ਜਲੰਧਰ (ਪੁਨੀਤ)—ਡਾਕਟਰ ਬਣਨ ਲਈ ਸਾਢੇ 6 ਸਾਲ ਦੀ ਪੜ੍ਹਾਈ ਕਰਨੀ ਪੈਂਦੀ ਹੈ। ਇਸ ਵਿਚ ਡੇਢ-ਡੇਢ ਸਾਲ ਦੇ 3 ਸਮੈਸਟਰ ਹੁੰਦੇ ਹਨ। ਇਕ ਸਾਲ ਦੀ ਇੰਟਰਨਸ਼ਿਪ ਹੁੰਦੀ ਹੈ, ਫਿਰ ਇਕ ਸਾਲ ਦੀ ਹਾਊਸ ਜੌਬ ਵੀ ਹੁੰਦੀ ਹੈ। ਇਸ ਨੂੰ ਪੂਰਾ ਕਰਨ ਪਿੱਛੋਂ ਸਾਢੇ 6 ਸਾਲ ਬਾਅਦ ਐੱਮ. ਬੀ. ਬੀ. ਐੱਸ. ਦੀ ਡਿਗਰੀ ਹੱਥ ਵਿਚ ਆਉਂਦੀ ਹੈ ਪਰ ਹੁਣ ਨਵੀਂ ਐਜੂਕੇਸ਼ਨ ਪਾਲਿਸੀ ਅਧੀਨ ਸਾਢੇ 6 ਸਾਲ ਦੀ ਪੜ੍ਹਾਈ ਤੋਂ ਬਾਅਦ ਵੀ ਡਾਕਟਰ ਨਹੀਂ ਬਣਿਆ ਜਾ ਸਕੇਗਾ। ਹੁਣ ਨਵੀਂ ਪਾਲਿਸੀ ਮੁਤਾਬਕ ਸਾਢੇ 6 ਸਾਲ ਦੀ ਪੜ੍ਹਾਈ ਤੋਂ ਬਾਅਦ ਟੈਸਟ ਨੂੰ ਜ਼ਰੂਰੀ ਕਰਾਰ ਦਿੱਤਾ ਜਾ ਰਿਹਾ ਹੈ।
ਇਹ ਪ੍ਰਗਟਾਵਾ ਖਾਲਸਾ ਕਾਲਜ ਫਾਰ ਵੂਮੈਨ ਦੇ ਸਹਿਯੋਗ ਨਾਲ ਜੈ ਪੰਜਾਬ ਫੋਰਮ ਵਲੋਂ ਕਰਵਾਏ ਗਏ ਦੋ ਦਿਨਾ ਸੈਮੀਨਾਰ ਦੌਰਾਨ ਬੁਲਾਰਿਆਂ ਨੇ ਕੀਤਾ। ਸੈਮੀਨਾਰ ਦੇ ਦੂਜੇ ਅਤੇ ਆਖਰੀ ਦਿਨ ਪ੍ਰੋਫੈਸ਼ਨਲ ਐਂਡ ਟੈਕਨੀਕਲ ਐਜੂਕੇਸ਼ਨ 'ਤੇ ਲੰਬੀ ਚਰਚਾ ਹੋਈ। ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਦੇ ਸਾਬਕਾ ਡਾਇਰੈਕਟਰ ਤੇਜਬੀਰ ਸਿੰਘ, ਇੰਡੀਅਨ ਡਾਕਟਰਜ਼ ਫਾਰ ਡਿਵੈੱਲਪਮੈਂਟ ਦੇ ਸੀਨੀਅਰ ਮੀਤ ਪ੍ਰਧਾਨ ਅਰੁਣ ਮਿੱਤਰਾ ਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡੀਨ ਐੱਨ. ਪੀ. ਸਿੰਘ ਦੀ ਮੌਜੂਦਗੀ ਵਿਚ ਬੁਲਾਰਿਆਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਤੋਂ ਲੈ ਕੇ ਹੁਣ ਤਕ ਸਾਢੇ 6 ਸਾਲ ਦੀ ਪੜ੍ਹਾਈ ਕਰਨ ਵਾਲੇ ਵਿਅਕਤੀ ਡਾਕਟਰ ਬਣ ਰਹੇ ਸਨ ਪਰ ਹੁਣ ਕੇਂਦਰ ਦੀ ਨਵੀਂ ਪਾਲਿਸੀ ਪਿੱਛੋਂ ਸਾਢੇ 6 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਵੀ ਕੋਈ ਡਾਕਟਰ ਬਣ ਸਕੇਗਾ, ਸਬੰਧੀ ਯਕੀਨ ਨਹੀਂ ਹੈ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀ ਨਵੀਂ ਪਾਲਿਸੀ ਪ੍ਰਾਈਵੇਟ ਸੈਕਟਰ ਨੂੰ ਹੱਲਾਸ਼ੇਰੀ ਦੇ ਰਹੀ ਹੈ। ਇਹ ਸਰਾਸਰ ਗਲਤ ਹੈ। ਇਸ ਨਾਲ ਸਿੱਖਿਆ ਦਾ ਵਪਾਰੀਕਰਨ ਹੋਵੇਗਾ ਜੋ ਠੀਕ ਨਹੀਂ ਹੈ। ਇਹ ਗੱਲ ਦੇਸ਼ ਦੇ ਹਿੱਤਾਂ ਵਿਚ ਵੀ ਨਹੀਂ ਹੈ। ਸਾਢੇ 6 ਸਾਲ ਦੀ ਪੜ੍ਹਾਈ ਕਰਨ ਦੌਰਾਨ ਵਿਦਿਆਰਥੀ ਕਈ ਤਰ੍ਹਾਂ ਦੇ ਪ੍ਰੈਕਟੀਕਲ ਟੈਸਟਾਂ ਵਿਚੋਂ ਲੰਘਦਾ ਹੈ। ਉਸ ਤੋਂ ਬਾਅਦ ਉਹ ਡਾਕਟਰ ਬਣਦਾ ਹੈ। ਜੇ ਸਾਢੇ 6 ਸਾਲ ਦੀ ਪੜ੍ਹਾਈ ਤੋਂ ਬਾਅਦ ਟੈਸਟ ਵਿਚ ਵਿਦਿਆਰਥੀ ਫੇਲ ਕਰ ਦਿੱਤਾ ਜਾਂਦਾ ਹੈ ਤਾਂ ਉਸ ਦਾ ਕਰੀਅਰ ਬਰਬਾਦ ਹੋ ਜਾਵੇਗਾ।
300 ਯੂਨੀਵਰਸਿਟੀਆਂ 'ਤੇ ਬੰਦ ਹੋਣ ਦੀ ਲਟਕੇਗੀ ਤਲਵਾਰ
ਜੈ ਪੰਜਾਬ ਫੋਰਮ ਦੇ ਜਨਰਲ ਸਕੱਤਰ ਐੱਲ. ਆਰ. ਨਈਅਰ ਨੇ ਕਿਹਾ ਕਿ ਦੇਸ਼ ਵਿਚ 40 ਹਜ਼ਾਰ ਕਾਲਜ ਹਨ ਅਤੇ ਨਵੀਂ ਨੀਤੀ ਅਧੀਨ 22 ਹਜ਼ਾਰ ਤੋਂ ਵੱਧ ਕਾਲਜ ਬੰਦ ਹੋ ਜਾਣਗੇ। ਇਹੀ ਨਹੀਂ, ਦੇਸ਼ ਦੀਆਂ 800 ਵਿਚੋਂ 300 ਯੂਨੀਵਰਸਿਟੀਆਂ ਵੀ ਬੰਦ ਹੋਣ ਦੇ ਕੰਢੇ ਤਕ ਪਹੁੰਚ ਜਾਣਗੀਆਂ। ਇਸ ਦਾ ਮੁਖ ਕਾਰਨ ਇਹ ਹੈ ਕਿ ਨਵੀਂ ਪਾਲਿਸੀ ਮੁਤਾਬਕ ਉਹ ਕਾਲਜ ਬੰਦ ਕਰ ਦਿੱਤੇ ਜਾਣਗੇ, ਜਿਥੇ 5000 ਤੋਂ ਘੱਟ ਵਿਦਿਆਰਥੀ ਹੋਣਗੇ। ਇਸ ਮੌਕੇ ਖਾਲਸਾ ਕਾਲਜ ਫਾਰ ਵੂਮੈਨ ਦੀ ਪ੍ਰਿੰਸੀਪਲ ਡਾ. ਨਵਜੋਤ ਕੌਰ, ਜੈ ਪੰਜਾਬ ਫੋਰਮ ਦੇ ਵਾਈਸ ਪ੍ਰੈਜ਼ੀਡੈਂਟ ਤਰਸੇਮ ਬਾਹੀਆ ਤੇ ਹੋਰ ਵੀ ਮੌਜੂਦ ਸਨ।
ਠੇਕੇਦਾਰ ਗਾਹਕਾਂ ਨੂੰ ਸ਼ਰਾਬ ਦੀ ਖਰੀਦਦਾਰੀ ਬਦਲੇ ਨਹੀਂ ਦੇ ਰਹੇ ਬਿੱਲ!
NEXT STORY