ਪਟਿਆਲਾ(ਪਰਮੀਤ)— ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਇਸ ਵੇਲੇ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਦੇ ਵੱਡੇ ਵਿੱਤੀ ਸੰਕਟ 'ਚ ਘਿਰ ਜਾਣ ਦੀ ਵਜ੍ਹਾ ਐਤਕੀਂ ਇਸ ਦੇ ਮੁਲਾਜ਼ਮਾਂ ਨੂੰ ਦਸੰਬਰ ਮਹੀਨੇ ਦੀ ਤਨਖ਼ਾਹ ਦੇਣ ਤੋਂ ਹੱਥ ਖੜ੍ਹੇ ਹੋਣ ਦੇ ਆਸਾਰ ਬਣ ਗਏ ਹਨ। ਤਨਖਾਹਾਂ ਤੇ ਪੈਨਸ਼ਨਾਂ ਵਿਚ ਨਵੇਂ ਸਾਲ ਦੇ ਸ਼ੁਰੂ ਵਿਚ ਦੇਰੀ ਕਾਰਨ ਮੁਲਾਜ਼ਮਾਂ ਨੂੰ ਨਵੇਂ ਵਰ੍ਹੇ ਦੇ ਸ਼ੁਰੂ ਵਿਚ ਹੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਮਹੱਤਵਪੂਰਨ ਮੰਨੇ ਜਾਂਦੇ ਇਸ ਅਦਾਰੇ ਦੀ ਪੰਜਾਬ ਸਰਕਾਰ ਨੇ ਫੌਰੀ ਤੌਰ 'ਤੇ ਬਾਂਹ ਨਾ ਫੜੀ ਤਾਂ ਇਸ ਦੀ ਵਿੱਤੀ ਹਾਲਤ ਹੋਰ ਵੀ ਵਿਗੜ ਸਕਦੀ ਹੈ। ਅਦਾਰਾ ਢੇਰਾਂ ਹੀ ਦੇਣਦਾਰੀਆਂ ਦੀ ਮਾਰ ਹੇਠ ਆਏ ਦਿਨ ਪਿਸ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਬਿਜਲੀ ਸਬਸਿਡੀ ਦੀ ਰਕਮ ਸਮੇਂ ਸਿਰ ਨਾ ਦੇਣ ਕਾਰਨ ਵੀ ਅਦਾਰੇ ਦੀ ਵਿੱਤੀ ਹਾਲਤ ਆਏ ਦਿਨ ਪਤਲੀ ਪੈ ਰਹੀ ਹੈ। ਇਕੱਤਰ ਵੇਰਵਿਆਂ ਮੁਤਾਬਕ ਬਿਜਲੀ ਸਬਸਿਡੀ ਦੀ 4200 ਕਰੋੜ ਦੀ ਰਕਮ ਸਰਕਾਰ ਵੱਲ ਫਸੀ ਪਈ ਹੈ। ਸਰਕਾਰ ਵੱਲੋਂ ਜਿਹੜੀਆਂ ਵੀ ਕਿਸ਼ਤਾਂ ਦਿੱਤੀਆਂ ਜਾ ਰਹੀਆਂ ਹਨ, ਉਸ ਨਾਲ ਅਦਾਰੇ ਦਾ ਵਿੱਤੀ ਢਿੱਡ ਨਹੀਂ ਭਰ ਰਿਹਾ।
ਜਾਣਕਾਰੀ ਮੁਤਾਬਕ ਪਾਵਰਕਾਮ ਦੀਆਂ ਇਸ ਵੇਲੇ 2 ਹਜ਼ਾਰ ਕਰੋੜ ਦੀਆਂ ਦੇਣਦਾਰੀਆਂ ਹਨ। ਇਨ੍ਹਾਂ 'ਚ ਪਾਵਰ ਪਰਚੇਜ਼ ਤੇ ਸਪਲਾਇਰ ਮਟਰੀਅਲ ਆਦਿ ਦੇ ਬਕਾਏ ਸ਼ਾਮਲ ਹਨ। ਇਸ ਰਕਮ 'ਚ 900 ਕਰੋੜ ਰੁਪਏ ਤਾਂ ਪ੍ਰਾਈਵੇਟ ਖੇਤਰ ਦੇ ਤਿੰਨੋਂ ਥਰਮਲਾਂ ਦੇ ਬਕਾਇਆ ਹਨ। ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਪਾਵਰਕਾਮ ਨੂੰ ਹਰ ਮਹੀਨੇ ਪੈਨਲਟੀ ਅਦਾ ਕਰਨੀ ਪੈ ਰਹੀ। ਵਿਆਜ ਵੀ ਦੁੱਗਣਾ-ਤਿੱਗਣਾ ਅਦਾ ਕਰਨਾ ਪੈ ਰਿਹਾ ਹੈ। ਪਾਵਰਕਾਮ ਦੇ ਖਰਚਿਆਂ 'ਤੇ ਝਾਤ ਮਾਰਿਆਂ ਹੈਰਾਨੀ ਹੁੰਦੀ ਹੈ ਕਿ ਆਖਰ ਕਦੋਂ ਤੱਕ ਇਹ ਅਦਾਰਾ ਆਪਣੇ ਦਮਖ਼ਮ ਨਾਲ ਚੱਲ ਸਕੇਗਾ? 100 ਕਰੋੜ ਦੀ ਮਹੀਨਾ ਕਿਸ਼ਤ ਟਰਾਂਸਮਿਸ਼ਨ ਚਾਰਜਜ਼ ਵਜੋਂ ਟਰਾਂਸਕੋ ਕੰਪਨੀ ਨੂੰ ਅਦਾ ਕਰਨੀ ਪੈ ਰਹੀ ਹੈ। 30 ਹਜ਼ਾਰ ਕਰੋੜ ਰੁਪਏ ਇਸ ਅਦਾਰੇ 'ਤੇ ਪਹਿਲਾਂ ਹੀ ਕਰਜ਼ੇ ਦਾ ਬੋਝ ਹੈ। ਇਸ ਕਰਜ਼ੇ ਦੀ 150 ਕਰੋੜ ਰੁਪਏ ਮਹੀਨਾ ਕਿਸ਼ਤ ਅਦਾ ਕਰਨੀ ਪੈ ਰਹੀ ਹੈ। ਪਾਵਰਕਾਮ ਦੇ ਇਸ ਵੇਲੇ 35 ਹਜ਼ਾਰ ਦੇ ਕਰੀਬ ਮੁਲਾਜ਼ਮ ਹਨ। ਇਨ੍ਹਾਂ ਨੂੰ ਮਹੀਨੇ ਦੀ 31 ਤਰੀਕ ਤੱਕ ਤਨਖਾਹ ਦੇਣੀ ਹੁੰਦੀ ਹੈ ਪਰ ਅਦਾਰੇ ਦੇ ਐਤਕੀਂ ਜੋ ਵਿੱਤੀ ਹਾਲਾਤ ਬਣੇ ਹੋਏ ਹਨ, ਤੋਂ ਸਹਿਜੇ ਸੰਕੇਤ ਜਾ ਰਿਹਾ ਹੈ ਕਿ ਸ਼ਾਇਦ ਦਸੰਬਰ ਮਹੀਨੇ ਦੀ ਤਨਖਾਹ ਸਮੇਂ ਸਿਰ ਨਾ ਦਿੱਤੀ ਜਾ ਸਕੇ। ਅਦਾਰੇ ਵੱਲੋਂ ਮੁਲਾਜ਼ਮਾਂ ਦੀ ਤਨਖਾਹ ਤੇ ਪੈਨਸ਼ਨ 'ਤੇ 300 ਕਰੋੜ ਰੁਪਏ ਖਰਚ ਕੀਤਾ ਜਾਂਦਾ ਹੈ।
ਵਿਭਾਗੀ ਸੂਤਰਾਂ ਮੁਤਾਬਕ ਅਦਾਰੇ ਦੇ ਖਜ਼ਾਨੇ 'ਚ ਫਿਲਹਾਲ ਤਨਖਾਹ ਦੇਣ ਜੋਗੇ ਪੈਸੇ ਬਿਲਕੁਲ ਹੀ ਨਹੀਂ ਹਨ। ਜੇਕਰ ਕਿਸੇ ਪਾਸਿਓਂ ਬਾਹਰੋਂ ਪੈਸੇ ਨਹੀ ਆਉਂਦੇ ਤਾਂ ਮੁਲਾਜ਼ਮਾਂ ਨੂੰ 31 ਦਸੰਬਰ ਤੱਕ ਤਨਖਾਹ ਮਿਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਵਿਭਾਗੀ ਸੂਤਰਾਂ ਮੁਤਾਬਕ ਅਦਾਰੇ ਦੀ ਜੋ ਵਿੱਤੀ ਸਥਿਤੀ ਹੈ, ਉਹ ਅਸਲੋਂ ਹੀ ਡਗਮਗਾਈ ਹੋਈ ਹੈ। ਤਨਖਾਹ ਤੇ ਪੈਨਸ਼ਨ ਦੇਣ ਦੀ ਜ਼ਰਾ ਵੀ ਗੁੰਜਾਇਸ਼ ਨਹੀ ਹੈ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਅਦਾਰੇ ਦੀ ਬਿਜਲੀ ਸਬਸਿਡੀ 'ਤੇ ਵੱਡੀ ਟੇਕ ਹੈ। ਜੇਕਰ ਸਰਕਾਰ ਨੇ ਇਹ ਰਕਮ ਇਕ-ਦੋ ਦਿਨਾਂ ਤੱਕ ਅਦਾ ਕਰ ਦਿੱਤੀ ਤਾਂ ਕੁਝ ਸਾਹ ਸੌਖਾ ਆ ਸਕਦਾ ਹੈ।
ਕੀ ਕਹਿੰਦੇ ਹਨ ਸੀ. ਐੈੱਮ. ਡੀ. :
ਪਾਵਰਕਾਮ ਦੇ ਸੀ. ਐੈੱਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਨੇ ਫੋਨ 'ਤੇ ਹੋਈ ਗੱਲਬਾਤ ਦੌਰਾਨ ਮੰਨਿਆ ਕਿ ਦੇਣਦਾਰੀਆਂ 'ਤੇ ਪੈ ਰਹੇ ਵਾਧੂ ਵਿਆਜ ਤੋਂ ਲੜਖੜਾਏ ਵਿੱਤ ਦੇ ਲਿਹਾਜ ਤੋਂ ਲੱਗ ਰਿਹਾ ਹੈ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਐਤਕੀਂ ਤਨਖਾਹ ਦੇਣ 'ਚ ਦੇਰੀ ਹੋ ਸਕਦੀ ਹੈ।
ਪੰਚਾਇਤੀ ਚੋਣਾਂ : ਅਕਾਲੀ ਤੇ ਕਾਂਗਰਸੀ ਆਪਸ 'ਚ ਭਿੜੇ (ਤਸਵੀਰਾਂ)
NEXT STORY