ਮੋਹਾਲੀ,(ਨਿਆਮੀਆਂ)- ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਜ ਸ਼ੁਰੂ ਹੋਈਆਂ 8ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਪ੍ਰਸ਼ਨ ਪੱਤਰ ਭਾਵੇਂ ਕਾਫੀ ਆਸਾਨ ਸੀ ਪਰ ਪੰਜਾਬੀ ਭਾਸ਼ਾ ਦੀਆਂ ਗਲਤੀਆਂ ਦੀ ਭਰਮਾਰ ਸੀ। ਇਸ ਪ੍ਰਸ਼ਨ ਪੱਤਰ ਨੂੰ ਦੇਖ ਕੇ ਇੰਝ ਜਾਪਦਾ ਹੈ ਜਿਵੇਂ ਪੂਰੀ ਅਣਗਹਿਲੀ ਵਰਤਦੇ ਹੋਏ ਇਹ ਪ੍ਰਸ਼ਨ ਪੱਤਰ ਤਿਆਰ ਕੀਤੇ ਗਏ ਹਨ ਅਤੇ ਦੁਬਾਰਾ ਕਿਸੇ ਨੇ ਇਨ੍ਹਾਂ ਦੀ ਪਰੂਫ ਰੀਡਿੰਗ ਤਕ ਨਹੀਂ ਕੀਤੀ। ਗੁਲਾਮ ਹੁਸੈਨ ਨੂੰ ਗੁਲਾਮ ਹੂਸੈਨ, ਵਸਿਆ ਹੋਇਆ ਨੂੰ ਵਸਿਆਂ ਹੋਇਆ, ਮਾਹੌਲ ਨੂੰ ਮਾਹੋਲ, ਗੁਰੂ ਅਰਜਨ ਦੇਵ ਨੂੰ ਗੁਰੂ ਅਰਜ਼ਨ ਦੇਵ, ਵਡਮੁੱਲਾ ਨੂੰ ਵਡਮੁੱਲਾਂ ਆਦਿ ਗਲਤੀਆਂ ਆਮ ਹਨ। ਇਸ ਸਬੰਧੀ ਸਿੱਖਿਆ ਬੋਰਡ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਪਰ ਬਹੁਤ ਹੀ ਭਰੋਸੇਯੋਗ ਸੂਤਰਾਂ ਦਾ ਮੰਨਣਾ ਹੈ ਕਿ ਨਵੰਬਰ ਮਹੀਨੇ ਵਿਚ ਸੇਵਾ ਮੁਕਤ ਹੋਏ ਪਿਛਲੇ ਚੇਅਰਮੈਨ ਵਲੋਂ ਆਪਣੀ ਸੇਵਾ ਮੁਕਤੀ ਤੋਂ ਪਹਿਲਾਂ ਹੀ ਜਲਦੀਬਾਜ਼ੀ ਵਿਚ ਪ੍ਰਸ਼ਨ ਪੱਤਰ ਛਪਵਾ ਕੇ ਰੱਖ ਦਿੱਤੇ ਸਨ। ਸ਼ਾਇਦ ਇਸੇ ਜਲਦਬਾਜ਼ੀ ਕਾਰਣ ਪੰਜਾਬੀ ਭਾਸ਼ਾ ਵਿਚ ਇੰਨੀਆਂ ਗਲਤੀਆਂ ਦੇਖਣ ਨੂੰ ਮਿਲੀਆਂ।
ਜਦੋਂ ਇਸ ਸਬੰਧੀ ਸਿੱਖਿਆ ਸਕੱਤਰ-ਕਮ-ਸਿੱਖਿਆ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਸਬੰਧੀ ਬਿਨਾਂ ਕੋਈ ਜਾਣਕਾਰੀ ਹਾਸਲ ਕੀਤਿਆਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਉਹ ਪੂਰੀ ਜਾਣਕਾਰੀ ਲੈ ਕੇ ਸਾਰੇ ਮਾਮਲੇ ਦੀ ਜਾਂਚ ਜ਼ਰੂਰ ਕਰਵਾਉਣਗੇ।
ਕੋਰੋਨਾ ਵਾਇਰਸ ਸਬੰਧਤ ਕਿਸੇ ਵੀ ਸਹਾਇਤਾ ਲਈ ਇਸ ਨੰਬਰ 'ਤੇ ਕਰੋ ਸੰਪਰਕ
NEXT STORY