ਗੁਰਦਾਸਪੁਰ (ਹਰਮਨ)- ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਮੰਤਵ ਨਾਲ ਸੂਬੇ ਅੰਦਰ ਚਾਰ ਪੜਾਵਾਂ ਵਿਚ ਝੋਨਾ ਲਾਉਣ ਦੀ ਸ਼ੁਰੂਆਤ ਕਰਨ ਸਬੰਧੀ ਇਜਾਜ਼ਤ ਦਿੱਤੀ ਗਈ ਹੈ। ਜਿਸ ਤਹਿਤ ਗੁਰਦਾਸਪੁਰ ਅਤੇ ਪਠਾਨਕੋਟ ਸਮੇਤ ਸੱਤ ਜ਼ਿਲ੍ਹਿਆਂ ਅੰਦਰ ਦੂਜੇ ਪੜਾਅ ਤਹਿਤ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਸਵੇਰ ਤੋਂ ਹੀ ਇਸ ਖ਼ੇਤਰ ਅੰਦਰ ਤਿੰਨ ਫ਼ੇਜ਼ ਬਿਜਲੀ ਸਪਲਾਈ ਆਉਣ ਕਾਰਨ ਕਿਸਾਨਾਂ ਨੇ ਪਹਿਲੇ ਦਿਨ ਹੀ ਝੋਨੇ ਦੀ ਲਵਾਈ ਲਈ ਖ਼ੇਤ ਤਿਆਰ ਕਰਨ ਦਾ ਕੰਮ ਪੂਰੇ ਜੋਸ਼ ਨਾਲ ਸ਼ੁਰੂ ਕੀਤਾ, ਜਿਸ ਕਾਰਨ ਅਨੇਕਾਂ ਕਿਸਾਨਾਂ ਵੱਲੋਂ ਪਹਿਲੇ ਦਿਨ ਹੀ ਝੋਨਾ ਲਾਇਆ ਗਿਆ ਹੈ।
ਗੁਰਦਾਸਪੁਰ ਨੇੜਲੇ ਪਿੰਡ ਬੱਬੇਹਾਲੀ ਕਿਸਾਨ ਕੁਲਦੀਪ ਸਿੰਘ ਸਮੇਤ ਹੋਰ ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਲਵਾਈ ਲਈ ਬਿਜਲੀ ਦੀ ਸਪਲਾਈ ਨਿਰਵਿਘਨ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਤਸੱਲੀ ਹੈ ਕਿ ਅੱਜ ਸਵੇਰ ਤੋਂ ਹੀ ਤਿੰਨ ਫੇਜ਼ ਬਿਜਲੀ ਸਪਲਾਈ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਵਾਅਦੇ ਅਨੁਸਾਰ ਇਸੇ ਤਰ੍ਹਾਂ ਬਿਜਲੀ ਸਪਲਾਈ ਦਿੰਦੀ ਰਹੀ ਤਾਂ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ ਅਤੇ ਉਨ੍ਹਾਂ ਨੂੰ ਟਿਊਬਵੈੱਲ ਚਲਾਉਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ।
ਇਹ ਵੀ ਪੜ੍ਹੋ- ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਥਾਪਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ
ਪ੍ਰਵਾਸੀ ਮਜ਼ਦੂਰ ਪਹੁੰਚੇ
ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਲਵਾਈ ਲਈ ਜ਼ਿਆਦਾਤਰ ਪਿੰਡਾਂ ਵਿਚ ਪ੍ਰਵਾਸੀ ਮਜ਼ਦੂਰ ਪਹੁੰਚ ਚੁੱਕੇ ਹਨ। ਜਿਨ੍ਹਾਂ ਵੱਲੋਂ ਪੂਰੇ ਜ਼ੋਰ-ਸ਼ੋਰ ਨਾਲ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਆਮ ਤੌਰ ’ਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਪ੍ਰਤੀ ਏਕੜ ਝੋਨੇ ਦੀ ਲਵਾਈ ਲਈ 3500 ਰੁਪਏ ਪ੍ਰਤੀ ਏਕੜ ਮੰਗਿਆ ਜਾ ਰਿਹਾ ਹੈ ਪਰ ਕੁਝ ਥਾਵਾਂ ’ਤੇ ਲੇਬਰ ਦੀ ਘਾਟ ਹੋਣ ਕਰਕੇ ਇਹ ਰੇਟ 4 ਹਜ਼ਾਰ ਰੁਪਏ ਤੱਕ ਵੀ ਹੈ। ਇਸਦੇ ਨਾਲ ਹੀ ਅਨੇਕਾਂ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨੂੰ ਵੀ ਤਰਜੀਹ ਦੇ ਰਹੇ ਹਨ, ਜਿਸਦਾ ਮੰਤਵ ਪਾਣੀ ਅਤੇ ਲੇਬਰ ਬਚਾਉਣਾ ਹੈ।
ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਅਹਿਮ ਖ਼ਬਰ, ਗੁਰਦਾਸਪੁਰ ਦੀਆਂ 20 ਪੰਚਾਇਤਾਂ ਨੇ ਪਾਏ ਇਹ ਮਤੇ
ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਤਰਜੀਹ
ਕਿਸਾਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਝੋਨਾ ਲਾਉਣ ਲਈ ਸਮਾਂ ਸੀਮਾ ਨਿਰਧਾਰਿਤ ਕਰ ਦਿੱਤੇ ਜਾਣ ਕਾਰਨ ਹੁਣ ਕਿਸਾਨ ਘੱਟ ਸਮੇਂ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਨੂੰ ਤਰਜੀਹ ਦੇ ਰਹੇ ਹਨ, ਜਦੋਂ ਕਿ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਕਿਸਾਨ ਹੁਣ ਤਿਆਗ ਚੁੱਕੇ ਹਨ। ਇਸਦੇ ਨਾਲ ਹੀ ਬਾਸਮਤੀ ਦੀ ਕਾਸ਼ਤ ਕਰਨ ਸਬੰਧੀ ਵੀ ਕਿਸਾਨਾਂ ਦਾ ਰੁਝਾਨ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਦਿਖਾਈ ਦੇ ਰਿਹਾ ਹੈ। ਇਸ ਵਾਰ ਬਹੁਤੇ ਕਿਸਾਨਾਂ ਵੱਲੋਂ ਬੀਜੀ ਗਈ ਝੋਨੇ ਦੀ ਪਨੀਰੀ ਤਿਆਰ ਹੋ ਚੁੱਕੀ ਹੈ। ਇਸ ਕਾਰਨ ਆਉਣ ਵਾਲੇ ਕੁਝ ਹੀ ਦਿਨਾਂ ’ਚ ਝੋਨੇ ਦੀ ਲਵਾਈ ਦਾ ਕੰਮ ਪੂਰੇ ਜੋਬਨ ’ਤੇ ਹੋਵੇਗਾ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ
ਪਹਿਲੇ ਦਿਨ ਹੀ ਭਰੇ ਨਹਿਰੀ ਸੂਏ
ਇਸ ਵਾਰ ਕਿਸਾਨ ਇਸ ਗੱਲ ਨੂੰ ਲੈ ਕੇ ਵੀ ਸੰਤੁਸ਼ਟ ਹਨ ਕਿ ਝੋਨੇ ਦੀ ਲਵਾਈ ਦੇ ਪਹਿਲੇ ਦਿਨ ਹੀ ਨਹਿਰੀ ਪਾਣੀ ਕਿਸਾਨਾਂ ਦੇ ਖ਼ੇਤਾਂ ’ਚ ਪਹੁੰਚ ਗਿਆ ਹੈ। ਪਿੰਡ ਬੱਬੇਹਾਲੀ ਦੇ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਕਾਰਨ ਹੁਣ ਰਜਬਾਹਿਆਂ ਦੀ ਸਫ਼ਾਈ ਵੀ ਕੀਤੀ ਗਈ ਹੈ ਅਤੇ ਨਹਿਰੀ ਪਾਣੀ ਦੇ ਜੋ ਖਾਲ ਕਿਸਾਨਾਂ ਨੇ ਖੇਤਾਂ ’ਚ ਮਿਲਾ ਲਏ ਸਨ। ਉਨ੍ਹਾਂ ’ਚੋਂ ਅਨੇਕਾਂ ਖਾਲ ਮੁੜ ਬਹਾਲ ਕਰ ਦਿੱਤੇ ਗਏ ਹਨ, ਜਿਸ ਕਾਰਨ ਅੱਜ ਇਨ੍ਹਾਂ ਖਾਲਾਂ ’ਚ ਪਾਣੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਘੱਟ ਹੋਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਚਾਵਾਂ ਨਾਲ ਕੈਨੇਡਾ ਭੇਜੇ ਪੁੱਤ ਨੂੰ ਲੈ ਕੇ ਆਏ ਫੋਨ ਨੇ ਘਰ 'ਚ ਵਿਛਾਏ ਸੱਥਰ, ਮਾਂ ਨੂੰ ਪੈਣ ਲੱਗੀਆਂ ਦੰਦਲਾਂ
NEXT STORY