ਜਲੰਧਰ, (ਜ. ਬ.) — ਅੱਜ ਇਥੇ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਤੂੜੀ ਬਾਜ਼ਾਰ ਫਿਰੋਜ਼ਪੁਰ ਸਥਿਤ ਅਹਿਮ ਗੁਪਤ ਟਿਕਾਣੇ ਨੂੰ ਇਨਕਲਾਬੀ ਵਿਰਾਸਤ ਵਜੋਂ ਬਚਾਉਣ ਅਤੇ ਇੱਥੇ ਮਿਊਜ਼ੀਅਮ ਤੇ ਲਾਇਬਰੇਰੀ ਬਣਾਉਣ ਤੇ ਵਿਦਿਆਰਥੀਆਂ ਦੀਆਂ ਭਖਦੀਆਂ ਮੰਗਾਂ ਲਈ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਸੱਦੇ 'ਤੇ ਜ਼ਿਲੇ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ 'ਚੋਂ ਵਿਦਿਆਰਥੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇਕੱਤਰ ਹੋਏ। ਇੱਥੋਂ ਵਿਦਿਆਰਥੀਆਂ ਨੇ ਸ਼ਹਿਰ ਵਿਚ ਮੁਜ਼ਾਹਰਾ ਕਰਦਿਆਂ ਡੀ. ਸੀ. ਦਫ਼ਤਰ ਧਰਨਾ ਲਗਾਇਆ। ਇਸ ਉਪਰੰਤ ਪੀ. ਐੱਸ. ਯੂ. ਦੇ ਆਗੂਆਂ ਤੇ ਵਿਦਿਆਰਥੀਆਂ ਨੇ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਮ ਏ. ਡੀ. ਸੀ. ਰਾਹੀਂ ਮੰਗ-ਪੱਤਰ ਭੇਜਿਆ।
ਇਸ ਮੌਕੇ ਧਰਨੇ-ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੀ. ਐੱਸ. ਯੂ. ਦੇ ਸੂਬਾਈ ਆਗੂ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਗੈਂਗਵਾਰ, ਲੱਚਰ ਗਾਇਕੀ, ਨਸ਼ਾਖੋਰੀ ਅਤੇ ਖਪਤ ਸੱਭਿਆਚਾਰ ਜੋ ਕਿ ਸਾਮਰਾਜ ਦੁਆਰਾ ਪ੍ਰਫੁੱਲਿਤ ਕੀਤਾ, ਦੀ ਗ੍ਰਿਫਤ ਵਿਚ ਹੈ। ਦਿਸ਼ਾਹੀਣ ਪੰਜਾਬ ਦੀ ਜਵਾਨੀ ਨੂੰ ਕੌਮ ਦੇ ਅਸਲੀ ਨਾਇਕ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀਆਂ ਜ਼ਿੰਦਗੀਆਂ ਸੇਧ ਦੇ ਸਕਦੀਆਂ ਹਨ। ਉਨ੍ਹਾਂ ਸ਼ਹੀਦਾਂ ਦੀ ਵਿਰਾਸਤ ਨੂੰ ਹਰ ਹਾਲ ਬਚਾਏ ਜਾਣ ਦੀ ਮੰਗ ਕਰਦਿਆਂ ਸਰਕਾਰਾਂ 'ਤੇ ਦੋਸ਼ ਲਗਾਇਆ ਕਿ ਸਰਕਾਰ ਨੇ ਅੰਗਰੇਜ਼ਾਂ ਦੇ ਹੱਕ 'ਚ ਲੜਨ ਵਾਲੇ ਸਾਰਾਗੜ੍ਹੀ 'ਚ ਮਾਰੇ ਗਏ ਫੌਜੀਆਂ ਨੂੰ ਸ਼ਹੀਦ ਮੰਨਦਿਆਂ ਬਜਟ 'ਚ ਇਕ ਕਰੋੜ ਰੁਪਇਆ ਰੱਖਿਆ ਪਰ ਅਸਲੀ ਸ਼ਹੀਦ ਜੋ ਅੰਗਰੇਜ਼ ਹਕੂਮਤ ਖ਼ਿਲਾਫ਼ ਲੜੇ, ਦੀ ਵਿਰਾਸਤ ਨੂੰ ਜਾਣ-ਬੁੱਝ ਕੇ ਵਿਸਾਰਿਆ। ਇਸਦੇ ਨਾਲ ਹੀ ਉਨ੍ਹਾਂ ਮਾਤ ਭਾਸ਼ਾ ਪੰਜਾਬੀ ਨੂੰ ਰੋਜ਼ਗਾਰ, ਵਪਾਰ ਤੇ ਸਰਕਾਰੀ ਕੰਮਾਂ ਲਈ ਲਾਜ਼ਮੀ ਕਰਨ ਦੀ ਮੰਗ ਕੀਤੀ। ਕਿਸੇ ਵੀ ਖਿੱਤੇ ਦੇ ਲੋਕ ਸਭ ਤੋਂ ਵੱਧ ਤਰੱਕੀ ਆਪਣੀ ਮਾਤਾ-ਭਾਸ਼ਾ ਰਾਹੀਂ ਹੀ ਕਰ ਸਕਦੇ ਹਨ ਇਸ ਲਈ ਪੰਜਾਬ ਵਿੱਚੋਂ ਅੰਗਰੇਜ਼ੀ ਦਾ ਗਲਬਾ ਹਟਾਇਆ ਜਾਵੇ। ਪੰਜਾਬ ਵਿਚ ਅੰਗਰੇਜ਼ੀ 'ਚੋਂ ਫੇਲ ਵਿਦਿਆਰਥੀ ਖ਼ੁਦਕੁਸ਼ੀਆਂ ਕਰ ਰਹੇ ਹਨ।
ਅੰਗਰੇਜ਼ੀ ਸਿਰਫ ਚੋਣਵਾਂ ਵਿਸ਼ਾ ਹੋਵੇ। ਇਸ ਮੌਕੇ ਜ਼ਿਲਾ ਸਕੱਤਰ ਜਸਕਰਨ ਆਜ਼ਾਦ ਨੇ ਕਿਹਾ ਕਿ ਸਰਕਾਰਾਂ ਦੀਆਂ ਨਿੱਜੀਕਰਨ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਕਾਰਨ ਸੂਬੇ ਦੀ ਛੋਟੀ ਕਿਸਾਨੀ ਖ਼ੁਦਕੁਸ਼ੀਆਂ ਦੇ ਰਾਹ ਪਈ ਹੈ ਅਤੇ ਛੋਟੇ ਵਪਾਰੀ ਅਤੇ ਲੋਕਾਂ ਦੇ ਧੰਦੇ ਬੰਦ ਹੋ ਰਹੇ ਹਨ ਪਰ ਸਿੱਖਿਆ ਦਿਨੋ-ਦਿਨ ਮਹਿੰਗੀ ਹੋਈ ਜਾ ਰਹੀ ਹੈ।
ਇਸ ਲਈ ਛੋਟੀ ਕਿਸਾਨੀ ਸਮੇਤ ਢਾਈ ਲੱਖ ਤੋਂ ਘੱਟ ਆਮਦਨ ਵਾਲੇ ਸਮੂਹ ਲੋਕਾਂ ਦੇ ਬੱਚਿਆਂ ਦੀ ਸਿੱਖਿਆ ਮੁਫਤ ਕੀਤੀ ਜਾਵੇ। ਪ੍ਰੈੱਸ ਸਕੱਤਰ ਵਰਜੀਤ ਕੌਰ ਨੇ ਕਿਹਾ ਕਿ ਸਮਾਜ ਅੰਦਰ ਔਰਤ ਹਮੇਸ਼ਾ ਮਰਦ ਅਧੀਨ ਰਹਿੰਦੀ ਹੈ। ਜਗੀਰੂ ਤੇ ਪਿੱਤਰੀ ਸੱਤਾ ਨੇ ਔਰਤ ਨੂੰ ਹਮੇਸ਼ਾ ਗ਼ੁਲਾਮ ਬਣਾ ਕੇ ਰੱਖਿਆ ਹੈ। ਔਰਤਾਂ ਖ਼ਿਲਾਫ਼ ਜੁਰਮ ਦਿਨੋ-ਦਿਨ ਵਧ ਰਹੇ ਹਨ। ਇਸ ਲਈ ਔਰਤ ਮੁਕਤੀ, ਸਵੈ-ਨਿਰਭਰਤਾ ਅਤੇ ਸਵੈ-ਮਾਣ ਵਾਲੀ ਜ਼ਿੰਦਗੀ ਲਈ ਲੜਕੀਆਂ ਦੀ ਹਰ ਤਰ੍ਹਾਂ ਦੀ ਸਿੱਖਿਆ ਮੁਫ਼ਤ ਕੀਤੀ ਜਾਵੇ ਤਦ ਹੀ ਬਰਾਬਰੀ ਵਾਲੇ ਸਮਾਜ ਵੱਲ ਵਧਿਆ ਜਾ ਸਕਦਾ ਹੈ।
ਵਿਦਿਆਰਥੀ ਆਗੂ ਜੋਬਨਪ੍ਰੀਤ ਅਤੇ ਸਨੀ ਮੁਸਤਫਾਪੁਰ ਨੇ ਕਿਹਾ ਕਿ ਸਰਕਾਰਾਂ ਨੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਦਿੱਤੀ ਜਾਣ ਵਾਲੀ ਆਰਥਿਕ ਮੱਦਦ ਤੋਂ ਹੱਥ ਬਿਲਕੁਲ ਪਿੱਛੇ ਖਿੱਚ ਲਿਆ ਹੈ ਤੇ ਯੂਨੀਵਰਸਿਟੀਆਂ ਨੇ ਪੈਸੇ ਇਕੱਠੇ ਕਰਨ ਲਈ ਸਮੈਸਟਰ ਸਿਸਟਮ ਰਾਹੀਂ ਵਿਦਿਆਰਥੀਆਂ ਦੀਆਂ ਰੀ-ਅਪੀਅਰਾਂ ਦੀ ਹਨੇਰੀ ਲਿਆ ਦਿੱਤੀ ਤੇ ਰੀ-ਅਪੀਅਰ ਤੇ ਰੀ-ਵੈਲੂਏਸ਼ਨ ਦੇ ਨਾਂ 'ਤੇ ਕਰੋੜਾਂ ਰੁਪਇਆ ਇਕੱਠਾ ਕੀਤਾ ਜਾ ਰਿਹਾ ਹੈ। ਇਸ ਰਾਹੀਂ ਵਿਦਿਆਰਥੀਆਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਲਈ ਰੀ-ਅਪੀਅਰ ਤੇ ਰੀ-ਵੈਲੂਏਸ਼ਨ ਦੀ ਫੀਸ ਮੁਆਫ਼ ਕੀਤੀ ਜਾਵੇ।
ਨਵਦੀਪ ਨੇ ਕਿਹਾ ਕਿ ਘੱਟ ਗਿਣਤੀਆਂ ਤੇ ਓ. ਬੀ. ਸੀ. ਦੇ ਵਜ਼ੀਫੇ ਜਾਰੀ ਨਹੀਂ ਕੀਤੇ ਜਾ ਰਹੇ। ਦੇਸ਼ ਵਿਚ ਦਲਿਤਾਂ ਨਾਲ ਸਦੀਆਂ ਤੋਂ ਗੁਲਾਮਾਂ ਵਾਲਾ ਵਤੀਰਾ ਹੁੰਦਾ ਆਇਆ ਹੈ। ਉਨ੍ਹਾਂ ਨੂੰ ਸਾਧਨਾਂ ਤੋਂ ਵਿਰਵੇ ਕੀਤਾ ਗਿਆ। ਜਨਮ ਜਾਤ ਦੇ ਨਾਂ 'ਤੇ ਹਰ ਪੱਖੋਂ ਵਿਤਕਰਾ ਕੀਤਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 'ਚ ਐੱਸ. ਸੀ. ਵਿਦਿਆਰਥੀਆਂ ਲਈ ਢਾਈ ਲੱਖ ਤੋਂ ਘੱਟ ਆਮਦਨ ਵਾਲੀ ਸ਼ਰਤ ਨੂੰ ਹਟਾਇਆ ਜਾਵੇ ਕਿਉਂਕਿ ਵਿਤਕਰਾ ਆਰਥਿਕ ਆਧਾਰ 'ਤੇ ਨਹੀਂ ਸਗੋਂ ਜਾਤੀ ਤੌਰ 'ਤੇ ਹੋ ਰਿਹਾ ਹੈ। ਵੈਸੇ ਵੀ ਰੋਟੀ-ਬੇਟੀ ਦੀ ਸਾਂਝ ਆਰਥਿਕ ਆਧਾਰ ਦੇਖ ਕੇ ਨਹੀਂ ਸਗੋਂ ਜਾਤ ਦੇਖ ਕੇ ਰੱਖੀ ਜਾਂਦੀ ਹੈ। ਇਸ ਲਈ ਸਮੂਹ ਦਲਿਤ ਵਿਦਿਆਰਥੀਆਂ ਦੀ ਸਮੁੱਚੀ ਵਿੱਦਿਆ ਮੁਫ਼ਤ ਕੀਤੀ ਜਾਵੇ। ਬਸਪਾ ਦੇ ਆਗੂਆਂ ਤੇ ਕਾਰਕੁੰਨਾਂ ਨੇ ਇਨ੍ਹਾਂ ਮੰਗਾਂ ਦੀ ਹਮਾਇਤ ਕੀਤੀ। ਇਸ ਮੌਕੇ ਤਰਨਵੀਰ, ਸੂਰਜ, ਫਿਰੋਜ਼, ਵਿਸ਼ਾਲ, ਅਮਨ, ਰਜਿੰਦਰ ਸਿੰਘ, ਜਗਦੀਸ਼ ਰਾਣਾ ਅਤੇ ਸੁਨੀਲ ਬਾਘਾ ਨੇ ਵੀ ਸੰਬੋਧਨ ਕੀਤਾ।
ਔਰਤ ਨੂੰ ਮੋਟਰਸਾਈਕਲ 'ਤੇ ਲਿਫਟ ਦੇਣੀ ਪਈ ਮਹਿੰਗੀ
NEXT STORY