ਸੰਗਰੂਰ, (ਵਿਜੈ ਕੁਮਾਰ ਸਿੰਗਲਾ)- ਕੋਵਿਡ-19 ਦੀ ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਦੀ ਸੁਰੱਖਿਆ ਲਈ ਮਿਸ਼ਨ ਫ਼ਤਿਹ ਤਹਿਤ ਕੀਤੇ ਜਾ ਰਹੇ ਰਾਹਤ ਕਾਰਜਾਂ ਨੂੰ ਸੰਗਰੂਰ ’ਚ ਹੋਰ ਮਜਬੂਤ ਤੇ ਚੰਗੇਰੇ ਢੰਗ ਨਾਲ ਲਾਗੂ ਕਰਨ ਲਈ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਦੇ ਨਾਲ-ਨਾਲ ਸੰਗਰੂਰ ਹਲਕੇ ਤੋਂ ਵਿਧਾਇਕ ਵਿਜੈ ਇੰਦਰ ਸਿੰਗਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਰੋਜ਼ਾਨਾ ਸਮੀਖਿਆ ਕਰਨ ਦੇ ਨਾਲ-ਨਾਲ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੇ ਡਾਕਟਰਾਂ ਨਾਲ ਮੀਟਿੰਗ ਕੀਤੀ ਤਾਂ ਜੋ ਲੋੜ ਪੈਣ ’ਤੇ ਉਨਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ। ਮੀਟਿੰਗ ਦੌਰਾਨ ਆਈ.ਐਮ.ਏ. ਦੇ ਡਾਕਟਰਾਂ ਨੇ ਕੈਬਨਿਟ ਮੰਤਰੀ ਸਿੰਗਲਾ ਨੂੰ ਸੰਗਰੂਰ ਅੰਦਰ ਮੈਡੀਕਲ ਸਹੂਲਤਾਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਸਿੰਗਲਾ ਨੇ ਅੱਜ ਸਿਵਲ ਹਸਪਤਾਲ ਸੰਗਰੂਰ ਦਾ ਦੌਰਾ ਵੀ ਕੀਤਾ ਜਿੱਥੇ ਉਨਾਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਸਮੀਖਿਆ ਵੀ ਕੀਤੀ।
ਇਸ ਮੌਕੇ ਆਈ.ਐਮ.ਏ. ਦੇ ਡਾਕਟਰਾਂ ਨੂੰ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਡਾਕਟਰੀ ਸਹੂਲਤਾਂ ਤੇ ਹੋਰਨਾਂ ਬਚਾਅ ਕਾਰਜਾਂ ਲਈ ਆਪਣਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਸਿੰਗਲਾ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਇਸ ਖ਼ਤਰਨਾਕ ਦੌਰ ਦੌਰਾਨ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੀ ਯੋਗਤਾ ਅਨੁਸਾਰ ਯੋਗਦਾਨ ਪਾਉਣਾ ਚਾਹੀਦਾ ਹੈ। ਸਿੰਗਲਾ ਨੇ ਕਿਹਾ ਕਿ ਆਈ.ਐਮ.ਏ. ਦੇ ਮੈਂਬਰ ਵੀ ਲੋਕਾਂ ਨੂੰ ਇਸ ਔਖੇ ਸਮੇਂ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਅੱਗੇ ਆਉਣ ਅਤੇ ਜੇਕਰ ਇਸ ਲਈ ਕਿਸੇ ਵੀ ਤਰਾਂ ਦੀ ਕੋਈ ਆਰਥਿਕ ਜਾਂ ਬੁਨਿਆਦੀ ਢਾਂਚੇ ਦੀ ਮਦਦ ਦੀ ਲੋੜ ਹੋਵੇਗੀ ਤਾਂ ਉਨਾਂ ਨੂੰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਹਾਲਾਂਕਿ ਮੌਜੂਦਾ ਸਮੇਂ ਸੰਗਰੂਰ ਅੰਦਰ ਕਾਂਗਰਸ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੈਵਲ-2 ਤਹਿਤ ਆਕਸੀਜਨ ਉਪਲਬਧਤਾ ਵਾਲੇ 200 ਦੇ ਕਰੀਬ ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਉਨਾਂ ਕਿਹਾ ਕਿ ਇਸੇ ਤਰਾਂ ਸਿਵਲ ਹਸਪਤਾਲ ਧੂਰੀ ਵਿਖੇ ਕੋਰੋਨਾਵਾਇਰਸ ਪਾਜਿਟਿਵ ਮਹਿਲਾਵਾਂ ਦੇ ਜਣੇਪੇ ਲਈ ਵਿਸ਼ੇਸ਼ ਵਾਰਡ ਤਿਆਰ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਆਕਸੀਜਨ ਉਪਲਬਧਤਾ ਵਾਲੇ ਬਿਸਤਿਰਆਂ ਦੀ ਗਿਣਤੀ ਵਧਾਉਣ ਲਈ ਉਨਾਂ ਜ਼ਿਲਾ ਪ੍ਰਸ਼ਾਸਨ ਨੂੰ ਹਦਾਇਤ ਜਾਰੀ ਕੀਤੀ ਹੈ ਅਤੇ ਜਲਦ ਹੀ ਜ਼ਿਲੇ ਦੇ ਕਈ ਪ੍ਰਾਇਵੇਟ ਹਸਪਤਾਲਾਂ ਨੂੰ ਲੈਵਲ-2 ਮਰੀਜ਼ਾਂ ਨੂੰ ਦਾਖ਼ਲ ਕਰਨ ਦੀ ਆਗਿਆ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸਦੇ ਨਾਲ ਸੰਗਰੂਰ ਹਲਕੇ ਅੰਦਰ ਉਪਲਬਧ ਢੁੱਕਵੀਆਂ ਇਮਾਰਤਾਂ ਨੂੰ ਵੀ ਲੈਵਲ-2 ਕੋਵਿਡ ਕੇਅਰ ਸੈਂਟਰਾਂ ’ਚ ਬਦਲਣ ਦੀ ਤਜਵੀਜ਼ ਹੈ ਜਿਸ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਲੋੜ ਪੈਣ ’ਤੇ ਤੁਰੰਤ ਇੱਥੇ ਮਰੀਜ਼ਾਂ ਦੀ ਭਰਤੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨਾਂ ਸੰਗਰੂਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਕੋਰੋਨਾਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਦੀ ਪਾਲਣਾ ਕਰਨ ਦੇ ਨਾਲ-ਨਾਲ ਕੋਵਿਡ ਟੀਕਾਕਰਨ ਲਾਜ਼ਮੀ ਤੌਰ ’ਤੇ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ, ਐਸ.ਐਸ.ਪੀ. ਸ਼੍ਰੀ ਵਿਵੇਕ ਸ਼ੀਲ ਸੋਨੀ, ਏ.ਡੀ.ਸੀ. ਜਨਰਲ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਯਸ਼ਪਾਲ ਸ਼ਰਮਾ, ਸਿਵਲ ਸਰਜਨ ਡਾ. ਅੰਜਨਾ ਗੁਪਤਾ, ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਆਈ.ਐਮ.ਏ. ਦੇ ਨੁਮਾਇੰਦੇ ਤੇ ਹੋਰ ਪਤਵੰਤੇ ਹਾਜ਼ਰ ਸਨ।
ਕੋਰੋਨਾ ਦਾ ਕਹਿਰ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਦਾ ਮੰਜ਼ਰ ਦੇਖ ਲੋਕਾਂ ਦੇ ਕੰਬੇ ਦਿਲ
NEXT STORY