ਸ੍ਰੀ ਅਨੰਦਪੁਰ ਸਾਹਿਬ(ਜ.ਬ.,ਚੋਵੇਸ਼)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਸਿੱਖ ਸੰਗਤਾਂ ਵਿਚ ਘਟਣ ਦੀ ਬਜਾਏ ਰੋਸ ਵਧਦਾ ਹੀ ਜਾ ਰਿਹਾ ਹੈ। ਇਸੇ ਸਬੰਧ ਵਿਚ ਅੱਜ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਬੇਅਦਬੀ ਦੀ ਘਟਨਾ ਦੇ ਰੋਸ ਵਜੋਂ ਇਕ ਨਿਹੰਗ ਸਿੰਘ ਆਪਣੇ ਹੱਥਾਂ ਵਿਚ ਨਿਸ਼ਾਨ ਸਾਹਿਬ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਪੈਂਦੇ ਮੋਬਾਇਲ ਟਾਵਰ ’ਤੇ ਚੜ੍ਹ ਗਿਆ।
ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨੂੰ ਮੋਬਾਇਲ ਟਾਵਰ ਅਤੇ ਚੜ੍ਹੇ ਨਿਹੰਗ ਸਿੰਘ ਰਮਨਦੀਪ ਸਿੰਘ ਮੰਗੂਮੱਠ ਦੇ ਦੂਸਰੇ ਸਾਥੀ ਜਾਬਰਜੰਗ ਸਿੰਘ ਮੰਗੂਮੱਠ ਜੋ ਕੇ ਟਾਵਰ ਦੇ ਥੱਲੇ ਖੜ੍ਹਿਆ ਹੋਇਆ ਸੀ ਨੇ ਦੱਸਿਆ ਕਿ ਅਸੀਂ ਪੁਲਸ ਪ੍ਰਸ਼ਾਸਨ ਦੀ ਹੁਣ ਤੱਕ ਦੀ ਜਾਂਚ ਤੋਂ ਅਤੇ ਸ਼੍ਰੋਮਣੀ ਕਮੇਟੀ ਦੇ ਰਵੱਈਏ ਤੋਂ ਸੰਤੁਸ਼ਟ ਨਹੀਂ ਹਾਂ। ਉਨ੍ਹਾਂ ਜਿੱਥੇ ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧਾਂ ਦੀ ਨੁਕਤਾਚੀਨੀ ਕੀਤੀ ਉਥੇ ਹੀ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦੀ ਰਖਵਾਲੀ ਕਰਨ ਵਿਚ ਨਾਕਾਮ ਰਹਿਣ ਵਾਲੇ ਜਥੇਦਾਰ ਰਘਬੀਰ ਸਿੰਘ ਦੇ ਅਸਤੀਫੇ ਦੀ ਮੰਗ ਵੀ ਕੀਤੀ।
ਇਹ ਵੀ ਪੜ੍ਹੋ- CM ਚੰਨੀ ਵੱਲੋਂ ਮੀਟਿੰਗ ਦੌਰਾਨ ਗਰੀਬ-ਪੱਖੀ ਅਹਿਮ ਉਪਰਾਲੇ, 2 ਅਕਤੂਬਰ ਤੋਂ ਹੋਣਗੇ ਲਾਗੂ
ਉਨ੍ਹਾਂ ਮੰਗ ਕੀਤੀ ਕਿ ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਪਿੱਛੇ ਡੇਰਾ ਸੱਚਾ ਸੌਦਾ, ਆਰ. ਐੱਸ. ਐੱਸ. ਜਾਂ ਇਨ੍ਹਾਂ ਤੋਂ ਇਲਾਵਾ ਹੋਰ ਕਿਹੜੀਆਂ ਤਾਕਤਾਂ ਹਨ ਸਬੰਧੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ, ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਦਾ ਲਾਈ ਡਿਟੈਕਟਿਵ ਟੈਸਟ ਹੋਣਾ ਚਾਹੀਦਾ ਹੈ, ਬੇਅਦਬੀ ਕਰਨ ਵੇਲੇ ਕਥਿਤ ਦੋਸ਼ੀ ਦੇ ਨਾਲ ਤਖ਼ਤ ਸਾਹਿਬ ਵਿਖੇ ਦੂਸਰਾ ਵਿਅਕਤੀ ਕੌਣ ਸੀ ਸਬੰਧੀ ਜਲਦੀ ਤੋਂ ਜਲਦੀ ਪਤਾ ਕਰਵਾ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ।
ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਜਦੋਂ ਵੀ ਅਜਿਹੀਆਂ ਬੇਅਦਬੀਆਂ ਹੁੰਦੀਆਂ ਹਨ ਤਾਂ ਕਥਿਤ ਦੋਸ਼ੀਆਂ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਪਾਗਲ ਸਾਬਤ ਕਰਕੇ ਬਰੀ ਕਰ ਦਿੱਤਾ ਜਾਂਦਾ ਹੈ ਪਰ ਇਸ ਮਾਮਲੇ ਵਿਚ ਅਸੀਂ ਅਜਿਹਾ ਕੁਝ ਵੀ ਨਹੀਂ ਹੋਣ ਦੇਵਾਂਗੇ ਅਤੇ ਇਨਸਾਫ਼ ਨਾ ਮਿਲਣ ਤਕ ਸਾਡਾ ਇਹ ਸ਼ਾਂਤਮਈ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਇਹ ਵੀ ਪੜ੍ਹੋ- ਚੰਨੀ ਸਾਹਮਣੇ 18 ਨਹੀਂ, ਪਹਿਲਾਂ 5 ਸੂਤਰੀ ਏਜੰਡੇ ਨੂੰ ਪੂਰਾ ਕਰਨ ਦੀ ਰਹੇਗੀ ਚੁਣੌਤੀ
ਦੇਰ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਦੇ ਲਗਭਗ ਡੀ.ਐੱਸ.ਪੀ. ਰਮਿੰਦਰ ਸਿੰਘ ਕਾਹਲੋਂ ਅਤੇ ਸਪੈਸਲ ਬਰਾਂਚ ਜਿਲਾ ਰੂਪਨਗਰ ਦੇ ਇੰਚਾਰਜ ਇੰਸਪੈਕਟਰ ਹਰਕੀਰਤ ਸਿੰਘ ਵਲੋਂ ਟਾਵਰ ’ਤੇ ਚੜ੍ਹੇ ਨਿਹੰਗ ਰਮਨਦੀਪ ਸਿੰਘ ਮੰਗੂਮੱਠ ਅਤੇ ਉਸ ਦੇ ਸਾਥੀ ਜਬਰਜੰਗ ਸਿੰਘ ਨੂੰ ਇਹ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਿ ਬੇਅਬਦਬੀ ਦੇ ਦੋਸ਼ੀ ਦਾ ਬਰੇਨ ਮੈਪਿੰਗ ਅਤੇ ਲਾਈ ਡਿਟੈਕਟਿਵ ਟੈਸਟ ਕਰਵਾਉਣ ਲਈ ਅਦਾਲਤ ਵਿਚ ਅਰਜ਼ੀ ਦਿੱਤੀ ਜਾਵੇਗੀ ਅਤੇ ਨਿਹੰਗ ਸਿੰਘ ਖਿਲਾਫ ਟਾਵਰ ’ਤੇ ਚੜ੍ਹਣ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਤੋਂ ਬਾਅਦ ਨਿਹੰਗ ਸਿੰਘ ਰਮਨਦੀਪ ਸਿੰਘ ਟਾਵਰ ਤੋਂ ਹੇਠਾਂ ਉੱਤਰ ਗਿਆ।
ਚੰਨੀ ਸਾਹਮਣੇ 18 ਨਹੀਂ, ਪਹਿਲਾਂ 5 ਸੂਤਰੀ ਏਜੰਡੇ ਨੂੰ ਪੂਰਾ ਕਰਨ ਦੀ ਰਹੇਗੀ ਚੁਣੌਤੀ
NEXT STORY