ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਦੇ ਸਾਊਥ ਔਕਲੈਂਡ ਦੇ ਮਾਨੂਰੇਵਾ ਕਸਬੇ ਵਿਖੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਸਿੱਖ ਸੰਗਤ ਦੀ ਤਰਫ਼ੋਂ ਸਜਾਏ ਜਾ ਰਹੇ ਨਗਰ ਕੀਰਤਨ ਦੇ ਵਿਰੋਧ ਵਾਲੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਸਿੱਖਾਂ ਅਤੇ ਸਮਾਜਿਕ ਭਾਈਚਾਰਕ ਸਾਂਝ ਲਈ ਚੁਣੌਤੀ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕੁਝ ਲੋਕਾਂ ਜਿਨ੍ਹਾਂ ਦੀ ਅਗਵਾਈ ਬ੍ਰਾਇਨ ਤਾਮਾਕੀ ਨਾਮ ਦੇ ਵਿਅਕਤੀ ਵੱਲੋਂ ਕੀਤੀ ਦੱਸੀ ਜਾ ਰਹੀ ਹੈ, ਜੋ ਇੱਕ ਸਮੂਹ ਦਾ ਵਿਵਾਦਤ ਆਗੂ ਹੈ, ਵੱਲੋਂ ਜਾਣਬੁੱਝ ਕੇ ਨਿਊਜ਼ੀਲੈਂਡ ਦੀਆਂ ਸਥਾਨਕ ਰਵਾਇਤਾਂ ਦੀ ਦੁਰਵਰਤੋਂ ਕਰਦਿਆਂ ਨਫ਼ਰਤੀ ਭਾਵਨਾ ਨਾਲ ਸਿੱਖਾਂ ਨੂੰ ਇਹ ਚੁਣੌਤੀ ਦਿੱਤੀ ਗਈ ਹੈ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਪ੍ਰਤੀ ਨਿਊਜ਼ੀਲੈਂਡ ਦੀ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇ ਕੇ ਅਜਿਹੇ ਅਨਸਰਾਂ ਨੂੰ ਰੋਕਣ ਦੀ ਲੋੜ ਹੈ, ਜੋ ਸਮਾਜਕ ਭਾਈਚਾਰਕ ਸਾਂਝ ਵਿੱਚ ਕੁੜੱਤਣ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਥੇਦਾਰ ਗੜਗੱਜ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਅਤੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੂੰ ਆਖਿਆ ਕਿ ਉਹ ਇਸ ਮਾਮਲੇ ਵੱਲ ਵਿਸ਼ੇਸ਼ ਧਿਆਨ ਦੇ ਕੇ ਇਹ ਯਕੀਨੀ ਬਣਾਉਣ ਕਿ ਸ਼ਰਾਰਤੀ ਲੋਕ ਦੋਵੇਂ ਦੇਸ਼ਾਂ ਅਤੇ ਭਾਈਚਾਰਿਆਂ ਵਿਚਕਾਰ ਸਾਂਝ ਨੂੰ ਸੱਟ ਨਾ ਮਾਰ ਸਕਣ। ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਹਰ ਧਰਮ ਅਤੇ ਫਿਰਕੇ ਦਾ ਸਤਿਕਾਰ ਕਰਦੇ ਹਨ ਅਤੇ ਇਸੇ ਤਰ੍ਹਾਂ ਬਾਕੀਆਂ ਦਾ ਵੀ ਇਹ ਫ਼ਰਜ਼ ਹੈ ਕਿ ਸਿੱਖਾਂ ਦੀ ਧਾਰਮਿਕ ਅਜ਼ਾਦੀ ਦਾ ਵੀ ਸਤਿਕਾਰ ਕੀਤਾ ਜਾਵੇ।
ਪੜ੍ਹੋ ਇਹ ਵੀ - ਪੁਰਾਣੀ ਕਾਰ, ਬਾਈਕ, ਸਕੂਟਰ ਖਰੀਦਣ ਵਾਲੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...
ਉਨ੍ਹਾਂ ਕਿਹਾ ਕਿ ਨਗਰ ਕੀਰਤਨ ਸਰਕਾਰੀ ਪ੍ਰਵਾਨਗੀਆਂ ਤੋਂ ਬਾਅਦ ਹੀ ਸਜਾਏ ਜਾਂਦੇ ਹਨ। ਇਸ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਸਥਾਨਕ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇ ਸਿੱਖਾਂ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉੱਥੋਂ ਦੇ ਸਥਾਨਕ ਮਾਓਰੀ ਲੋਕ ਸਿੱਖਾਂ ਨਾਲ ਰਲ ਮਿਲ ਕੇ ਰਹਿੰਦੇ ਹਨ ਅਤੇ ਤਾਜ਼ਾ ਘਟਨਾ ਪਿੱਛੇ ਸਿਰਫ਼ ਇੱਕ ਸ਼ਰਾਰਤੀ ਸਮੂਹ ਦਾ ਹੱਥ ਹੈ। ਇਸ ਘਟਨਾ ਤੋਂ ਬਾਅਦ ਨਿਊਜ਼ੀਲੈਂਡ ਦੇ 25 ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕੀ ਕਮੇਟੀਆਂ ਲਗਾਤਾਰ ਸਥਾਨਕ ਸਰਕਾਰ ਤੇ ਪੁਲਸ ਪ੍ਰਸ਼ਾਸਨ ਨਾਲ ਰਾਬਤੇ ਵਿੱਚ ਹਨ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ।
ਪੜ੍ਹੋ ਇਹ ਵੀ - ਹੁਣ ਫਟੀ ਹੋਈ ਜੀਨਸ ਅਤੇ ਸਲੀਵਲੇਸ ਕੱਪੜੇ ਨਹੀਂ ਪਾ ਸਕਣਗੇ ਸਰਕਾਰੀ ਕਰਮਚਾਰੀ
ਜਥੇਦਾਰ ਗੜਗੱਜ ਨੇ ਕਿਹਾ ਕਿ ਆਪਣੀ ਕਰੜੀ ਮਿਹਨਤ ਤੇ ਲਿਆਕਤ ਸਦਕਾ ਸਿੱਖ ਅੱਜ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਹਨ ਅਤੇ ਉਨ੍ਹਾਂ ਨੇ ਉੱਥੇ ਚੰਗੇ ਰੁਤਬੇ ਹਾਸਲ ਕੀਤੇ ਹਨ। ਸਿੱਖਾਂ ਨੇ ਨਿਊਜ਼ੀਲੈਂਡ ਜਾਂ ਕਿਸੇ ਵੀ ਹੋਰ ਦੇਸ਼ ਜਿੱਥੇ ਉਹ ਵੱਸਦੇ ਹਨ, ਉੱਥੇ ਸਥਾਨਕ ਕਾਨੂੰਨਾਂ ਅਤੇ ਨਿਯਮਾਂ ਦੀ ਪਾਲਣਾ ਕਰਦਿਆਂ ਕਰੜੀ ਮਿਹਨਤ ਨਾਲ ਆਪਣਾ ਸਥਾਨ ਕਾਇਮ ਕਰਦਿਆਂ ਨਾਗਰਿਕਤਾ ਜਾਂ ਕੰਮ ਕਰਨ ਦੀਆਂ ਪ੍ਰਵਾਨਗੀਆਂ ਹਾਸਲ ਕੀਤੀਆਂ ਹਨ। ਜਥੇਦਾਰ ਗੜਗੱਜ ਨੇ ਨਿਊਜ਼ੀਲੈਂਡ ਦੇ ਆਗੂ ਸਿੱਖਾਂ ਨੂੰ ਆਦੇਸ਼ ਕੀਤਾ ਕਿ ਉਹ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ, ਸਥਾਨਕ ਸਰਕਾਰ ਦੇ ਆਗੂਆਂ ਅਤੇ ਮਾਓਰੀ ਭਾਈਚਾਰੇ ਦੇ ਵੱਡੇ ਆਗੂਆਂ ਨਾਲ ਮਿਲ ਬੈਠ ਕੇ ਇਹ ਮਾਮਲਾ ਵਿਚਾਰਨ ਅਤੇ ਉਨ੍ਹਾਂ ਨੂੰ ਸਿੱਖੀ ਕਦਰਾਂ ਕੀਮਤਾਂ ਤੇ ਰਵਾਇਤਾਂ ਦੀ ਜਾਣਕਾਰੀ ਦੇਣ। ਉਨ੍ਹਾਂ ਆਖਿਆ ਕਿ ਨਿਊਜ਼ੀਲੈਂਡ ਦੇ ਸਿੱਖ ਇਸ ਮਾਮਲੇ ਸਬੰਧੀ ਉੱਥੋਂ ਦੀ ਸਰਕਾਰ ਨਾਲ ਵਿਚਾਰ ਚਰਚਾ ਕਰਕੇ ਇਹ ਯਕੀਨੀ ਬਣਾਉਣ ਕਿ ਨਗਰ ਕੀਰਤਨ ਸਜਾਉਣ ਜਾਂ ਹੋਰ ਸਿੱਖ ਸਮਾਗਮਾਂ ਨੂੰ ਕਰਵਾਉਣ ਲਈ ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਅਗਾਂਹ ਤੋਂ ਅਜਿਹੀ ਸਥਿਤੀ ਨਾ ਬਣੇ।
ਪੜ੍ਹੋ ਇਹ ਵੀ - ਕਰੋੜਪਤੀ ਬਣ ਸਕਦਾ ਤੁਹਾਡਾ ਬੱਚਾ, ਸਿਖਾਓ ਇਹ ਤਰੀਕੇ, ਜ਼ਿੰਦਗੀ 'ਚ ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ
ਹੈਰੋਇਨ ਦੀ ਖੇਪ ਲੈਣ ਆਏ 2 ਨੌਜਵਾਨਾਂ ਨੂੰ BSF ਨੇ ਕੀਤਾ ਕਾਬੂ, ਵਿਦੇਸ਼ ਤੋਂ ਆਈ ਕਾਲ 'ਤੇ ਹੋ ਰਿਹਾ ਸੀ ਕੰਮ
NEXT STORY