ਜਲੰਧਰ (ਵਿਸ਼ੇਸ਼) : ਸ਼ਹਿਰ ’ਚ ਸ਼ਰਾਬ ਦੀ ਵਿਕਰੀ ਲਈ ਐਕਸਾਈਜ਼ ਐਕਟ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਬਕਾਰੀ ਵਿਭਾਗ ਇਸ ਮਾਮਲੇ ਵਿਚ ਚੁੱਪ ਧਾਰੀ ਬੈਠਾ ਹੈ। ਸ਼ਹਿਰ ਦੇ ਸ਼ਰਾਬ ਠੇਕੇਦਾਰਾਂ ਅਤੇ ਕੁਝ ਐਕਸਾਈਜ਼ ਵਿਭਾਗ ਦੇ ਕਰਮਚਾਰੀਆਂ ਵਿਚ ਕਿਸ ਹੱਦ ਤਕ ਮਿਲੀਭੁਗਤ ਹੈ, ਉਸਦਾ ਵੀ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿਚ ਮਾਡਰਨ ਵਾਈਨ ਸ਼ਾਪ ਦੇ ਨਾਂ ਨਾਲ ਦੀਪ ਨਗਰ, ਪਟਵਾਰੀ ਢਾਬਾ ਰੋਡ ’ਤੇ ਇਕ ਆਲੀਸ਼ਾਨ ਦੁਕਾਨ ਖੋਲ੍ਹੀ ਗਈ ਹੈ। ਇਸ ਦੁਕਾਨ ’ਤੇ ਸ਼ਰਾਬ ਵੇਚਣ ਲਈ ਬਕਾਇਦਾ ਇਸ਼ਤਿਹਾਰ ਦਾ ਸਹਾਰਾ ਲਿਆ ਗਿਆ ਹੈ, ਜੋ ਕਿ ਐਕਸਾਈਜ਼ ਐਕਟ ਦੇ ਨਾਲ-ਨਾਲ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਹੈ। ਜਾਣਕਾਰੀ ਅਨੁਸਾਰ ਉਕਤ ਵਾਈਨ ਸ਼ਾਪ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਦੁਕਾਨ ਦਾ ਨਾ ਸਿਰਫ ਪ੍ਰਚਾਰ ਕੀਤਾ ਜਾ ਰਿਹਾ ਹੈ, ਸਗੋਂ ਨਾਲ ਹੀ ਸ਼ਰਾਬ ਖਰੀਦਣ ਲਈ ਲਾਲਚ ਵੀ ਦਿੱਤਾ ਜਾ ਰਿਹਾ ਹੈ। ਇਹ ਆਬਕਾਰੀ ਐਕਟ 19-61-14 ਦੀ ਉਲੰਘਣਾ ਹੈ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 2 ਗ੍ਰਿਫ਼ਤਾਰ
ਲਗਭਗ ਇਕ ਮਹੀਨਾ ਪੁਰਾਣੀ ਹੈ ਵੀਡੀਓ
ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਐਂਕਰ ਸ਼ਰਾਬ ਦੇ ਠੇਕੇ ’ਤੇ ਤਾਇਨਾਤ ਕਰਮਚਾਰੀ ਤੋਂ ਸ਼ਰਾਬ ਦੇ ਉੱਪਰ ਚੱਲ ਰਹੀ ਆਫਰ ਸਬੰਧੀ ਸਵਾਲ-ਜਵਾਬ ਕਰ ਰਿਹਾ ਹੈ। ਇਹ ਵੀਡੀਓ ਲਗਭਗ ਇਕ ਮਹੀਨਾ ਪੁਰਾਣੀ ਹੈ। ਇਸ ਵਿਚ ਸ਼ਰਾਬ ਠੇਕੇਦਾਰ ਦਾ ਕਰਿੰਦਾ ਵੱਖ-ਵੱਖ ਬ੍ਰਾਂਡ ਦੇ ਸ਼ਰਾਬ ਦੀਆਂ ਬੋਤਲਾਂ ਦਿਖਾ ਰਿਹਾ ਹੈ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕੇ ’ਤੇ ਕਰਿੰਦਾ ਸਾਫ ਕਹਿੰਦਾ ਦਿਸ ਰਿਹਾ ਹੈ ਕਿ ਇਹ ਸਭ ਪੈਕਿੰਗ ਉਨ੍ਹਾਂ ਦੇ ਮਾਲਕ ਨੇ ਤਿਆਰ ਕਰਵਾਈ ਹੈ। ਇਹੀ ਨਹੀਂ, ਕਰਿੰਦੇ ਵੱਲੋਂ ਬਕਾਇਦਾ ਸ਼ਰਾਬ ਦੀ ਵੱਖ-ਵੱਖ ਰੇਂਜ ਦੱਸੀ ਜਾ ਰਹੀ ਹੈ, ਜੋ ਕਿ ਆਬਕਾਰੀ ਐਕਟ ਦੇ ਅਨੁਸਾਰ ਗੈਰ-ਕਾਨੂੰਨੀ ਹੈ।
ਵਿਭਾਗ ਦੇ ਕਰਮਚਾਰੀ ਨੇ ਡਿਲੀਟ ਕਰਵਾ ਦਿੱਤੀ ਵੀਡੀਓ
ਸਾਡੇ ਪੱਤਰਕਾਰ ਵੱਲੋਂ ਜਦੋਂ ਇਸ ਵੀਡੀਓ ਦੇ ਸਬੰਧ ਵਿਚ ਸ਼ਹਿਰ ਦੇ ਇਕ ਸਥਾਨਕ ਆਬਕਾਰੀ ਅਧਿਕਾਰੀ ਨੂੰ ਜਾਣਕਾਰੀ ਦਿੱਤੀ ਗਈ ਤਾਂ ਉਸਨੇ ਕਾਰਵਾਈ ਤਾਂ ਕੀ ਕਰਨੀ ਸੀ, ਉਲਟਾ ਠੇਕੇਦਾਰ ਨੂੰ ਕਹਿ ਕੇ ਵੀਡੀਓ ਹੀ ਡਿਲੀਟ ਕਰਵਾ ਦਿੱਤੀ। ਬੇਸ਼ੱਕ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਡਿਲੀਟ ਕਰਵਾ ਦਿੱਤੀ ਗਈ ਹੈ ਪਰ ‘ਜਗ ਬਾਣੀ’ ਕੋਲ ਇਸਦੀ ਕਾਪੀ ਮੌਜੂਦ ਹੈ।
ਇਹ ਵੀ ਪੜ੍ਹੋ : ਵਿਆਜ ਦਰਾਂ ’ਚ ਕਟੌਤੀ ਸ਼ੁਰੂ ਹੋਣ ਨਾਲ ਅਰਥਵਿਵਸਥਾ ’ਚ ਸੁਧਾਰ ਸੰਭਵ, ਇੰਡਸਟਰੀ ਨੂੰ ਮਿਲ ਸਕਦੀ ਰਾਹਤ
ਸ਼ਰਾਬ ਖਰੀਦਣ ਲਈ ਆਫਰ ਦਿੰਦਾ ਦਿਸ ਰਿਹਾ ਕਰਿੰਦਾ
ਸ਼ਰਾਬ ਠੇਕੇਦਾਰ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਸਨੇ ਬਕਾਇਦਾ ਇਕ ਚੈਨਲ ਦਾ ਐਂਕਰ ਲਾ ਕੇ ਉਸ ਜ਼ਰੀਏ ਵੱਖ-ਵੱਖ ਤਰ੍ਹਾਂ ਦੇ ਆਫਰ ਦਿੱਤੇ ਜਾਣ ਦਾ ਇਕ ਵੀਡੀਓ ਬਣਵਾਇਆ ਅਤੇ ਉਸਨੂੰ ਸੋਸ਼ਲ ਮੀਡੀਆ ’ਤੇ ਪਾ ਦਿੱਤਾ। ਸੋਸ਼ਲ ਮੀਡੀਆ ’ਤੇ ਵੀਡੀਓ ਆਉਣ ਦੇ ਬਾਅਦ ਵੀ ਆਬਕਾਰੀ ਿਵਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਵੀਡੀਓ ਨੂੰ ਸ਼ਰਾਬ ਠੇਕੇਦਾਰ ਦੇ ਕਰਿੰਦੇ ਵਾਇਰਲ ਕਰਦੇ ਰਹੇ। ਇਸ ਵੀਡੀਓ ਵਿਚ ਵੱਧ ਸ਼ਰਾਬ ਖਰੀਦਣ ’ਤੇ ਗਿਫਟ ਦੇਣ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਹਨ। ਸ਼ਰਾਬ ਠੇਕੇਦਾਰ ਦਾ ਕਰਿੰਦਾ ਜਿਸ ਦਾ ਨੀਰਜ ਕਿਹਾ ਜਾ ਰਿਹਾ ਹੈ, ਦੀਵਾਲੀ ਦੇ ਮੌਕੇ ’ਤੇ ਵੱਖ-ਵੱਖ ਬ੍ਰਾਂਡ ’ਤੇ ਆਫਰ ਦੱਸਦਾ ਨਜ਼ਰ ਆ ਰਿਹਾ ਹੈ।
ਇਸ ਸਬੰਧੀ ਡੀ. ਈ. ਟੀ. ਸੀ. ਪਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਅਤੇ ਠੇਕੇਦਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਜਵਾਬ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 5 ਸੂਬਿਆਂ ’ਚ ਮੌਜੂਦਾ ਅਤੇ ਸਾਬਕਾ ਮੰਤਰੀਆਂ ਦੀ ਹੋਈ ਛੁੱਟੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਸੂਬਿਆਂ ’ਚ ਮੌਜੂਦਾ ਅਤੇ ਸਾਬਕਾ ਮੰਤਰੀਆਂ ਦੀ ਹੋਈ ਛੁੱਟੀ
NEXT STORY