ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਕੂਲ, ਵਿਦਿਆਰਥੀਆਂ ਅਤੇ ਸਕੂਲ ਸਟਾਫ ਦੇ ਸਬੰਧ ’ਚ ਸਾਰਾ ਡਾਟਾ ਈ-ਪੰਜਾਬ ਪੋਰਟਲ ’ਤੇ ਆਨਲਾਈਨ ਕੀਤਾ ਗਿਆ ਹੈ। ਸਕੂਲਾਂ ਵਲੋਂ ਸਮੇਂ-ਸਮੇਂ ’ਤੇ ਵਿਦਿਆਰਥੀਆਂ, ਸਕੂਲ ਸਟਾਫ ਅਤੇ ਸਕੂਲ ਢਾਂਚੇ ਸਬੰਧੀ ਸੂਚਨਾ ਇਸੇ ਵੈੱਬਸਾਈਟ ’ਤੇ ਅਪਡੇਟ ਕੀਤੀ ਜਾਂਦੀ ਹੈ। ਨਵੇਂ ਸੈਸ਼ਨ ਸ਼ੁਰੂ ਹੋਣ ’ਤੇ ਵਿਦਿਆਰਥੀਆਂ ਨੂੰ ਸਕੂਲ ਲੀਵਿੰਗ ਸਰਟੀਫਿਕੇਟ ਜਾਰੀ ਕਰਨ ਤੋਂ ਲੈ ਕੇ ਦਾਖਲੇ ਕਰਨ ਤੱਕ ਦਾ ਪੂਰਾ ਕੰਮ ਇਸੇ ਪੋਰਟਲ ’ਤੇ ਕੀਤਾ ਜਾਂਦਾ ਹੈ ਪਰ ਜਿਉਂ ਹੀ ਨਵਾਂ ਸੈਸ਼ਨ ਸ਼ੁਰੂ ਹੋ ਜਾਂਦਾ ਹੈ, ਇਸ ਪੋਰਟਲ ਦੇ ਸਾਹ ਫੁੱਲਣ ਲੱਗ ਜਾਂਦੇ ਹਨ। ਇਕ ਪਾਸੇ ਜਿੱਥੇ ਵਿਭਾਗ ਦੇ ਅਧਿਕਾਰੀਆਂ ਵਲੋਂ ਸਕੂਲਾਂ ’ਤੇ ਜਲਦ ਤੋਂ ਜਲਦ ਵਿਦਿਆਰਥੀਆਂ ਦਾ ਡਾਟਾ ਅਪਡੇਟ ਕਰਨ ਦਾ ਦਬਾਅ ਪਾਇਆ ਜਾਂਦਾ ਹੈ, ਦੂਜੇ ਪਾਸੇ ਪੁਰਾਣੀ ਟੈਕਨਾਲੋਜੀ ਅਤੇ ਮੱਧਮ ਗਤੀ ਸਰਵਰ ’ਤੇ ਚੱਲ ਰਿਹਾ ਇਹ ਪੋਰਟਲ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਕੰਮ ਕਰਨਾ ਬੰਦ ਕਰ ਦਿੰਦਾ ਹੈ। ਅਜਿਹਾ ਹੀ ਕੁਝ ਪਿਛਲੇ ਕਈ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ। ਵਿਭਾਗ ਵਲੋਂ ਸਾਰੇ ਸਰਕਾਰੀ, ਏਡਿਡ ਪ੍ਰਾਈਵੇਟ ਸਕੂਲਾਂ ਨੂੰ ਨਵੇਂ ਸੈਸ਼ਨ ਦੌਰਾਨ ਈ-ਪੰਜਾਬ ਪੋਰਟਲ ’ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਦੇ ਸਬੰਧ ’ਚ ਸਾਰਾ ਡਾਟਾ ਅਪਡੇਟ ਕਰਨ ਲਈ ਕਿਹਾ ਗਿਆ ਹੈ ਪਰ ਸਰਵਰ ਬਿਜ਼ੀ ਹੋਣ ਕਾਰਨ ਸਾਰਾ ਦਿਨ ਸਕੂਲ ਸਟਾਫ ਕੰਪਿਊਟਰ ਦੇ ਅੱਗੇ ਬੈਠ ਕੇ ਵੈੱਬਸਾਈਟ ਚੱਲਣ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਇਤਿਹਾਸ ’ਚ ਪਹਿਲੀ ਵਾਰ : ਸੈਸ਼ਨ ਸ਼ੁਰੂ ਹੁੰਦੇ ਹੀ ਸਕੂਲਾਂ ’ਚ ਪਹੁੰਚੀਆਂ ਕਿਤਾਬਾਂ
ਇਸ ਦੇ ਕਾਰਨ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਹੋ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਅਧਿਆਪਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਦੋਂ ਵਿਭਾਗ ਨੂੰ ਇਸ ਗੱਲ ਦਾ ਪਤਾ ਹੈ ਕਿ ਹਰ ਸਾਲ ਵਿਦਿਆਰਥੀਆਂ ਦਾ ਡਾਟਾ ਅਪਡੇਟ ਕਰਨਾ ਹੁੰਦਾ ਹੈ ਤਾਂ ਇਸ ਦੇ ਲਈ ਵਿਭਾਗ ਵਲੋਂ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਪੁਰਾਣੇ ਸਰਵਸ ਦੀ ਜਗ੍ਹਾ ਨਵੇਂ ਸਰਵਰ ਅਤੇ ਨਵੀਂ ਟੈਕਨਾਲੋਜੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜਾਂ ਇਸ ਕੰਮ ਦੇ ਲਈ ਘੱਟ ਤੋਂ ਘੱਟ ਪੂਰੇ ਅਪ੍ਰੈਲ ਮਹੀਨੇ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਸਰਵਰ ਇਕਦਮ ਬਿਜ਼ੀ ਨਾ ਹੋਵੇ ਅਤੇ ਸਾਰਾ ਕੰਮ ਆਰਾਮ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਕਿੰਨੇ ਹੀ ਦਿਨਾਂ ਤੋਂ ਦਿਨ ਦੇ ਸਮੇਂ ਈ-ਪੰਜਾਬ ਪੋਰਟਲ ਚਲਦਾ ਹੀ ਨਹੀਂ। ਜੇਕਰ ਕਦੇ ਚੱਲ ਵੀ ਜਾਵੇ ਤਾਂ ਕੁਝ ਹੀ ਸਮੇਂ ਵਿਚ ‘ਐਰਰ’ ਆ ਜਾਂਦੀ ਹੈ। ਵਿਭਾਗ ਦੀ ਗਲਤੀ ਕਾਰਨ ਸਕੂਲ ਸਟਾਫ ਨੂੰ ਰਾਤ ਦੇ ਸਮੇਂ ਇਹ ਕੰਮ ਕਰਨਾ ਪੈ ਰਿਹਾ ਹੈ ਪਰ ਵਿਭਾਗ ਦੇ ਅਧਿਕਾਰੀ ਲਗਾਤਾਰ ਸਕੂਲ ਸਟਾਫ ’ਤੇ ਡਾਟਾ ਅਪਡੇਟ ਕਰਨ ਲਈ ਦਬਾਅ ਪਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਸਰਕਾਰੀ ਸਕੂਲ ਸਿੱਖਿਆ ਨਵੇਂ ਦੌਰ ’ਚ ਦਾਖ਼ਲ : ਹਰਜੋਤ ਬੈਂਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਟਾਂਡਾ ਵਿਖੇ ਪੇਟੀ 'ਚੋਂ ਮਿਲੀ ਵਿਆਹੁਤਾ ਦੀ ਲਾਸ਼ ਦੇ ਮਾਮਲੇ 'ਚ ਨਵਾਂ ਮੋੜ, ਗੈਂਗਰੇਪ ਮਗਰੋਂ ਕੀਤਾ ਗਿਆ ਸੀ ਕਤਲ
NEXT STORY