ਭਿੱਖੀਵਿੰਡ/ਖਾਲੜਾ, (ਅਮਨ/ਸੁਖਚੈਨ)- ਅੱਜ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਬਲੇਰ ਦੇ ਨੌਜਵਾਨ ਜਥੇਦਾਰ ਹਰਪਾਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਦੱਸਿਆ ਕਿ ਸਾਡੇ ਪਿੰਡ ਅੰਦਰ ਨਿੱਤ ਦਿਨ ਹੀ ਬਾਹਰਲੇ ਕਈ ਪਿੰਡਾਂ ਤੋਂ ਨੌਜਵਾਨ ਆਪਣੇ ਮੋਟਰਸਾਈਕਲਾਂ 'ਤੇ ਆਉਂਦੇ ਹਨ ਅਤੇ ਨਸ਼ਾ ਖਰੀਦ ਕੇ ਪਿੰਡ 'ਚੋਂ ਡਾਰਾਂ ਵਾਂਗ ਨਿਕਲਦੇ ਹਨ। ਸਾਡੇ ਪਿੰਡ ਅੰਦਰ ਅੱਜ ਵੀ ਨਸ਼ੇ ਦਾ ਇਹ ਗੋਰਖਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ। ਸਾਡੇ ਵੱਲੋਂ ਕਈ ਵਾਰ ਪੁਲਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਚਿੱਟੇ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।
ਬਲੇਰ ਨੇ ਅੱਗੇ ਕਿਹਾ ਕਿ ਸਾਡੇ ਪਿੰਡ ਨੂੰ ਕਰੀਬ ਛੇ ਸੱਤ ਰਸਤੇ ਆਉਂਦੇ ਹਨ ਅਤੇ ਸ਼ਾਮ ਅਤੇ ਸਵੇਰ ਵੇਲੇ ਮੋਟਰਸਾਈਕਲਾਂ ਦੀਆਂ ਡਾਰਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ। ਖੁਦ ਸਾਡੇ ਵੱਲੋਂ ਕਈ ਵਾਰ ਇਨ੍ਹਾਂ ਨੌਜਵਾਨਾਂ ਨੂੰ ਭਜਾਇਆ ਗਿਆ ਹੈ ਪਰ ਪੁਲਸ ਵੱਲੋਂ ਅਜੇ ਤੱਕ ਕੋਈ ਵੀ ਸਖਤ ਐਕਸ਼ਨ ਨਹੀਂ ਲਿਆ ਗਿਆ। ਇਕ ਦੋ ਦਿਨ ਹੀ ਪਿੰਡ ਦੇ ਪੁਲ 'ਤੇ ਨਾਕਾਬੰਦੀ ਕੀਤੀ ਗਈ ਪਰ ਕੋਈ ਸਿੱਟਾ ਨਹੀਂ ਨਿਕਲਿਆ, ਇਥੋਂ ਤੱਕ ਕਿ ਅਸੀਂ ਪੁਲਸ ਨੂੰ ਪਿੰਡ ਦੇ ਉਨ੍ਹਾਂ ਲੋਕਾਂ ਦੇ ਨਾਮ ਤੱਕ ਵੀ ਦੇ ਦਿੱਤੇ ਹਨ, ਜੋ ਇਹ ਧੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਅਸੀਂ ਜ਼ਿਲੇ ਦੇ ਪੁਲਸ ਮੁਖੀ ਤੋਂ ਮੰਗ ਕਰਦੇ ਹਾਂ ਕਿ ਨਸ਼ੇ ਨੂੰ ਰੋਕਣ ਲਈ ਸਖਤ ਕਦਮ ਚੁੱਕਣ, ਉਥੋਂ ਹੀ ਅਸੀਂ ਪਿੰਡ ਵਾਸੀ ਪੁਲਸ ਤੇ ਸਰਕਾਰ ਦਾ ਸਾਥ ਦੇਣ ਲਈ ਤਿਆਰ ਹਾਂ। ਇਸ ਮੌਕੇ ਪਿੰਡ ਵਾਸੀ ਚਰਨਜੀਤ ਸਿੰਘ, ਲੋਕਲ ਕਮੇਟੀ ਮੈਂਬਰ ਬਲਵਿੰਦਰ ਸਿੰਘ ਪਾਹੜਾ, ਪ੍ਰਧਾਨ ਸੁਖਵੰਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ ।
ਜ਼ਿਲੇ ਦੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਬਹੁਤ ਚੰਗੀ ਗੱਲ ਹੈ ਕਿ ਪਿੰਡ ਵਾਸੀ ਪੁਲਸ ਦਾ ਸਾਥ ਦੇਣ ਲਈ ਤਿਆਰ ਹੋਏ ਹਨ ਪਰ ਮੈਂ ਆਪ ਖੁਦ ਕੱਲ ਪਿੰਡ ਬਲੇਰ ਵਿਖੇ ਆਵਾਂਗਾ ਅਤੇ ਇਕ ਅਸੀਂ ਐੱਸ. ਟੀ. ਐੱਫ. ਦਾ ਥਾਣਾ ਵੀ ਪੱਟੀ ਬਣਾ ਰਹੇ ਹਾਂ ਅਤੇ ਚਿੱਟੇ ਦਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੀ ਸਰਕਾਰ ਨੇ 10 ਸਾਲਾਂ ਤੋਂ ਇਕ ਕਾਰੋਬਾਰ ਚਲਾਇਆ ਹੈ, ਉਸ ਨੂੰ ਰੋਕਣ ਲਈ ਕੁਝ ਸਮਾਂ ਲੱਗੇਗਾ ਅਤੇ ਮੇਰੇ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਉਹ ਨਸ਼ੇ ਵਿਕਰੇਤਾ ਖਿਲਾਫ ਸਖਤ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਇਸ ਨੂੰ ਖਤਮ ਕਰਕੇ ਹੀ ਰਹਾਂਗੇ। ਹਲਕੇ ਅੰਦਰ ਜਿਹੜੇ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਹਨ, ਦੇ ਇਲਾਜ ਲਈ ਹਲਕੇ ਦੇ ਤਿੰਨਾਂ ਸਰਕਾਰੀ ਹਸਪਤਾਲਾਂ ਅੰਦਰ ਪ੍ਰਬੰਧ ਕਰ ਲਿਆ ਗਿਆ ਹੈ।
ਆਜ਼ਾਦੀ ਦੀ ਲੜਾਈ 'ਚ ਸਿੱਖਾਂ ਦੇ ਯੋਗਦਾਨ ਨੂੰ ਮੋਦੀ ਸਰਕਾਰ ਤਾਂ ਭੁੱਲ ਸਕਦੀ ਹੈ ਪਰ ਦੇਸ਼ ਦੀ ਜਨਤਾ ਨਹੀਂ : ਸਰਨਾ
NEXT STORY