ਬਠਿੰਡਾ (ਵਿਜੈ ਵਰਮਾ) : ਬਠਿੰਡਾ ਦੇ ਸਿਵਲ ਹਸਪਤਾਲ ਸਥਿਤ ਜੱਚਾ-ਬੱਚਾ ਕੇਂਦਰ 'ਚ ਜਣੇਪੇ ਦੌਰਾਨ ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਹੰਗਾਮਾ ਹੋ ਗਿਆ। ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਅਤੇ ਨਰਸਿੰਗ ਸਟਾਫ਼ 'ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਹਸਪਤਾਲ ਕੰਪਲੈਕਸ 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਨਵਜੰਮੇ ਦੀ ਮੌਤ ਡਿਲੀਵਰੀ ਤੋਂ ਪਹਿਲਾਂ ਹੀ ਗਰਭ 'ਚ ਹੋ ਚੁੱਕੀ ਸੀ। ਕੋਟਕਪੂਰਾ ਦੀ ਰਹਿਣ ਵਾਲੀ ਰਾਜਿੰਦਰ ਕੌਰ ਨੂੰ ਦੇਰ ਰਾਤ ਜਣੇਪੇ ਦੀਆਂ ਪੀੜਾਂ ਕਾਰਨ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਡਿਲੀਵਰੀ ਸਮੇਂ ਕੋਈ ਸੀਨੀਅਰ ਗਾਇਨੀ ਡਾਕਟਰ ਮੌਕੇ 'ਤੇ ਨਹੀਂ ਸੀ ਅਤੇ ਸਾਰਾ ਮਾਮਲਾ ਨਰਸਿੰਗ ਸਟਾਫ਼ ਦੇ ਭਰੋਸੇ ਚੱਲਿਆ।
ਪਰਿਵਾਰ ਦਾ ਕਹਿਣਾ ਹੈ ਕਿ ਜਣੇਪੇ ਦੌਰਾਨ ਔਰਤ ਦੇ ਪੇਟ 'ਤੇ ਬਹੁਤ ਜ਼ਿਆਦਾ ਦਬਾਅ ਪਾਇਆ ਗਿਆ ਅਤੇ ਗਲਤ ਤਰੀਕੇ ਨਾਲ ਕੱਟ ਲਗਾਉਣ ਕਾਰਨ ਭਾਰੀ ਖੂਨ ਵਗਿਆ, ਜਿਸ ਨਾਲ ਔਰਤ ਦੀ ਹਾਲਤ ਵੀ ਗੰਭੀਰ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਜਵਾਬ ਮੰਗਿਆ ਗਿਆ ਤਾਂ ਸਬੰਧਿਤ ਸਟਾਫ਼ ਮੌਕੇ ਤੋਂ ਚਲਾ ਗਿਆ। ਉੱਧਰ ਸਿਵਲ ਹਸਪਤਾਲ ਦੇ ਐੱਸ. ਐੱਮ. ਓਯ ਅਤੇ ਵੁਮੈਨ ਐਂਡ ਚਿਲਡਰਨ ਹਸਪਤਾਲ ਦੇ ਇੰਚਾਰਜ ਡਾ. ਪ੍ਰੀਤ ਮਹਿੰਦਰ ਨੇ ਕਿਹਾ ਕਿ ਮਹਿਲਾ ਨੂੰ ਰਾਤ ਕਰੀਬ 12 ਵਜੇ ਦਾਖ਼ਲ ਕੀਤਾ ਗਿਆ ਸੀ ਅਤੇ ਸਵੇਰੇ 6.30 ਵਜੇ ਡਿਲੀਵਰੀ ਹੋਈ। ਉਨ੍ਹਾਂ ਮੁਤਾਬਕ ਜਾਂਚ ਦੌਰਾਨ ਬੱਚੇ ਦੀ ਧੜਕਣ ਪਹਿਲਾਂ ਹੀ ਬੰਦ ਮਿਲੀ ਅਤੇ ਉਸ ਦੀ ਗਰਭ 'ਚ ਹੀ ਮੌਤ ਹੋ ਚੁੱਕੀ ਸੀ।
ਉਨ੍ਹਾਂ ਕਿਹਾ ਕਿ ਪਹਿਲੀ ਨਾਰਮਲ ਡਿਲੀਵਰੀ ਦੌਰਾਨ ਐਪੀਜ਼ਿਓਟਮੀ (ਕੱਟ) ਇੱਕ ਆਮ ਮੈਡੀਕਲ ਪ੍ਰਕਿਰਿਆ ਹੈ। ਬੱਚੇ ਦਾ ਆਕਾਰ ਵੱਡਾ ਹੋਣ ਕਾਰਨ ਟਿਸ਼ੂ ਫਟਣ ਦੀ ਸਥਿਤੀ ਬਣੀ ਸੀ, ਜਿਸ ਦਾ ਤੁਰੰਤ ਇਲਾਜ ਕੀਤਾ ਗਿਆ ਅਤੇ ਮਹਿਲਾ ਨੂੰ ਬਿਹਤਰ ਇਲਾਜ ਲਈ ਏਮਜ਼ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ। ਸੂਚਨਾ ਮਿਲਣ 'ਤੇ ਪੁਲਸ ਵੀ ਹਸਪਤਾਲ ਪਹੁੰਚ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਪਰਿਵਾਰ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ। ਸ਼ਿਕਾਇਤ ਮਿਲਣ 'ਤੇ ਤੱਥਾਂ ਦੇ ਆਧਾਰ 'ਤੇ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫ਼ਿਲਮ 'ਸਤਲੁਜ' ਵਿਵਾਦ 'ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਵੱਡਾ ਬਿਆਨ
NEXT STORY