ਚੰਡੀਗੜ੍ਹ (ਰਮਨਜੀਤ) : ਖਾਲਸਾ ਸਾਜਨਾ ਦਿਵਸ ਮੌਕੇ ਬਠਿੰਡਾ ਦੇ ਤਲਵੰਡੀ ਸਾਬੋ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਚ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਖਿਲਾਫ਼ ਪੰਥਕ ਦਲਾਂ ਵਲੋਂ ਵੀ ਸਿਆਸੀ ਕਾਨਫਰੰਸ ਆਯੋਜਿਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਕਾਨਫਰੰਸ ਦੌਰਾਨ 'ਸਰਬੱਤ ਖਾਲਸਾ' ਬੁਲਾਉਣ ਸਬੰਧੀ ਤੇ ਪੰਥਕ ਦਲਾਂ ਦੇ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਜਾਵੇਗਾ।
ਇਥੇ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਵਿਚ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ 'ਤੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀ ਸੰਗਤ 'ਤੇ ਗੋਲੀ ਚਲਾਉਣ ਅਤੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਦਾਦੂਵਾਲ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਾਰੀ ਹਨ ਤੇ ਨੌਜਵਾਨ ਵਰਗ ਨਸ਼ੇ ਦੀ ਚਪੇਟ ਵਿਚ ਹੈ। ਖੁਦ ਨੂੰ ਪੰਥਕ ਨੇਤਾ ਦੱਸਣ ਵਾਲੇ ਸੱਤਾਧਾਰੀ ਲੋਕ ਵੀ ਅਜਿਹੇ ਧੰਦਿਆਂ ਵਿਚ ਲੱਗੇ ਹੋਏ ਹਨ। ਇਸ ਸਮੱਸਿਆ ਨੂੰ ਤਲਵੰਡੀ ਸਾਬੋ ਵਿਚ ਹੋਣ ਵਾਲੀ ਸਿਆਸੀ ਕਾਨਫਰੰਸ ਵਿਚ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ।
ਦਾਦੂਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਸਜ਼ਾ ਪੂਰੀ ਹੋਣ ਤੋਂ ਬਾਅਦ ਜੇਲ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਮਰਨ ਵਰਤ 'ਤੇ ਹਨ ਪਰ ਇਸ ਦੀ ਸੁਣਵਾਈ ਨਹੀਂ ਹੋ ਰਹੀ ਹੈ। ਦੇਸ਼-ਵਿਦੇਸ਼ ਵਿਚ ਸਿੱਖ ਧਰਮ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਸਿਆਸੀ ਕਾਨਫਰੰਸ ਵਿਚ ਪ੍ਰੋਗਰਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਪੰਜਾਬ ਦੇ ਭਾਈਚਾਰੇ ਨੂੰ ਨੁਕਸਾਨ ਪਹੁੰਚਾ ਕੇ ਆਪਣਾ ਸਿਆਸੀ ਹਿੱਤ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨਰਫੰਸ ਵਿਚ ਅਗਲੇ ਸਰਬੱਤ ਖਾਲਸਾ ਦਾ ਸਥਾਨ ਤੇ ਤਰੀਕ ਨਿਸ਼ਚਿਤ ਕੀਤੀ ਜਾਵੇਗੀ। ਪ੍ਰੈੱਸ ਕਾਨਫਰੰਸ ਵਿਚ ਦਾਦੂਵਾਲ ਦੇ ਨਾਲ ਭਾਈ ਅਮਰੀਕ ਸਿੰਘ ਅਜਨਾਲਾ ਸਮੇਤ ਹੋਰ ਨੇਤਾ ਮੌਜੂਦ ਸਨ।
ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸ ਜੁਲਾਈ 'ਚ ਕਰੇਗੀ ਆਪਣੇ ਉਮੀਦਵਾਰਾਂ ਦਾ ਐਲਾਨ
NEXT STORY