ਜਲੰਧਰ (ਵਰੁਣ)— ਬੀ. ਐੱਸ. ਐੱਫ. ਕਾਲੋਨੀ ਵਿਚਲੀ ਆਪਣੀ ਕੋਠੀ 'ਚੋਂ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਕਾਰ ਚੱਲ ਰਹੇ ਕ੍ਰਿਕਟ ਟੈਸਟ ਮੈਚ 'ਤੇ ਸੱਟਾ ਲਾਉਂਦਿਆਂ ਕਾਬੂ ਕੀਤਾ ਬੁੱਕੀ ਨੋਨੀ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਹੋਲਡਰ ਨਿਕਲਿਆ ਹੈ। ਇਸ ਤੋਂ ਇਲਾਵਾ ਉਸ ਨੇ ਦਿਖਾਵੇ ਲਈ ਆਰਕੀਟੈਕਟ ਦਾ ਦਫਤਰ ਖੋਲ੍ਹਿਆ ਹੋਇਆ ਸੀ। ਪੁਲਸ ਨੇ ਸ਼ਨੀਵਾਰ ਨੂੰ ਉਸ ਦੇ ਘਰ 'ਚੋਂ 1.23 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੁੱਕੀ ਸੌਰਵ ਉਰਫ ਨੋਨੀ ਨਿਵਾਸੀ ਬੀ. ਐੱਸ. ਐੱਫ. ਕਾਲੋਨੀ ਇੰਗਲੈਂਡ ਅਤੇ ਵੈਸਟਇੰਡੀਜ਼ ਦੇ ਕ੍ਰਿਕਟ ਮੈਚਾਂ 'ਤੇ ਜੇਡ ਅਕਾਊਂਟ ਆਨਲਾਈਨ ਐਪ ਜ਼ਰੀਏ ਸੱਟਾ ਲਾਉਂਦਾ ਸੀ ਅਤੇ ਪਿਛਲੇ ਕਾਫੀ ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ। ਪੁਲਸ ਨੇ ਉਸ ਦੇ ਘਰ 'ਚੋਂ 2 ਮੋਬਾਇਲ ਅਤੇ ਇਕ ਲੈਪਟਾਪ ਵੀ ਬਰਾਮਦ ਕੀਤਾ ਸੀ। ਸੀ. ਪੀ. ਭੁੱਲਰ ਨੇ ਕਿਹਾ ਕਿ ਮੋਬਾਇਲ ਅਤੇ ਲੈਪਟਾਪ ਦੀ ਮਦਦ ਨਾਲ ਨੋਨੀ ਨਾਲ ਕੰਮ ਕਰਨ ਵਾਲੇ ਬੁੱਕੀਆਂ ਦੇ ਨਾਵਾਂ ਦਾ ਖੁਲਾਸਾ ਹੋਵੇਗਾ। ਪੁਲਸ ਨੇ ਦੇਰ ਰਾਤ ਨੋਨੀ ਵਿਰੁੱਧ 13-3-67 ਐਕਟ ਅਧੀਨ ਕੇਸ ਦਰਜ ਕੀਤਾ ਸੀ, ਜਿਸਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਦੱਸ ਦੇਈਏ ਕਿ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਅਤੇ ਉਨ੍ਹਾਂ ਦੀ ਟੀਮ ਨੇ ਬੀ. ਐੱਸ. ਐੱਫ. ਕਾਲੋਨੀ 'ਚ ਸਥਿਤ 180 ਨੰਬਰ ਕੋਠੀ ਅੰਦਰ ਛਾਪਾ ਮਾਰ ਕੇ ਸੌਰਵ ਉਰਫ ਨੋਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਨੋਨੀ ਦੀ ਕੋਠੀ ਦੀ ਅਲਮਾਰੀ 'ਚੋਂ ਉਕਤ ਕੈਸ਼ ਬਰਾਮਦ ਹੋਇਆ ਸੀ। ਸੀ. ਪੀ. ਨੇ ਕਿਹਾ ਕਿ ਬੁੱਕੀ ਨੂੰ ਫੜਨ ਵਾਲੀ ਟੀਮ ਨੂੰ ਸਨਮਾਨਤ ਕੀਤਾ ਜਾਵੇਗਾ।
ਇਨਕਮ ਟੈਕਸ ਵਿਭਾਗ ਕਰੇਗਾ ਬਰਾਮਦ ਨਕਦੀ ਦੀ ਜਾਂਚ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਬੁੱਕੀ ਨੋਨੀ ਕੋਲੋਂ ਬਰਾਮਦ ਹੋਏ ਕਰੋੜਾਂ ਰੁਪਏ ਦੀ ਡਿਟੇਲ ਇਨਕਮ ਟੈਕਸ ਮਹਿਕਮੇ ਨੂੰ ਦੇ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਇਨਕਮ ਟੈਕਸ ਮਹਿਕਮਾ ਪਤਾ ਲਾਏਗਾ ਕਿ ਇਹ ਪੈਸੇ ਕਿਹੜੇ ਹਾਲਾਤ 'ਚ ਉਕਤ ਬੁੱਕੀ ਕੋਲ ਪਹੁੰਚੇ। ਇਸ ਤੋਂ ਇਲਾਵਾ ਪੁਲਸ ਆਪਣੇ ਪੱਧਰ 'ਤੇ ਵੀ ਜਾਂਚ ਕਰਵਾ ਰਹੀ ਹੈ ਕਿ ਿਕਹੜੇ- ਿਕਹੜੇ ਬੁੱਕੀ ਨੋਨੀ ਨਾਲ ਮਿਲ ਕੇ ਕੰਮ ਕਰ ਰਹੇ ਸਨ ਅਤੇ ਜੋ ਪੈਸੇ ਬਰਾਮਦ ਹੋਏ ਹਨ, ਉਸ ਰਕਮ ਦਾ ਨੋਨੀ ਨੇ ਭੁਗਤਾਨ ਕਰਨਾ ਸੀ ਜਾਂ ਫਿਰ ਸੱਟਾ ਜਿੱਤਣ 'ਤੇ ਉਸ ਨੂੰ ਪੈਸੇ ਦਿੱਤੇ ਗਏ ਸਨ।
ਸਾਈਬਰ ਕ੍ਰਾਈਮ ਸੈੱਲ ਨੂੰ ਸੌਂਪੇ ਮੋਬਾਇਲ ਅਤੇ ਲੈਪਟਾਪ
ਕਮਿਸ਼ਨਰੇਟ ਪੁਲਸ ਨੇ ਬਰਾਮਦ ਦੋਵੇਂ ਮੋਬਾਇਲ ਅਤੇ ਲੈਪਟਾਪ ਸਾਈਬਰ ਕ੍ਰਾਈਮ ਸੈੱਲ ਦੇ ਹਵਾਲੇ ਕਰ ਦਿੱਤੇ ਹਨ। ਸੀ. ਪੀ. ਭੁੱਲਰ ਨੇ ਕਿਹਾ ਕਿ ਮੋਬਾਇਲ ਅਤੇ ਲੈਪਟਾਪ ਵਿਚੋਂ ਮਿਲੇ ਡਾਟਾ ਨਾਲ ਨੋਨੀ ਨਾਲ ਜੁੜੇ ਬੁੱਕੀਆਂ ਦੇ ਨਾਂ ਸਾਹਮਣੇ ਆਉਣਗੇ। ਜਿਹੜੇ-ਜਿਹੜੇ ਬੁੱਕੀਆਂ ਦੇ ਨਾਂ ਸਾਹਮਣੇ ਆਉਣਗੇ, ਉਹ ਵੀ ਪੁਲਸ ਦੇ ਸ਼ਿਕੰਜੇ 'ਚ ਜਲਦ ਫਸ ਸਕਦੇ ਹਨ।
ਭਾਬੀ ਤੋਂ ਦੁਖੀ ਨੌਜਵਾਨ ਨੇ ਚੁਣਿਆ ਮੌਤ ਦਾ ਰਾਹ,ਖ਼ੁਦਕੁਸ਼ੀ ਨੋਟ ਤੋਂ ਆਇਆ ਸੱਚ ਸਾਹਮਣੇ
NEXT STORY