ਗਿੱਦੜਬਾਹਾ (ਸੰਧਿਆ) : ਅੱਜ ਕੱਲ੍ਹ ਇਕ ਫੋਨ ਕਾਲ ਜ਼ਰੀਏ ਕੁਝ ਮਿੰਟਾਂ ਵਿਚ ਵੱਜਣ ਵਾਲੀ ਆਨਲਾਈਨ ਠੱਗੀ ਪੁਲਸ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਵੱਡੀ ਸਮੱਸਿਆ ਦਾ ਕਾਰਨ ਬਣੀ ਹੋਈ ਹੈ। ਆਨਲਾਈਨ ਠੱਗੀ ਦੇ ਚੱਲਦੇ ਵਿਅਕਤੀ ਨੂੰ ਮਿੰਟਾਂ ਵਿਚ ਹੀ ਲੱਖਾਂ ਰੁਪਏ ਦਾ ਚੂਨਾ ਲੱਗ ਜਾਂਦਾ ਹੈ। ਆਨਲਾਈਨ ਠੱਗੀ ਮਾਰਨ ਵਾਲਾ ਵਿਅਕਤੀ ਪਹਿਲਾਂ ਕਾਲ ਕਰਕੇ ਤੁਹਾਨੂੰ ਭਰੋਸੇ ਵਿਚ ਲੈਂਦਾ ਹੈ ਤੇ ਫਿਰ ਜਦੋਂ ਤੁਸੀਂ ਉਸ ਦੀਆਂ ਗੱਲਾਂ ਵਿਚ ਆ ਜਾਂਦੇ ਹੋ ਤਾਂ ਉਹ ਤੁਹਾਡੇ ਤੋਂ ਏ.ਟੀ.ਐਮ ਕਾਰਡ ਤੇ ਖਾਤੇ ਦੀ ਜਾਣਕਾਰੀ ਲੈ ਲੈਂਦਾ ਹੈ ਤੇ ਉਸ ਤੋਂ ਬਾਅਦ ਆਨਲਾਈਨ ਠੱਗੀ ਕਰਨ ਵਾਲਾ ਅਪਰਾਧੀ ਤੁਹਾਡੇ ਬੈਂਕ ਖਾਤੇ ਨੂੰ ਹੈਕ ਕਰ ਲੈਂਦਾ ਹੈ ਤੇ ਉਸ ਵਿਚ ਪਏ ਪੈਸੇ ਆਪਣੇ ਖਾਤੇ ਵਿਚ ਟਰਾਂਸਫਰ ਕਰ ਲੈਂਦਾ ਹੈ। ਇਸ ਲਈ ਤੁਹਾਨੂੰ ਕਿਸੇ ਨੂੰ ਵੀ ਫੋਨ ਤੇ ਆਪਣੇ ਖਾਤੇ ਅਤੇ ਏ.ਟੀ.ਐਮ ਕਾਰਡ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਤਾਂ ਹੀ ਤੁਸੀਂ ਇਸ ਤਰ੍ਹਾਂ ਦੀ ਠੱਗੀ ਤੋਂ ਆਪਣਾ ਬਚਾਅ ਕਰ ਸਕਦੇ ਹੋ।
ਤੁਰੰਤ ਕਰੋ ਬੈਂਕ ਦੇ ਕਸਟਮਰ ਕੇਅਰ ਨਾਲ ਸੰਪਰਕ
ਜੇਕਰ ਫੋਨ 'ਤੇ ਤੁਸੀਂ ਆਪਣੇ ਖਾਤੇ ਬਾਰੇ ਕਿਸੇ ਅਜਿਹੇ ਵਿਅਕਤੀ ਨੂੰ ਜਾਣਕਾਰੀ ਦੇ ਚੁੱਕੇ ਹੋ ਤਾਂ ਤੁਰੰਤ ਹੀ ਬੈਂਕ ਦੇ ਕਸਟਮਰ ਕੇਅਰ ਨਾਲ ਸੰਪਰਕ ਕਰਕੇ ਆਪਣੇ ਕਾਰਡ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿਓ ਕਿਉਂਕਿ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਤੁਹਾਡੇ ਕੋਲ ਇੰਨਾ ਸਮਾਂ ਹੁੰਦਾ ਹੈ ਕਿ ਠੱਗੀ ਵਾਲੇ ਅਪਰਾਧੀ ਨੂੰ ਫੜਿਆ ਜਾ ਸਕੇ।
ਪੁਲਸ ਦੀ ਲਵੋ ਸਹਾਇਤਾ
ਪੁਲਸ ਵਲੋਂ ਅਜਿਹੇ ਆਨਲਾਈਨ ਮੁਲਜ਼ਮਾਂ ਨੂੰ ਫੜਨ ਲਈ ਅਲੱਗ ਤੋਂ ਇਕ ਸਾਈਬਰ ਕ੍ਰਾਈਮ ਸੈੱਲ ਬਣਾਇਆ ਹੋਇਆ ਹੈ, ਜੋ ਆਨਲਾਈਨ ਠੱਗੀ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਦਾ ਹੈ। ਇਸ ਲਈ ਜੇਕਰ ਤੁਹਾਡੇ ਬੈਂਕ ਖਾਤੇ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਅਪਰਾਧੀ ਤੁਹਾਡੇ ਪੈਸੇ ਕਢਵਾ ਲੈਂਦਾ ਹੈ ਤਾਂ ਇਸ ਸੰਬੰਧੀ ਪੁਲਸ ਨੂੰ ਤੁਰੰਤ ਜਾਣਕਾਰੀ ਦਿਓ ਤਾਂ ਜੋ ਉਕਤ ਮੁਲਜ਼ਮ ਨੂੰ ਪਕੜਿਆ ਜਾ ਸਕੇ।
ਸ਼ਾਮ ਸਮੇਂ ਬਿਨ੍ਹਾ ਗਾਰਡ ਵਾਲੇ ਏ.ਟੀ.ਐਮ 'ਚ ਜਾਣ ਤੋਂ ਕਰੋ ਗੁਰੇਜ
ਜੇਕਰ ਸ਼ਾਮ ਸਮੇਂ ਤੁਸੀਂ ਏ.ਟੀ. ਐਮ 'ਚੋਂ ਪੈਸੇ ਕਢਵਾਉਣੇ ਹਨ ਤਾਂ ਉਸ ਏ.ਟੀ.ਐਮ 'ਤੇ ਜਾਓ ਜਿਥੇ ਗਾਰਡ ਹੋਵੇ ਜਾਂ ਫਿਰ ਆਪਣੇ ਕਿਸੇ ਸਾਥੀ ਨੂੰ ਨਾਲ ਲੈ ਕੇ ਜਾਓ ਤਾਂ ਕਿ ਤੁਸੀਂ ਕਿਸੇ ਪ੍ਰਕਾਰ ਦੀ ਲੁੱਟ ਦਾ ਸ਼ਿਕਾਰ ਨਾ ਹੋ ਸਕੋ।
ਕਿਸੇ ਦੂਜੇ ਨੂੰ ਪ੍ਰਯੋਗ ਕਰਨ ਲਈ ਨਾ ਦਿਓ ਆਪਣਾ ਏ.ਟੀ.ਐਮ ਕਾਰਡ
ਕਈ ਵਾਰ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਏ.ਟੀ.ਐਮ ਪ੍ਰਯੋਗ ਕਰਦੇ ਸਮੇਂ ਬਜ਼ੁਰਗ ਅਤੇ ਔਰਤਾਂ ਆਪਣਾ ਏ.ਟੀ.ਐਮ ਕਿਸੇ ਹੋਰ ਨੂੰ ਦੇ ਕੇ ਉਸ ਦੀ ਮਦਦ ਲੈਂਦੀਆਂ ਹਨ ਅਤੇ ਉਸ ਨੂੰ ਪੈਸੇ ਕਢਵਾਉਣ ਲਈ ਕਿਹਾ ਦਿੰਦੀਆਂ ਹਨ ਪਰ ਕਈ ਵਿਅਕਤੀ ਉਨ੍ਹਾਂ ਵਿਚੋਂ ਅਜਿਹੇ ਹੁੰਦੇ ਹਨ ਜੋ ਏ.ਟੀ.ਐਮ ਕਾਰਡ ਦੇ ਪਿਨ ਕੋਡ ਨੂੰ ਜਾਣਨ ਤੋਂ ਬਾਅਦ ਕਾਰਡ ਬਦਲ ਦਿੰਦੇ ਹਨ। ਪੀੜਤ ਨੂੰ ਉਦੋਂ ਪਤਾ ਚੱਲਦਾ ਹੈ ਜਦੋਂ ਉਸਦੇ ਖਾਤੇ ਵਿਚੋਂ ਪੈਸੇ ਨਿਕਲ ਜਾਣ। ਇਸ ਲਈ ਕਦੇ ਵੀ ਤੁਹਾਨੂੰ ਅਗਰ ਅਜਿਹੀ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਆਪਣੇ ਕਿਸੇ ਜਾਣਕਾਰ ਨੂੰ ਹੀ ਪੈਸੇ ਕਢਵਾਉਣ ਲਈ ਕਹੋ, ਨਹੀਂ ਤਾਂ ਏ.ਟੀ.ਐਮ ਦਾ ਇਸਤੇਮਾਲ ਹੀ ਨਾ ਕਰੋ।
ਕਾਰ ਅਤੇ ਸਾਈਕਲ ਦੀ ਟੱਕਰ ਕਾਰਨ ਵਿਦਿਆਰਥਣ ਦੀ ਮੌਤ
NEXT STORY