ਤਰਨਤਾਰਨ, (ਵਾਲੀਆ, ਆਹਲੂਵਾਲੀਆ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ 21 ਨਵੰਬਰ ਤੋਂ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਤੀਸਰੇ ਦਿਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਖਾਲੀ ਪੀਪੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ। ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੇ ਦਫਤਰ ਬਾਹਰ ਜ਼ਿਲਾ ਪ੍ਰਧਾਨ ਅਨੂਪ ਕੌਰ ਦੀ ਅਗਵਾਈ 'ਚ ਤਰਨਤਾਰਨ ਦੀਆਂ ਵਰਕਰਾਂ ਨੇ ਧਰਨਾ ਅਤੇ ਭੁੱਖ ਹੜਤਾਲ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਬਿਨਾਂ ਵਿਉਂਤਬੰਦੀ ਕੀਤੇ ਪ੍ਰੀ-ਪ੍ਰਾਇਮਰੀ ਦੇ ਫੈਸਲੇ ਨਾਲ 54000 ਪਰਿਵਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਅਣਦੇਖੀ ਵਾਲਾ ਰਵੱਈਆ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਕ ਪਾਸੇ ਤਾਂ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਵਾਰ-ਵਾਰ ਬਿਆਨ ਦਿੰਦੇ ਹਨ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਰੋਜ਼ਗਾਰ ਨੂੰ ਨਹੀਂ ਖੋਹਿਆ ਜਾ ਰਿਹਾ ਅਤੇ ਦੂਜੇ ਪਾਸੇ 10 ਦਿਨਾਂ ਤੋਂ ਲਗਾਤਾਰ ਅਧਿਆਪਕਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਆਂਗਣਵਾੜੀ ਕੇਂਦਰ ਬੰਦ ਹੋ ਗਏ ਹਨ ਅਤੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਸਕੂਲ ਸ਼ੁਰੂ ਕੀਤੇ ਜਾਣ ਨਾਲ ਆਂਗਣਵਾੜੀ ਕੇਂਦਰਾਂ ਦੇ ਬੱਚੇ ਸਕੂਲਾਂ 'ਚ ਚਲੇ ਗਏ ਹਨ ਅਤੇ 70 ਫੀਸਦੀ ਕੇਂਦਰ ਖਾਲੀ ਹੋ ਗਏ ਹਨ, ਜਿਸ ਨਾਲ ਆਈ. ਸੀ. ਡੀ. ਐੱਸ. ਸਕੀਮ ਅਧੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਆਈ. ਸੀ. ਡੀ. ਐੱਸ. ਦੀ ਰਾਖੀ ਲਈ ਸਦਾ ਮੈਦਾਨ ਵਿਚ ਰਹੀ ਹੈ ਅਤੇ ਹੁਣ ਵੀ ਸੰਘਰਸ਼ ਦੇ ਮੈਦਾਨ ਵਿਚ ਹੈ। ਪ੍ਰੀ-ਸਕੂਲ ਸਿੱਖਿਆ ਸਾਡਾ ਹੱਕ ਹੈ ਅਤੇ ਅਸੀਂ ਆਪਣਾ ਹੱਕ ਮੰਗ ਰਹੇ ਹਾਂ। ਇਸ ਮੌਕੇ ਜ਼ਿਲਾ ਸੈਕਟਰੀ ਬੇਅੰਤ ਕੌਰ, ਮੀਤ ਪ੍ਰਧਾਨ ਨਰਿੰਦਰ ਕੌਰ, ਵੀਰ ਕੌਰ ਮੀਤ ਸੈਕਟਰੀ, ਸਰਬਜੀਤ ਕੌਰ ਤਰਨਤਾਰਨ, ਕੁਲਵਿੰਦਰ ਕੌਰ, ਸਰਬਜੀਤ ਕੌਰ, ਰਣਜੀਤ ਕੌਰ, ਰਾਜਬੀਰ ਕੌਰ ਭਿੱਖੀਵਿੰਡ, ਹਰਜਿੰਦਰਪਾਲ, ਜਸਬੀਰ ਕੌਰ, ਰਜਵੰਤ ਕੌਰ, ਅਮਰਜੀਤ ਕੌਰ, ਪਲਵਿੰਦਰ ਕੌਰ, ਰਾਜ ਕੌਰ, ਰਣਜੀਤ ਕੌਰ ਠਰੂ, ਕਮਲੇਸ਼ ਰਾਣੀ ਤੇ ਪਵਨਬੀਰ ਕੌਰ ਆਦਿ ਹਾਜ਼ਰ ਸਨ।
15 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
NEXT STORY