੀਤੇ ਤੇ ਖ਼ੂਨ ’ਚ ਲਥਪਥ ਕਰ ਦਿੱਤਾ। ਪ੍ਰਦੀਪ ਦੀਆਂ ਚੀਕਾਂ ਸੁਣ ਕੇ ਉਸ ਦਾ ਪੁੱਤਰ ਧਰਮਵੀਰ ਬਚਾਅ ਲਈ ਅੱਗੇ ਆਇਆ ਤਾਂ ਮੁਲਜ਼ਮ ਨੇ ਉਸ ’ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ। ਬਾਅਦ ’ਚ ਦੋਵਾਂ ਨੂੰ ਜ਼ਖ਼ਮੀ ਕਰਕੇ ਮੁਲਜ਼ਮ ਫਰਾਰ ਹੋ ਗਿਆ। ਧਰਮਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਤੇ ਅਗਲੇ ਦਿਨ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਨਾ ਦਿੱਤੀ।
ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਡਾਕਟਰਾਂ ਦੀ ਐੱਮ. ਐੱਲ. ਆਰ. ਰਿਪੋਰਟ ਦੇ ਅਨੁਸਾਰ ਧਾਰਾ 323, 324 ਤਹਿਤ ਕਾਰਵਾਈ ਬਣ ਰਹੀ ਸੀ ਪਰ ਡਾਕਟਰਾਂ ਨੇ ਧਰਮਿੰਦਰ ਨੂੰ ਲੱਗੀਆਂ ਸੱਟਾਂ ਨੂੰ ਗੰਭੀਰ ਦੱਸਿਆ ਸੀ। ਅਜਿਹੇ ’ਚ ਪੁਲਸ ਨੇ ਧਰਮਿੰਦਰ ਦੇ ਬਿਆਨ ਲੈ ਕੇ ਪ੍ਰਦੀਪ ਦੇ ਖ਼ਿਲਾਫ਼ ਧਾਰਾ 323, 324 ਤਹਿਤ ਕਾਰਵਾਈ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਵਾਰਦਾਤ ’ਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ। ਇਸ ਕੇਸ ’ਚ ਪ੍ਰਦੀਪ ਨੂੰ ਜ਼ਮਾਨਤ ਮਿਲ ਜਾਣੀ ਸੀ ਪਰ ਜ਼ਮਾਨਤ ਮਿਲਣ ਤੋਂ ਬਾਅਦ ਪ੍ਰਦੀਪ ਕਿਤੇ ਫਰਾਰ ਨਾ ਹੋ ਜਾਵੇ, ਇਸ ਦੇ ਲਈ ਸ਼ੱਕ ’ਚ ਪੁਲਸ ਨੇ ਕਾਫ਼ੀ ਸੂਝ-ਬੂਝ ਨਾਲ ਪ੍ਰਦੀਪ ਖ਼ਿਲਾਫ਼ 107/51 ਦੀ ਰਿਪੋਰਟ ਤਿਆਰ ਕਰਕੇ ਉਸ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਤੇ ਜੇਲ ਭੇਜ ਦਿੱਤਾ।
ਸ਼ੁੱਕਰਵਾਰ ਨੂੰ ਜਿਉਂ ਹੀ ਸਿਵਲ ਹਸਪਤਾਲ ’ਚ ਧਰਮਿੰਦਰ ਨੇ ਦਮ ਤੋੜਿਆ ਤਾਂ ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੇ ਇੰਚਾਰਜ ਸੰਜੀਵ ਸੂਰੀ ਤੇ ਏ. ਐੱਸ. ਆਈ. ਨਿਰਮਲ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਏ ਕਿ ਧਰਮਿੰਦਰ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋਇਆ, ਜਿਸ ਕਾਰਨ ਹੰਗਾਮਾ ਹੁੰਦਾ ਦੇਖ ਥਾਣਾ ਨੰਬਰ 4 ਦੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਹਾਊਸ ’ਚ ਰਖਵਾ ਦਿੱਤਾ। ਏ. ਐੱਸ. ਆਈ. ਨਿਰਮਲ ਸਿੰਘ ਨੇ ਕਿਹਾ ਕਿ ਹੁਣ 323, 324 ਦੇ ਨਾਲ-ਨਾਲ ਪ੍ਰਦੀਪ ਖ਼ਿਲਾਫ਼ ਧਾਰਾ 302 ਵੀ ਜੋੜ ਦਿੱਤੀ ਗਈ ਹੈ। ਮੁਲਜ਼ਮ ਨੂੰ ਜੇਲ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਸ ਦੀ 302 ’ਚ ਗ੍ਰਿਫ਼ਤਾਰੀ ਦਿਖਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਨਹੀਂ ਦਿੰਦਾ ਘਰੇਲੂ ਖਰਚਾ'... ਬੱਸ ਸਟੈਂਡ ਦੀ ਛੱਤ ’ਤੇ ਚੜ੍ਹੀ ਨਵ-ਵਿਆਹੁਤਾ
NEXT STORY