ਮਾਨਸਾ, (ਮਿੱਤਲ)- ਇਕ ਵਿਅਕਤੀ ਵੱਲੋਂ ਮਿਲਟਰੀ ’ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਦੇ ਮਾਮਲੇ ’ਚ ਥਾਣਾ ਜੋਗਾ ਦੀ ਪੁਲਸ ਨੇ ਇਕ ਵਿਅਕਤੀ ਨੂੰ ਨਾਮਜ਼ਦ ਕਰਨ ਤੋਂ ਇਲਾਵਾ ਦੋ ਹੋਰ ਨਾ–ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅਗਸਤ 2017 ’ਚ ਕਸਬਾ ਜੋਗਾ ਵਾਸੀ ਦੋ ਨੌਜਵਾਨ ਜਗਦੀਪ ਪੁਰੀ ਅਤੇ ਬਲਜਿੰਦਰ ਪੁਰੀ ਮਿਲਟਰੀ ’ਚ ਭਰਤੀ ਹੋਣ ਲਈ ਪਟਿਆਲਾ ਵਿਖੇ ਲੱਗੇ ਇਕ ਕੈਂਪ ’ਚ ਗਏ, ਜਿੱਥੇ ਅਸਫ਼ਲ ਹੋਣ ਉਪਰੰਤ ਉਹ ਦੋਵੇਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਚਲੇ ਗਏ । ਵਾਪਸੀ ’ਤੇ ਉਨ੍ਹਾਂ ਨੂੰ ਇਕ ਵਿਅਕਤੀ ਮਿਲਿਆ ਅਤੇ ਉਨ੍ਹਾਂ ਦੀ ਨਿਰਾਸ਼ਾ ਦਾ ਕਾਰਨ ਪੁੱਛਿਆ। ਉਨ੍ਹਾਂ ਵੱਲੋਂ ਆਪਣੀ ਸਾਰੀ ਗੱਲ ਦੱਸਣ ’ਤੇ ਉਸ ਵਿਅਕਤੀ ਨੇ ਉਨ੍ਹਾਂ ਦੋਵਾਂ ਨੂੰ ਕਿਹਾ ਕਿ ਮੇਰੀ ਕਰਨਲ ਨਾਲ ਸਿੱਧੀ ਗੱਲਬਾਤ ਹੈ ਅਤੇ ਮੈਂ ਤੁਹਾਨੂੰ ਭਰਤੀ ਕਰਵਾ ਸਕਦਾ ਹਾਂ। ਉਕਤ ਵਿਅਕਤੀ ਦੀਆਂ ਗੱਲਾਂ ’ਚ ਆ ਕੇ ਕੁਝ ਸਮੇਂ ਬਾਅਦ ਦੋਵਾਂ ਨੌਜਵਾਨਾਂ ਨੇ 6 ਲੱਖ 60 ਹਜ਼ਾਰ ਰੁਪਏ ਉਸ ਨੂੰ ਦੇ ਦਿੱਤੇ ਪਰ ਨਾ ਤਾਂ ਇਹ ਨੌਜਵਾਨ ਮਿਲਟਰੀ ’ਚ ਭਰਤੀ ਹੀ ਕਰਵਾਏ ਅਤੇ ਨਾ ਹੀ ਉਸ ਨੇ ਉਕਤ ਰਾਸ਼ੀ ਵਾਪਸ ਕੀਤੀ।
ਇਸ ਸਬੰਧੀ ਪੀਡ਼ਤ ਨੌਜਵਾਨਾਂ ਦੀ ਸ਼ਿਕਾਇਤ ’ਤੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਗੁਲਾਬ ਸਿੰਘ ਵਾਸੀ ਹਿਸਾਰ (ਹਰਿਆਣਾ) ਤੋਂ ਇਲਾਵਾ ਦੋ ਹੋਰ ਨਾ–ਮਾਲੂਮ ਵਿਅਕਤੀਆਂ ਖਿਲਾਫ਼ ਧਾਰਾ 420, 406, 473, 120ਬੀ ਦੇ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਜਾਰੀ ਕਰ ਦਿੱਤੀ ਹੈ।
96 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ
NEXT STORY