ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ 'ਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਹੁਕਮ ਸਦਕਾ ਝੋਨਾ ਹੇਠਲਾ ਰਕਬਾ ਵੱਡੀ ਪੱਧਰ 'ਤੇ ਘਟਿਆ ਅਤੇ ਸਾਉਣੀ-2019 ਦੌਰਾਨ ਲਗਭਗ 7 ਲੱਖ 50 ਹਜ਼ਾਰ ਏਕੜ ਰਕਬਾ ਝੋਨੇ ਹੇਠੋਂ ਨਿਕਲ ਕੇ ਬਦਲਵੀਆਂ ਫਸਲਾਂ ਹੇਠ ਆ ਗਿਆ। ਜ਼ਿਕਰਯੋਗ ਹੈ ਕਿ ਸਾਉਣੀ-2018 ਦੌਰਾਨ ਗੈਰ-ਬਾਸਮਤੀ ਝੋਨੇ ਹੇਠ 64.80 ਲੱਖ ਏਕੜ ਰਕਬਾ ਸੀ, ਜੋ ਇਸ ਵਾਰ ਘਟ ਕੇ 57.27 ਲੱਖ ਏਕੜ ਰਹਿ ਗਿਆ। ਖੇਤੀਬਾੜੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ, ਜਿਨ੍ਹਾਂ ਕੋਲ ਖੇਤੀਬਾੜੀ ਮਹਿਕਮਾ ਵੀ ਹੈ, ਨੇ ਕਿਹਾ ਕਿ ਇਹ ਉਦਮ ਪਾਣੀ ਦੀ ਸੰਭਾਲ ਲਈ ਸਹਾਈ ਹੋਣਗੇ ਕਿਉਂਕਿ ਝੋਨਾ ਪਾਣੀ ਦੀ ਖਪਤ ਵਾਲੀ ਫਸਲ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ 'ਚ ਪਾਣੀ ਦੇ ਸੰਤੁਲਨ ਨੂੰ ਬਹਾਲ ਕਰਨ ਲਈ ਸਰਕਾਰ ਵਲੋਂ ਅਗਲੇ ਸਾਲ 7 ਲੱਖ ਏਕੜ ਹੋਰ ਰਕਬਾ ਝੋਨੇ ਹੇਠੋਂ ਕੱਢ ਕੇ ਕਪਾਹ, ਮੱਕੀ, ਬਾਸਮਤੀ ਅਤੇ ਫਲ ਅਤੇ ਸਬਜ਼ੀਆਂ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਇਸ ਸਾਲ ਵੀ 7 ਲੱਖ 50 ਹਜ਼ਾਰ ਏਕੜ ਰਕਬੇ ਨੂੰ ਝੋਨੇ ਹੇਠੋਂ ਕੱਢ ਕੇ ਬਦਲਵੀਆਂ ਫਸਲਾਂ ਹੇਠ ਲਿਆਂਦਾ ਹੈ। ਇਸ ਸਾਲ ਕਪਾਹ ਹੇਠ 3 ਲੱਖ ਏਕੜ, ਮੱਕੀ ਹੇਠ 1.27 ਲੱਖ ਏਕੜ, ਬਾਸਮਤੀ ਹੇਠ 2.95 ਲੱਖ ਏਕੜ ਅਤੇ ਫਲਾਂ ਤੇ ਸਬਜ਼ੀਆਂ ਹੇਠ 17500 ਏਕੜ ਰਕਬਾ ਵਧਾਇਆ ਗਿਆ।
ਖੇਤੀਬਾੜੀ ਵਿਭਾਗ ਵਲੋਂ ਸਾਲ 2019 ਦੌਰਾਨ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਾਜੀਤ ਖੰਨਾ ਨੇ ਦੱਸਿਆ ਕਿ ਫਸਲੀ ਵੰਨ-ਸੁਵੰਨਤਾ ਤੋਂ ਇਲਾਵਾ ਵਿਭਾਗ ਨੇ ਸਾਉਣੀ-2019 'ਚ ਵਿਆਪਕ ਪੱਧਰ 'ਤੇ ਮੁਹਿੰਮ ਚਲਾਈ, ਜਿਸ ਤਹਿਤ ਕਿਸਾਨਾਂ ਨੂੰ ਖੇਤੀ ਰਸਾਇਣ ਘਟਾਉਣ ਖਾਸ ਕਰ ਕੇ 9 ਖੇਤੀ ਰਸਾਇਣਾਂ ਦਾ ਬਾਸਮਤੀ ਦੇ ਦਾਣਿਆਂ ਦੀ ਗੁਣਵੱਤਾ 'ਤੇ ਪੈਂਦੇ ਮਾਰੂ ਪ੍ਰਭਾਵ ਬਾਰੇ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਦੇ ਉਤਸ਼ਾਹਜਨਕ ਨਤੀਜੇ ਨਿਕਲੇ ਕਿਉਂਕਿ ਬਾਸਮਤੀ ਦੀ ਫਸਲ 'ਤੇ ਰਸਾਇਣਾਂ ਦੇ ਛਿੜਕਾਅ ਦਾ ਪੱਧਰ ਘਟਿਆ। ਇਨ੍ਹਾਂ ਉਪਰਾਲਿਆਂ ਸਦਕਾ ਸੂਬੇ ਦੇ ਕਿਸਾਨ ਨੇ ਬਾਸਮਤੀ ਦੀ ਉਚ ਮਿਆਰੀ ਫਸਲ ਦਾ ਉਤਪਾਦਨ ਕੀਤਾ ਅਤੇ ਈਰਾਨ, ਜੋ ਪੰਜਾਬ ਦੀ ਬਾਸਮਤੀ ਦੀ ਮੁੱਖ ਮੰਡੀ ਹੈ, ਨੂੰ ਬਰਾਮਦ ਕਰਨ 'ਤੇ ਲੱਗੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਕਮਜ਼ੋਰ ਕੌਮਾਂਤਰੀ ਰੁਝਾਨ ਦੇ ਬਾਵਜੂਦ ਕਿਸਾਨਾਂ ਨੂੰ ਫਸਲ ਦਾ ਲਾਹੇਵੰਦ ਭਾਅ ਮਿਲਿਆ। ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਖਾਦਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਭੋਂ ਦੀ ਸਿਹਤ ਪਰਖ ਤੋਂ ਬਾਅਦ ਕਿਸਾਨਾਂ ਨੂੰ 24.30 ਲੱਖ ਭੋਂ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਲੋੜ ਮੁਤਾਬਕ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ।
ਯੂਰੀਆ ਅਤੇ ਡੀ. ਏ. ਪੀ. ਦੀ ਖਪਤ 'ਚ ਵੱਡੀ ਕਮੀ ਆਉਣ ਦਾ ਜ਼ਿਕਰ ਕਰਦਿਆਂ ਪੰਨੂੰ ਨੇ ਦੱਸਿਆ ਕਿ ਸਾਲ 2018 'ਚ ਯੂਰੀਆ ਦੀ 14.57 ਲੱਖ ਟਨ ਖਪਤ ਹੋਈ ਸੀ, ਜੋ ਸਾਲ 2019 'ਚ ਘਟ ਕੇ 13.75 ਲੱਖ ਟਨ ਰਹਿ ਗਈ, ਜਿਸ ਨਾਲ ਕਿਸਾਨਾਂ ਨੂੰ 49.20 ਕਰੋੜ ਦਾ ਲਾਭ ਪਹੁੰਚਿਆ। ਇਸੇ ਤਰ੍ਹਾਂ ਡੀ.ਏ.ਪੀ. ਦੀ ਖਪਤ 'ਚ ਵੀ 33000 ਟਨ ਦੀ ਕਮੀ ਦਰਜ ਕੀਤੀ ਗਈ ਜੋ ਸਾਲ 2019 'ਚ 1.42 ਲੱਖ ਟਨ ਰਹਿ ਗਈ ਜਦਕਿ ਸਾਲ 2018 'ਚ 1.75 ਲੱਖ ਟਨ ਦੀ ਖਪਤ ਹੋਈ ਸੀ ਜਿਸ ਨਾਲ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੂੰ 82.50 ਕਰੋੜ ਰੁਪਏ ਦਾ ਫਾਇਦਾ ਹੋਇਆ। ਸਾਉਣੀ-2019 ਦੌਰਾਨ ਕੀਟਨਾਸ਼ਕਾਂ ਦੀ ਖਪਤ ਬਾਰੇ ਵੇਰਵੇ ਦਿੰਦਿਆਂ ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਨਕਲੀ ਬੀਜਾਂ ਅਤੇ ਖੇਤੀ ਰਸਾਇਣਾਂ ਦੀ ਵਿਕਰੀ ਰੋਕਣ ਲਈ ਪੂਰੀ ਮੁਸਤੈਦੀ ਵਰਤੀ ਗਈ ਜਿਸ ਦੇ ਨਤੀਜੇ ਵਜੋਂ ਫਸਲਾਂ ਦੇ ਉਤਪਾਦਨ 'ਚ ਪਿਛਲੇ ਸਾਰੇ ਰਿਕਾਰਡ ਟੁੱਟ ਗਏ। ਪੰਨੂੰ ਨੇ ਅੱਗੇ ਦੱਸਿਆ ਕਿ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਕੀਟਨਾਸ਼ਕਾਂ ਦੀ ਵਰਤੋਂ 'ਚ 675 ਐੱਮ. ਟੀ. (ਟੈਕਨੀਕਲ ਗ੍ਰੇਡ) ਦੀ ਕਮੀ ਦਰਜ ਕੀਤੀ ਗਈ ਜਿਸ ਨਾਲ ਕਿਸਾਨਾਂ ਨੂੰ 355 ਕਰੋੜ ਰੁਪਏ ਦਾ ਲਾਭ ਹੋਇਆ ਜਦਕਿ ਸਾਉਣੀ-2018 ਦੌਰਾਨ 2000 ਕਰੋੜ ਰੁਪਏ ਦੀ ਲਾਗਤ ਨਾਲ 3838 ਐੱਮ. ਟੀ. ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ ਸੀ।
... ਹੁਣ 3 ਜਨਵਰੀ ਨੂੰ ਖੁੱਲ੍ਹਣਗੇ ਪੰਜਾਬ ਦੇ ਸਾਰੇ ਸਕੂਲ, 'ਠੰਡ' ਦੇ ਮੱਦੇਨਜ਼ਰ ਲਿਆ ਫੈਸਲਾ
NEXT STORY