ਜਲੰਧਰ (ਜਸਬੀਰ ਵਾਟਾਂ ਵਾਲੀ)- ਸਮੁੱਚੀ ਦੁਨੀਆ 'ਚ ਵੱਧ ਰਹੇ ਹਵਾ ਪ੍ਰਦੂਸ਼ਣ ਨੇ ਹਰ ਕਿਸੇ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਭਾਰਤ ਵਿਚ ਤਾਂ ਹਾਲਾਤ ਹੋਰ ਵੀ ਬਦਤਰ ਬਣਦੇ ਜਾ ਰਹੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇਥੇ ਕਰੀਬ 2 ਮਹੀਨਿਆਂ ਤੋਂ 'ਹੈਲਥ ਐਮਰਜੇਂਸੀ' ਵਰਗੇ ਹਾਲਾਤ ਬਣੇ ਹੋਏ ਹਨ। ਇਸ ਦੇ ਨਾਲ-ਨਾਲ ਦੇਸ਼ ਦੀ ਸਮੁੱਚੀ ਆਬੋ-ਹਵਾ ਵੀ ਪੂਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ। 2015 ਤੋਂ ਲੈ ਕੇ ਹੁਣ ਤੱਕ ਦੀ ਏਅਰ ਕੁਆਲਿਟੀ ਦੀ ਗੱਲ ਕਰੀਏ ਤਾਂ ਪਿਛਲੇ ਤਿੰਨ ਸਾਲਾਂ ਦੌਰਾਨ ਇਸ ਦੀ ਔਸਤ ਗੁਣਵੱਤਾ ਇੰਡੈਕਸ 400 ਦੇ ਕਰੀਬ ਹੈ। ਇਸ ਦੇ ਨਾਲ-ਨਾਲ ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚੋਂ 14 ਸ਼ਹਿਰ ਇਕੱਲੇ ਭਾਰਤ ਦੇ ਹਨ। ਕਾਨਪੁਰ ਇਸ ਸੂਚੀ 'ਚ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਫਰੀਦਾਬਾਦ, ਵਾਰਾਣਸੀ, ਗੋਆ, ਪਟਨਾ, ਦਿੱਲੀ ਸੱਤ ਅਜਿਹੇ ਮਹਾਨਗਰ ਹਨ ਜੋ ਕ੍ਰਮਵਾਰ ਬਹੁਤ ਜ਼ਿਆਦਾ ਪਲਿਊਟਿਡ ਹਨ। ਅਜਿਹੇ ਹਾਲਾਤ 'ਚ ਲੋਕ ਜਿੱਥੇ ਮਾਸਕ ਪਾ ਕੇ ਘਰਾਂ ਤੋਂ ਨਿਕਲਣ ਲਈ ਮਜ਼ਬੂਰ ਹਨ, ਉਥੇ ਹੀ ਉਹ ਸਾਹ ਅਤੇ ਫੇਫੜਿਆਂ ਦੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੇ ਵੀ ਸ਼ਿਕਾਰ ਹੇ ਰਹੇ ਹਨ।
ਸਿਹਤ ਮਾਹਰਾਂ ਨੇ ਕੁਝ ਸਮਾਂ ਪਹਿਲਾਂ ਪ੍ਰਦੂਸ਼ਣ ਦੇ ਮਾਡ਼ੇ ਪ੍ਰਭਾਵ ਨੂੰ ਸਮਝਣ ਲਈ ਮਨੁੱਖੀ ਫੇਫੜਿਆਂ ਦਾ ਅਧਿਐਨ ਕੀਤਾ ਗਿਆ। ਲੰਗ ਕੇਅਰ ਫਾਊਂਡੇਸ਼ਨ ਦੇ ਸੰਸਥਾਪਕ ਟਰੱਸਟੀ, ਸਰ ਗੰਗਾ ਰਾਮ ਹਸਪਤਾਲ 'ਚ ਸੈਂਟਰ ਫਾਰ ਚੈਸਟ ਸਰਜਰੀ ਦੇ ਪ੍ਰਧਾਨ ਡਾ. ਅਰਵਿੰਦ ਕੁਮਾਰ ਨੇ ਇਸ ਬਾਰੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 30 ਸਾਲਾਂ 'ਚ ਲੋਕਾਂ ਦੇ ਫੇਫੜਿਆਂ ਦੇ ਰੰਗ ਨੂੰ ਬਦਲਦੇ ਹੋਏ ਦੇਖਿਆ ਹੈ। ਪਹਿਲਾਂ ਸਿਰਫ ਸਿਗਰੇਟ ਪੀਣ ਵਾਲੇ ਲੋਕਾਂ ਦੇ ਫੇਫੜਿਆਂ 'ਤੇ ਕਾਲੇ ਰੰਗ ਦੀ ਪਰਤ ਹੁੰਦੀ ਸੀ ਜਦਕਿ ਹੋਰ ਲੋਕਾਂ ਦੇ ਫੇਫੜਿਆ ਦਾ ਰੰਗ ਗੁਲਾਬੀ ਹੁੰਦਾ ਸੀ ਪਰ ਅੱਜ ਕੱਲ੍ਹ ਲਗਭਗ ਸਾਰੇ ਲੋਕਾਂ ਦੇ ਫੇਫੜੇ ਹੀ ਕਾਲੇ ਦਿਖਾਈ ਦਿੰਦੇ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਖਰਾਬ ਹਵਾ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਇਕ ਦਿਨ 'ਚ 15-20 ਸਿਗਰੇਟ ਪੀਣ ਦੇ ਬਰਾਬਰ ਇਕ ਮਨੁੱਖ ਦੇ ਅੰਦਰ ਖਤਰਨਾਕ ਧੂੰਆ (ਸਮੌਗ) ਜਾ ਰਿਹਾ ਹੈ। ਦੁਨੀਆ 'ਚ 10 'ਚੋਂ 9 ਲੋਕ ਪ੍ਰਦੂਸ਼ਣ ਵਾਲੀ ਹਵਾ 'ਚ ਸਾਹ ਲੈਂਦੇ ਹਨ। ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਕਰੀਬ 7 ਮਿਲੀਅਨ ਲੋਕ ਮੌਤ ਦੇ ਮੂੰਹ 'ਚ ਜਾ ਰਹੇ ਹਨ। ਇਨ੍ਹਾਂ 'ਚ ਵਧੇਰੇ ਉਮਰ ਅਤੇ ਘੱਟ ਪੜ੍ਹੇ-ਲਿਖੇ ਮਰਦ ਹਵਾ ਪ੍ਰਦੂਸ਼ਣ ਦਾ ਜ਼ਿਆਦਾ ਸ਼ਿਕਾਰ ਬਣਦੇ ਹਨ। ਹਵਾ ਪ੍ਰਦੂਸ਼ਣ ਦੇ ਇਸ ਪ੍ਰਭਾਵ ਕਾਰਨ ਹੀ ਲੋਕਾਂ 'ਚ ਸਾਹ ਦੀਆਂ ਬੀਮਾਰੀਆਂ ਸਾਲ ਦਰ ਸਾਲ ਵਧ ਰਹੀਆਂ ਹਨ।
ਸਿਹਤ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਹਾਲਾਤ ਇਹੀ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਪਾਣੀ ਦੀ ਬੋਤਲ ਵਾਂਗ 'ਕੈਰੀ ਆਕਸੀਜ਼ਨ ਸਿਲੰਡਰ' ਲੈ ਕੇ ਘਰਾਂ ਤੋਂ ਨਿਕਲਿਆ ਕਰਨਗੇ। ਸੱਚਾਈ ਇਹ ਵੀ ਹੈ ਕਿ ਅਨੇਕਾਂ ਕੰਪਨੀਆਂ ਨੇ ਕੈਰੀ ਆਕਸੀਜਨ ਸਿਲੰਡਰ ਦੀ ਆਨਲਾਈਨ ਵਿਕਰੀ ਸ਼ੁਰੂ ਵੀ ਕਰ ਦਿੱਤੀ ਹੈ। ਕੁਝ ਸਮਾਂ ਪਹਿਲਾਂ ਗਲੋਬਲ ਮਾਰਕੀਟ ਇਨਸਾਈਡ 'ਚ ਛਪੇ ਲੇਖ ਅਨੁਸਾਰ 2024 ਤੱਕ ਆਕਸੀਜ਼ਨ ਸਿਲੰਡਰ ਦੀ ਮਾਰਕਿਟ 4.5 ਬਿਲੀਅਨ ਯੂ. ਐਸ. ਡਾਲਰ ਪਹੁੰਚਣ ਦਾ ਅਨੁਮਾਨ ਹੈ। ਵਾਤਾਵਾਰਣ 'ਚ ਫੈਲੇ ਸਮੌਗ ਕਾਰਨ ਲੋਕਾਂ ਨੂੰ ਜਿੱਥੇ ਸਾਹ ਲੈਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਇਸ ਕਾਰਨ ਐਕਸੀਡੈਂਟ ਵਰਗੀਆਂ ਘਟਨਾਵਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ।
ਇਸ ਤਰ੍ਹਾਂ ਮਾਪੀ ਜਾਂਦੀ ਹੈ ਹਵਾ ਦੀ ਗੁਣਵੱਤਾ
ਹਵਾ ਦੀ ਗੁਣਵੱਤਾ ਨੂੰ ਮਾਪਣ ਲਈ ਇਕ ਖਾਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਯੰਤਰ ਹਵਾ ਨੂੰ ਅੱਠ ਪੈਰਾਮੀਟਰਾਂ 'ਚ ਮਾਪਦਾ ਹੈ। ਇਸ ਯੰਤਰ ਨਾਲ ਪੀ. ਐੱਮ. 2.5, ਪੀ. ਐੱਮ.10, ਅਮੋਨੀਆ, ਸਲਫਰਡਾਈਆਕਸਾਈਡ, ਨਾਈਟ੍ਰੋਜਨ ਦੇ ਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਓਸੋਨ ਆਦਿ ਮਾਪ ਕੇ ਹਵਾ ਦੀ ਗੁਣਵੱਤਾ ਕੱਢੀ ਜਾਂਦੀ ਹੈ। ਸਾਹ ਲੈਣ ਹਵਾ ਦੀ ਗੁਣਵਤਾ ਨਿਰਧਾਰਤ ਪੈਮਾਨਾ ਇਸ ਪ੍ਰਕਾਰ ਹੈ। 0 ਤੋਂ 50 ਤੱਕ ਹਵਾ ਦੀ ਇੰਡੈਕਸ ਨੂੰ ਕਾਫੀ ਚੰਗਾ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ 51 ਤੋਂ 100 ਤੱਕ ਠੀਕ ਅਤੇ 101 ਤੋਂ 200 ਤੱਕ ਮੱਧਮ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ 201 ਤੋਂ 300 ਤੱਕ ਹਵਾ ਦੇ ਸਤੱਰ ਨੂੰ ਖਰਾਬ ਅਤੇ 301 ਤੋਂ 400 ਤੱਕ ਬਹੁਤ ਖਰਾਬ ਮੰਨਿਆ ਜਾਂਦਾ ਹੈ। ਜਦੋਂ ਇਹ ਹਵਾ 401 ਤੋਂ 500 ਤੱਕ ਪਹੁੰਚ ਜਾਂਦੀ ਹੈ ਤਾਂ ਇਸ ਨੂੰ ਬੇਹੱਦ ਗੰਭੀਰ ਮੰਨਿਆ ਜਾਂਦਾ ਹੈ।
ਬੱਬੂ ਮਾਨ ਦੇ ਸ਼ੋਅ ਰੂਮ ਉਦਘਾਟਨ ਦੌਰਾਨ ਹੰਗਾਮਾ (ਵੀਡੀਓ)
NEXT STORY