ਚੰਡੀਗੜ੍ਹ, (ਅਸ਼ਵਨੀ)- ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿਚ ਬੇਲੋੜੇ ਵਾਧੇ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਆਗੂਆਂ ਅਤੇ ਵਰਕਰਾਂ ਵਲੋਂ ਬੀਤੇ ਦਿਨੀ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਕੀਮਤਾਂ ਵਾਪਸ ਲੈਣ ਸਬੰਧੀ ਦਿੱਤੇ ਗਏ ਮੰਗ-ਪੱਤਰਾਂ ’ਤੇ ਪਾਰਟੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸਮੁੱਚੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਇਸੇ ਤਰ੍ਹਾਂ ਲੋਕ ਹਿੱਤਾਂ ਦੇ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਅੱਗੇ ਵੀ ਇਸੇ ਤਰ੍ਹਾਂ ਲੋਕਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਤੋਂ ਜੋ ਲੋਕਾਂ ਨੂੰ ਉਮੀਦਾਂ ਹਨ, ਪਾਰਟੀ ਉਨ੍ਹਾਂ ’ਤੇ ਖਰਾ ਉਤਰੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਪਾਰਟੀ ਵਰਕਰਾਂ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਨੂੰ ਚੰਗਾ ਹੁੰਗਾਰਾ ਮਿਲਿਆ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਸਣੇ ਦੇਸ਼ ਦੇ ਲੋਕਾਂ ਦੀ ਆਰਥਿਕਤਾ ’ਤੇ ਬਹੁਤ ਵੱਡਾ ਬੋਝ ਪਿਆ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਣ ਨਾਲ ਗਰੀਬ ਅਤੇ ਦਰਮਿਆਨੇ ਵਰਗ ਦੇ ਪਰਿਵਾਰਾਂ ਦਾ ਆਰਥਿਕ ਢਾਂਚਾ ਡਾਵਾਂਡੋਲ ਹੋ ਗਿਆ ਹੈ। ਢੀਂਡਸਾ ਨੇ ਕਿਹਾ ਕਿ ਮਹਿੰਗਾਈ ’ਤੇ ਕਾਬੂ ਪਾਉਣਾ ਸਰਕਾਰਾਂ ਦਾ ਕੰਮ ਹੁੰਦਾ ਹੈ ਅਤੇ ਜਿਹੜੀ ਸਰਕਾਰ ਇਸ ’ਤੇ ਕਾਬੂ ਨਹੀ ਰੱਖ ਸਕਦੀ, ਉਸ ਦੇ ਕੰਮ ਕਰਨ ਦੀ ਨੀਅਤ ਲੋਕ ਪੱਖੀ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿਚ ਫਿਰ ਵੀ ਤੇਲ-ਗੈਸ ਦੀਆਂ ਕੀਮਤਾਂ ਨਹੀ ਘਟਾਈ ਜਾਂਦੀਆਂ ਹਨ ਤਾਂ ਪਾਰਟੀ ਇਸ ਦੇ ਖਿਲਾਫ਼ ਸੰਘਰਸ਼ ਹੋਰ ਤੇਜ਼ ਕਰੇਗੀ।
ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ’ਚ 10 ਫੀਸਦੀ ਫੀਸਾਂ ਵਧਾਉਣ ਦਾ ਐਲਾਨ!
NEXT STORY