ਫਾਜ਼ਿਲਕਾ/ਮੰਡੀ ਲਾਧੂਕਾ, (ਨਾਗਪਾਲ, ਸੰਧੂ)— ਫਾਜ਼ਿਲਕਾ ਉਪਮੰਡਲ ਦੀ ਮੰਡੀ ਲਾਧੂਕਾ ਦੇ ਨੇੜੇ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਆਹਮਣੇ-ਸਾਹਮਣੇ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਔਰਤ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ।
ਸਥਾਨਕ ਸਿਵਲ ਹਸਪਤਾਲ 'ਚ ਮ੍ਰਿਤਕ ਕੁਲਵੰਤ ਸਿੰਘ ਵਾਸੀ ਪਿੰਡ ਪੱਕਾ ਚਿਸ਼ਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਵੰਤ ਸਿੰਘ ਅਤੇ ਪਿੰਡ ਨੂਰ ਸਮੰਦ ਵਾਸੀ ਲਖਵਿੰਦਰ ਸਿੰਘ ਕਿਸੇ ਕੰਮ ਲਈ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਲਮੋਚੜ ਕਲਾਂ ਗਏ ਸਨ। ਜਦ ਉਹ ਦੋਵੇਂ ਵਾਪਸ ਆ ਰਹੇ ਸਨ ਤਾਂ ਮੰਡੀ ਲਾਧੂਕਾ ਦੇ ਬੱਸ ਸਟੈਂਡ ਦੇ ਨੇੜੇ ਸਥਿਤ ਲੱਕੜ ਵਾਲੇ ਆਰਿਆਂ ਦੇ ਕੋਲ ਸਾਹਮਣੇ ਤੋਂ ਆ ਰਹੇ ਇਕ ਮੋਟਰਸਾਈਕਲ ਜਿਸ 'ਤੇ ਬੂੜ ਸਿੰਘ ਅਤੇ ਸ਼ਿੰਦੋ ਬਾਈ ਵਾਸੀ ਪਿੰਡ ਲੱਖੇ ਕੇ ਉਤਾੜ ਜੋ ਗਲਤ ਦਿਸ਼ਾ ਵੱਲ ਆ ਰਹੇ ਸਨ, ਦੇ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਸੜਕ ਹਾਦਸੇ 'ਚ ਜ਼ਖ਼ਮੀ ਕੁਲਵੰਤ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ, ਜਿਥੋਂ ਕੁਲਵੰਤ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸਨੂੰ ਮੁਕਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਦੋਂ ਕੁਲਵੰਤ ਸਿੰਘ ਨੂੰ ਇਲਾਜ ਦੇ ਲਈ ਮੁਕਤਸਰ ਲਿਜਾਇਆ ਜਾ ਰਿਹਾ ਸੀ ਤਾਂ ਜਲਾਲਾਬਾਦ ਦੇ ਨੇੜੇ ਉਸਦੀ ਮੌਤ ਹੋ ਗਈ। ਜਦਕਿ ਬੂੜ ਸਿੰਘ ਅਤੇ ਸ਼ਿੰਦੋ ਬਾਈ ਨੂੰ ਫਾਜ਼ਿਲਕਾ ਦੇ ਕਿਸੇ ਨਿੱਜੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਕੁਲਵੰਤ ਸਿੰਘ ਦਾ ਅੱਜ ਸਥਾਨਕ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਗਿਆ। ਏ. ਐੱਸ. ਆਈ. ਸੁਰਿੰਦਰ ਕੁਮਾਰ ਇੰਚਾਰਜ ਚੌਕੀ ਮੰਡੀ ਲਾਧੂਕਾ ਨੇ ਦੱਸਿਆ ਕਿ ਪੁਲਸ ਨੇ ਲਖਵਿੰਦਰ ਸਿੰਘ ਵਾਸੀ ਪਿੰਡ ਨੂਰ ਸਮੰਦ ਦੇ ਬਿਆਨਾਂ ਦੇ ਆਧਾਰ 'ਤੇ ਬੂੜ ਸਿੰਘ ਵਾਸੀ ਪਿੰਡ ਲੱਖੇ ਕੇ ਉਤਾੜ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਗੁਰੂਹਰਸਹਾਏ/ਜਲਾਲਾਬਾਦ, (ਭੀਮ, ਨਿਖੰਜ)—ਐਤਵਾਰ ਦੀ ਦੇਰ ਰਾਤ ਨੂੰ ਫਾਜ਼ਿਲਕਾ-ਫਿਰੋਜ਼ਪੁਰ ਰੋਡ 'ਤੇ ਪੈਂਦੇ ਪਿੰਡ ਸੈਦੇ ਕੇ ਮੋਹਨ ਦੇ ਨੇੜੇ ਕਾਰ ਅਤੇ ਟਰੈਕਟਰ-ਟਰਾਲੀ ਦੀ ਹੋਈ ਆਪਸੀ ਟੱਕਰ 'ਚ 3 ਵਿਅਕਤੀਆਂ ਦੇ ਜ਼ਖਮੀ ਹੋਣÎ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਨੂੰ ਜਨਕ ਰਾਜ ਵਾਸੀ ਸੰਤੋਖ ਸਿੰਘ ਵਾਲਾ ਆਪਣੇ ਦੋਸਤ ਬਲਦੇਵ ਸਿੰਘ ਅਤੇ ਟਿੱਕਾ ਸਿੰਘ ਨਾਲ ਕਾਰ 'ਚ ਫਿਰੋਜ਼ਪੁਰ ਤੋਂ ਜਲਾਲਾਬਾਦ ਨੂੰ ਵਾਪਸ ਆਪਣੇ ਪਿੰਡ ਆ ਰਿਹਾ ਸੀ, ਜਦੋਂ ਉਹ ਪਿੰਡ ਸੈਦੇ ਕੇ ਮੋਹਨ ਕੋਲ ਪੁੱਜੇ ਤਾਂ ਪਿਛੋਂ ਆ ਰਹੇ ਟਰੈਕਟਰ-ਟਰਾਲੀ ਨੇ ਕਾਰ 'ਚ ਜਬਰਦਸਤ ਟੱਕਰ ਮਾਰ ਦਿੱਤੀ।
ਇਸ ਹਾਦਸੇ 'ਚ ਤਿੰਨੇ ਕਾਰ ਸਵਾਰ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਆਸਪਾਸ ਦੇ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਲਦੇਵ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
2 ਨੌਜਵਾਨਾਂ ਨਾਲ ਹੋਈ ਲੁੱਟ-ਖੋਹ
NEXT STORY