ਚੰਡੀਗੜ੍ਹ (ਰੋਹਾਲ) : ਪੀ. ਜੀ. ਆਈ. ਦੀ ਓ. ਪੀ. ਡੀ. ’ਚ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਤੋਂ ਖਾਣ-ਪੀਣ ਦੀਆਂ ਚੀਜਾਂ ਦਾ ਕਰੀਬ ਦੁੱਗਣਾ ਰੇਟ ਵਸੂਲਿਆ ਜਾ ਰਿਹਾ ਹੈ। ਦੁੱਗਣੀ ਕੀਮਤ ਦੇਣ ’ਤੇ ਵੀ ਕਈ ਵਾਰ ਮਰੀਜ਼ਾਂ ਨੂੰ ਖ਼ਰਾਬ ਜਾਂ ਬਾਸੀ ਚੀਜਾਂ ਪਰੋਸ ਦਿੱਤੀਆਂ ਜਾਂਦੀਆਂ ਹਨ। ਜੇਕਰ ਮਰੀਜ਼ਾਂ ਦੇ ਰਿਸ਼ਤੇਦਾਰ ਖ਼ਰਾਬ ਭੋਜਨ ਦੀ ਸ਼ਿਕਾਇਤ ਕਰਦੇ ਹਨ ਤਾਂ ਸਾਮਾਨ ਵਾਪਸ ਲੈਣ ਦੀ ਬਜਾਏ ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ। ਬੀਤੀ 8 ਜਨਵਰੀ ਨੂੰ ਦਿੱਲੀ ਤੋਂ ਓ. ਪੀ. ਡੀ. ’ਚ ਚੈੱਕਅਪ ਲਈ ਆਏ ਗੌਰਵ ਨਾਗਪਾਲ ਨੂੰ ਵੀ ਓ. ਪੀ. ਡੀ. ਕੰਟੀਨ ’ਚ ਮਹਿੰਗਾ ਤੇ ਖ਼ਰਾਬ ਸਾਮਾਨ ਦਿੱਤਾ ਗਿਆ। ਗੌਰਵ ਨੇ ਜਦੋਂ ਕੰਟੀਨ ਸਟਾਫ਼ ਨੂੰ ਸ਼ਿਕਾਇਤ ਕੀਤੀ ਤਾਂ ਸਾਮਾਨ ਬਦਲਣ ਦੀ ਬਜਾਏ ਉਸ ਨਾਲ ਮਾੜਾ ਸਲੂਕ ਕੀਤਾ ਗਿਆ। ਗੌਰਵ ਨੇ 8 ਜਨਵਰੀ ਨੂੰ ਪੀ. ਜੀ. ਆਈ. ਡਾਇਰੈਕਟਰ ਨੂੰ ਸ਼ਿਕਾਇਤ ਦੇ ਨਾਲ ਮਹਿੰਗੇ ਖਾਣ-ਪੀਣ ਦੇ ਸਾਮਾਨ ਦੇ ਬਿੱਲਾਂ ਸਮੇਤ ਪੀ. ਜੀ. ਆਈ. ਪ੍ਰਸ਼ਾਸਨ ਵੱਲੋਂ ਤੈਅ ਰੇਟ ਲਿਸਟ ਵੀ ਭੇਜੀ ਹੈ। ਗੌਰਵ ਨੇ ਪੀ. ਜੀ. ਆਈ. ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਜਾਣੋ ਕਿਉਂ ਜਾਰੀ ਹੋਏ ਹੁਕਮ
ਹਰ ਵਸਤੂ ਦੇ ਵਸੂਲੇ ਜਾ ਰਹੇ ਵੱਧ ਰੇਟ
ਗੌਰਵ ਨਾਗਪਾਲ ਦੀ ਸ਼ਿਕਾਇਤ ਤੋਂ ਬਾਅਦ ਜਗਬਾਣੀ ਨੇ ਓ. ਪੀ. ਡੀ., ਐਡਵਾਂਸਡ ਕਾਰਡਿਅਕ ਕੇਅਰ ਸੈਂਟਰ, ਐਡਵਾਂਸਡ ਆਈ ਸੈਂਟਰ ’ਚ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਤਾਂ ਹਰ ਜਗ੍ਹਾਂ ਪੀ. ਜੀ. ਆਈ. ਵੱਲੋਂ ਮਨਜ਼ੂਰ ਰੇਟ ਨਾਲੋਂ ਵੱਧ ਰੇਟ ਵਸੂਲੇ ਜਾ ਰਹੇ ਹਨ। ਛੋਟੇ ਡਿਸਪੋਜ਼ੇਬਲ ਕੱਪਾਂ ’ਚ ਮਿਲਣ ਵਾਲੀ 110 ਮਿਲੀਲੀਟਰ ਚਾਹ 10 ਦੀ ਬਜਾਏ 20 ਰੁਪਏ, 20 ਰੁਪਏ ਦੀ ਕੌਫੀ 30 ਰੁਪਏ, ਸਾਂਭਰ ਵੜਾ ਜਾਂ ਇਡਲੀ 40 ਦੀ ਬਜਾਏ 70 ਰੁਪਏ ’ਚ ਵੇਚੀ ਜਾ ਰਹੀ ਹੈ। ਇਸੇ ਤਰ੍ਹਾਂ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ ਰੇਟ ਵੀ ਵੱਧ ਵਸੂਲੇ ਜਾ ਰਹੇ ਹਨ।
ਇਹ ਵੀ ਪੜ੍ਹੋ : ਠੰਡ ਵਿਚਾਲੇ ਸਕੂਲਾਂ ਦੇ ਸਮੇਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋ ਗਈ ਨੋਟੀਫਿਕੇਸ਼ਨ
ਪਿਛਲੇ ਦਿਨੀਂ ਖਾਣੇ ’ਚ ਨਿਕਲਿਆ ਸੀ ਕਾਕਰੋਚ
ਮਹਿੰਗੇ ਭਾਅ ਵਸੂਲਣ ਦੇ ਬਾਵਜੂਦ ਪੀ. ਜੀ. ਆਈ. ਕੰਟੀਨ ਦੇ ਖਾਣੇ ਦੀ ਗੁਣਵੱਤਾ ਤੇ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਕਈ ਵਾਰ ਸਾਹਮਣੇ ਆ ਚੁੱਕਾ ਹੈ। ਹਾਲ ਹੀ ’ਚ ਪੀ. ਜੀ. ਆਈ. ਕੰਟੀਨ ’ਚ ਇਕ ਮਰੀਜ਼ ਦੇ ਖਾਣੇ ’ਚੋਂ ਮਰਿਆ ਹੋਇਆ ਕਾਕਰੋਚ ਨਿਕਲਿਆ ਸੀ। ਇਹ ਮਾਮਲਾ ਵੀ ਪੀ. ਜੀ. ਆਈ. ਪ੍ਰਸ਼ਾਸਨ ਦੇ ਧਿਆਨ ’ਚ ਹੈ ਅਤੇ ਖਾਣੇ ’ਚ ਕਾਕਰੋਚ ਆਉਣ ਦੀ ਇਸ ਲਾਪਰਵਾਹੀ ’ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਬਾਕੀ ਹੈ।
ਜਾਂਚ ਤੋਂ ਬਾਅਦ ਕਾਰਵਾਈ ਕਰਾਂਗੇ ਤਾਂ ਜੋ ਮਰੀਜ਼ਾਂ ਦਾ ਨਾ ਹੋਵੇ ਨੁਕਸਾਨ : ਪੀ. ਜੀ. ਆਈ. ਬੁਲਾਰਾ
ਓ. ਪੀ. ਡੀ ’ਚ ਵਸੂਲੇ ਮਹਿੰਗੇ ਰੇਟਾਂ ਦੇ ਬਿੱਲ ਦਿਖਾਏ ਗਏ ਤਾਂ ਪੀ. ਜੀ. ਆਈ. ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਸਬੰਧਿਤ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ। ਸਬੰਧਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪੀ.ਜੀ.ਆਈ. ਆਉਣ ਵਾਲੇ ਮਰੀਜ਼ਾਂ ਤੋਂ ਕਿਸੇ ਵੀ ਤਰ੍ਹਾਂ ਨਾਲ ਕੋਈ ਵੱਧ ਵਸੂਲੀ ਨਾ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਹ ਹੋਣਗੇ ਲੁਧਿਆਣਾ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ
NEXT STORY