ਜਲੰਧਰ, (ਖੁਰਾਣਾ)- ਵੈਸੇ ਤਾਂ ਦੀਵਾਲੀ ਉਤਸ਼ਾਹ ਤੇ ਖੁਸ਼ੀਆਂ ਜ਼ਾਹਰ ਕਰਨ ਦਾ ਤਿਉਹਾਰ ਹੈ ਪਰ ਇਸ ਵਾਰ ਦੀ ਦੀਵਾਲੀ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਦੇਸ਼ ਦੇ ਹੋਰ ਕਈ ਹੋਰ ਸੂਬਿਆਂ ਦੇ ਲੱਖਾਂ ਵਪਾਰੀਆਂ ਨੂੰ ਸਦਾ ਯਾਦ ਰਹੇਗੀ ਕਿਉਂਕਿ ਸਰਕਾਰੀ ਤੇ ਅਦਾਲਤੀ ਹੁਕਮਾਂ ਕਾਰਨ ਇਸ ਵਾਰ ਪਟਾਕਾ ਵਪਾਰ ਭਾਰੀ ਘਾਟੇ ਦਾ ਸੌਦਾ ਸਾਬਤ ਹੋਇਆ।
ਸਿਰਫ ਜਲੰਧਰ ਦੀ ਗੱਲ ਕਰੀਏ ਤਾਂ ਇਥੇ ਪਟਾਕਾ ਵਿਕਰੇਤਾਵਾਂ ਦਾ ਕਰੀਬ ਇਕ ਤਿਹਾਈ ਸਟਾਕ ਬਚ ਗਿਆ ਹੈ, ਜੋ ਕਰੋੜਾਂ ਰੁਪਏ ਦਾ ਦੱਸਿਆ ਜਾ ਰਿਹਾ ਹੈ। ਜਲੰਧਰ ਦੇ ਹੀ ਜ਼ਿਆਦਾਤਰ ਛੋਟੇ ਦੁਕਾਨਦਾਰ ਅਜਿਹੇ ਹਨ ਜਿਨ੍ਹਾਂ ਦੀ ਇਸ ਵਾਰ ਪਟਾਕਿਆਂ ਵਿਚ ਲਾਈ ਗਈ ਪੂੰਜੀ ਵੀ ਵਾਪਸ ਨਹੀਂ ਮੁੜੀ। ਜਿਨ੍ਹਾਂ ਦੁਕਾਨਦਾਰਾਂ ਨੇ ਕਰਜ਼ਾ ਆਦਿ ਲੈ ਕੇ ਪਟਾਕੇ ਖਰੀਦੇ ਸਨ, ਨੂੰ ਵੀ ਇਸ ਵਾਰ ਭਾਰੀ ਘਾਟੇ ਦਾ ਸਾਹਮਣਾ ਕਰਨਾ ਪਿਆ।
ਇਸ ਵਾਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਪਟਾਕਾ ਵਿਕਰੇਤਾਵਾਂ ਨੂੰ ਦਿੱਤੀਆਂ ਗਈਆਂ ਗਾਈਡਲਾਈਨਜ਼ ਰੱਦ ਕਰ ਦਿੱਤੀਆਂ ਤੇ ਸਿਰਫ 20 ਫੀਸਦੀ ਲਾਇਸੈਂਸ ਦੁਬਾਰਾ ਦੇਣ ਦੀ ਸ਼ਰਤ ਲਾ ਦਿੱਤੀ। ਵੀਰਵਾਰ ਨੂੰ ਦੀਵਾਲੀ ਸੀ ਤੇ ਜਲੰਧਰ ਪ੍ਰਸ਼ਾਸਨ ਨੇ ਸੋਮਵਾਰ ਦੀ ਸ਼ਾਮ 20 ਡਰਾਅ ਕੱਢ ਕੇ ਦੁਕਾਨਦਾਰਾਂ ਨੂੰ ਨਵੇਂ ਲਾਇਸੈਂਸ ਦਿੱਤੇ, ਇਨ੍ਹਾਂ ਦੁਕਾਨਦਾਰਾਂ ਨੇ ਸਿਰਫ 3 ਦਿਨ ਪਟਾਕੇ ਵੇਚੇ।
ਬਾਕੀ ਅਣਗਿਣਤ ਦੁਕਾਨਦਾਰ ਪਟਾਕਿਆਂ ਨੂੰ ਲੈ ਕੇ ਦੁਚਿੱਤੀ ਵਿਚ ਰਹੇ। ਕਈਆਂ ਨੇ ਦੁਕਾਨਾਂ ਦੇ ਅੰਦਰ ਰੱਖ ਕੇ ਪਟਾਕੇ ਵੇਚੇ ਪਰ ਉਨ੍ਹਾਂ ਨੂੰ ਵੀ ਫੜੇ ਜਾਣ ਦਾ ਡਰ ਸਤਾਉਂਦਾ ਰਿਹਾ। ਉਨ੍ਹਾਂ ਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਪਟਾਕੇ ਨਹੀਂ ਅਫੀਮ ਵੇਚ ਰਹੇ ਹੋਣ। ਪਟਾਕਾ ਕਾਰੋਬਾਰ ਦੇ ਹੋਲਸੇਲਰਾਂ ਨੂੰ ਵੀ ਔਖੀ ਘੜੀ ਵੇਖਣੀ ਪਈ ਕਿਉਂਕਿ ਉਨ੍ਹਾਂ ਨੇ ਜਿਹੜਾ ਪਟਾਕਾ ਉਧਾਰ ਵੇਚਿਆ ਸੀ, ਉਹ ਉਨ੍ਹਾਂ ਨੂੰ ਹੀ ਮੁੜਨਾ ਸ਼ੁਰੂ ਹੋ ਗਿਆ। ਇਸ ਵਾਰ ਸਾਰੇ ਪਟਾਕਾ ਵਪਾਰੀਆਂ ਨੇ ਕਈ ਤਰ੍ਹਾਂ ਦੇ ਜੋੜ-ਤੋੜ ਕਰਕੇ ਆਪਣਾ ਕੁਝ ਸਟਾਕ ਕੱਢਿਆ। ਨਹੀਂ ਤਾਂ ਕਈਆਂ ਦਾ ਦੀਵਾਲਾ ਨਿਕਲ ਜਾਂਦਾ।
ਪੁਲਸ ਨੂੰ ਲੱਗੀਆਂ ਮੌਜਾਂ, ਖੂਬ ਪਾਈਆਂ ਵਗਾਰਾਂ
ਕਹਿੰਦੇ ਹਨ ਕਿ ਜਦੋਂ ਸਖਤੀ ਹੁੰਦੀ ਹੈ ਤਾਂ ਕੁਰੱਪਸ਼ਨ ਦੇ ਰੇਟ ਵੱਧ ਜਾਂਦੇ ਹਨ, ਕੁਝ ਅਜਿਹਾ ਹੀ ਇਸ ਵਾਰ ਜਲੰਧਰ ਵਿਚ ਦੇਖਣ ਨੂੰ ਮਿਲਿਆ । ਪਟਾਕਿਆਂ ਨੂੰ ਲੈ ਕੇ ਹਾਈਕੋਰਟ ਦੇ ਹੁਕਮਾਂ 'ਤੇ ਜ਼ਿਲਾ ਪੁਲਸ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਸਖਤੀ ਕੀਤੀ, ਉਸ ਨਾਲ ਪੁਲਸ ਦੀ ਮੌਜ ਲੱਗ ਗਈ। ਕਈ ਥਾਣਿਆਂ ਦੀਆਂ ਪੁਲਸ ਟੀਮਾਂ ਨੇ ਪਟਾਕੇ ਫੜਨ ਲਈ ਕਈ ਥਾਈਂ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਵਿਧਾਇਕਾਂ ਜਾਂ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਟੈਲੀਫੋਨ ਨੇ ਭਾਵੇਂ ਪਟਾਕਾ ਵਿਕਰੇਤਾਵਾਂ ਦਾ ਕਾਫੀ ਸਾਥ ਦਿੱਤਾ ਪਰ ਵਪਾਰੀਆਂ ਨੂੰ ਇਸ ਦੇ ਬਦਲੇ ਭਾਰੀ ਵਗਾਰ ਝੱਲਣੀ ਪਈ।
ਕਈ ਪੁਲਸ ਵਾਲਿਆਂ ਨੇ ਸ਼ਰੇਆਮ ਦੁਕਾਨਦਾਰਾਂ ਨੂੰ ਫੋਨ ਕਰਕੇ ਪਟਾਕੇ ਮੰਗਵਾਏ ਤੇ ਕਈਆਂ ਨੇ ਛਾਪੇਮਾਰੀ ਦੌਰਾਨ ਪਟਾਕੇ ਨਾ ਜ਼ਬਤ ਕਰਨ ਦੇ ਬਦਲੇ ਵਿਚ ਪੈਸੇ ਤਕ ਲਏ।
ਸ਼ੁਕਰ ਹੈ ਦੀਵਾਲੀ ਸ਼ਾਂਤੀ ਨਾਲ ਲੰਘ ਗਈ : ਬਾਹਰੀ, ਬੱਲੂ
ਪਟਾਕਾ ਕਾਰੋਬਾਰ ਬਾਰੇ ਗੱਲਬਾਤ ਕਰਦਿਆਂ ਫਾਇਰਵਰਕਰਸ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਬਾਹਰੀ ਨੇ ਕਿਹਾ ਕਿ ਕਈ ਮੁਸ਼ਕਲਾਂ ਦੇ ਬਾਵਜੂਦ ਦੀਵਾਲੀ ਸ਼ਾਂਤੀ ਨਾਲ ਲੰਘ ਗਈ, ਜੋ ਸਭ ਤੋਂ ਵੱਡੀ ਰਾਹਤ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵੀ ਇਸ ਸੰਕਟ ਦੀ ਘੜੀ ਵਿਚ ਪਟਾਕਾ ਵਪਾਰੀਆਂ ਦਾ ਸਾਥ ਦਿੱਤਾ, ਉਹ ਵਧਾਈ ਦੇ ਪਾਤਰ ਹਨ।
ਹੋਲਸੇਲ ਫਾਇਰ ਵਰਕਰਸ ਐਸੋ. ਦੇ ਪ੍ਰਧਾਨ ਬਲਦੇਵ ਰਾਜ ਬੱਲੂ ਨੇ ਕਿਹਾ ਕਿ ਜੀ. ਐੱਸ. ਟੀ. ਨੇ ਪਹਿਲਾਂ ਹੀ ਪਟਾਕਾ ਕਾਰੋਬਾਰੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ, ਉਪਰੋਂ ਕੁਝ ਦਿਨ ਪਹਿਲਾਂ ਆਏ ਅਦਾਲਤੀ ਹੁਕਮਾਂ ਨਾਲ ਵਪਾਰ ਕਾਫੀ ਪ੍ਰਭਾਵਿਤ ਹੋਇਆ, ਜਿਸ ਦਾ ਅਸਰ ਆਉਣ ਵਾਲੇ ਸਾਲਾਂ ਵਿਚ ਦਿਸੇਗਾ। ਸਰਕਾਰ ਨੂੰ ਚਾਹੀਦਾ ਸੀ ਕਿ ਬੇਕਸੂਰ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਵਿਚ ਮਾਲ ਕਲਚਰ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ, ਉਸ ਨਾਲ ਛੋਟੇ ਕਾਰੋਬਾਰੀਆਂ ਦਾ ਤਾਂ ਦੀਵਾਲਾ ਹੀ ਨਿਕਲ ਜਾਵੇਗਾ।
ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY